ਇਬਾਦਤ ਖ਼ਾਨਾ
ਅਜ਼:
ਟੀਪੂ ਸਲਮਾਨ ਮਖ਼ਦੂਮ
1581
ਫ਼ਤਿਹਪੁਰ ਸੀਕਰੀ
ਅਕਬਰ ਦੀ ਪੁਰਤਗਾਲੀ ਵਹੁਟੀ ਮਾਰੀਆ ਉਹਦੀ ਗੋਦ ਵਿੱਚ ਬੈਠੀ ਚਹਿਲ ਕਦਮੀ ਪਈ ਕਰਦੀ ਸੀ। ਅਕਬਰ ਦਾ ਜੀਅ ਨਹੀਂ ਸੀ ਕਰ ਰਿਹਾ ਉਹਨੂੰ ਛੱਡ ਕੇ ਜਾਣ ਦਾ, ਪਰ ਜਾਣਾ ਵੀ ਜ਼ਰੂਰੀ ਸੀ; ਇਬਾਦਤ ਖ਼ਾਨੇ ਵਿੱਚ ਸਾਰੇ ਆਲਮ ਉਹਨੂੰ ਉਡੀਕਦੇ ਪਏ ਸਨ।
"ਬੱਸ ਕਰ ਜਾਨ, ਮੈਨੂੰ ਹੁਣ ਜਾਣ ਦੇ। ਅੱਜ ਰਾਤ ਮੈਂ ਇਬਾਦਤ ਖ਼ਾਨੇ ਵਿੱਚ ਲੰਘਾਉਣੀ ਹੈ।" ਮੁਗ਼ਲ ਸ਼ਹਿਨਸ਼ਾਹ ਅਕਬਰ ਨੇ ਪਿਆਰ ਨਾਲ ਮਾਰੀਆ ਦੀ ਲਚਕੀਲੀ ਤੇ ਮੁਲਾਇਮ ਨੰਗੀ ਵੱਖੀ 'ਤੇ ਹੱਥ ਰੱਖ ਕੇ ਉਹਨੂੰ ਇੱਕ ਪਾਸੇ ਕਰਨ ਦੀ ਕੋਸ਼ਿਸ਼ ਕੀਤੀ।
ਮਾਰੀਆ ਉਹਨੂੰ ਹੋਰ ਚੰਬੜ ਕੇ ਬਹਿ ਗਈ ਅਤੇ ਆਪਣੇ ਰਸੀਲੇ ਬੁੱਲ੍ਹ ਬਾਦਸ਼ਾਹ ਦੀ ਮੋਟੀ ਜਾਨਦਾਰ ਧੌਣ ਉੱਤੇ ਰੱਖ ਦਿੱਤੇ। ਅਕਬਰ ਨੂੰ ਜਾਪਿਆ ਜਿਵੇਂ ਕਿਸੇ ਨੇ ਮਲਾਈ ਦਾ ਪੇੜਾ ਉਹਦੀ ਧੌਣ 'ਤੇ ਰੱਖ ਦਿੱਤਾ ਹੋਵੇ।
"ਨਹੀਂ ਸ਼ਹਿਨਸ਼ਾਹ, ਅੱਜ ਮੈਂ ਤੁਹਾਨੂੰ ਨਹੀਂ ਜਾਣ ਦੇਣਾ। ਅੱਜ ਮੇਰਾ ਬਦਨ ਅੱਗ 'ਤੇ ਪਿਆ ਸੜਦਾ ਹੈ। ਅੱਜ ਮੈਂ ਤੁਹਾਡੇ ਸ਼ਾਹੀ ਸਾਗਰ ਤੋਂ ਆਪਣੀ ਅੱਗ ਬੁਝਾਵਾਂਗੀ।"
ਅਕਬਰ ਨੂੰ ਹਾਸਾ ਆ ਗਿਆ। ਇਹੋ ਜਿਹੀਆਂ ਖ਼ਰਮਸਤੀਆਂ ਕੋਈ ਯੂਰਪੀ ਸੁਆਣੀ ਹੀ ਕਰ ਸਕਦੀ ਸੀ।
"ਅੱਜ ਨਹੀਂ ਮੇਰੀ ਜਾਨ, ਅੱਜ ਕੰਮ ਹੈ। ਕੱਲ੍ਹ ਤੂੰ ਮੇਰੀ ਮਲਕਾ ਹੋਵੇਂਗੀ ਅਤੇ ਮੈਂ ਤੇਰਾ ਗ਼ੁਲਾਮ। ਜੋ ਆਖੇਂਗੀ ਮੈਂ ਕਰਾਂਗਾ। ਹੁਣ ਮੈਨੂੰ ਜਾਣ ਦੇ।"
ਪਰ ਮਾਰੀਆ ਦਾ ਜਨੂੰਨ ਅੱਜ ਕਾਬੂ ਤੋਂ ਬਾਹਰ ਸੀ। ਕਿੰਨੇ ਚਿਰ ਪਿੱਛੋਂ ਤੇ ਅਕਬਰ ਉਹਦੇ ਮਹਿਲ ਵਿੱਚ ਸੌਣ ਆਇਆ ਸੀ।
"ਨਹੀਂ ਬਾਦਸ਼ਾਹ। ਅੱਜ ਤੇ ਮੈਂ
ਤੁਹਾਨੂੰ ਆਪਣੇ ਭੀਤਰ (ਅੰਦਰ) ਲੁਕਾ ਕੇ ਰੱਖਾਂਗੀ। ਅੱਜ ਤੁਹਾਨੂੰ ਮੇਰੇ ਕੋਲੋਂ ਕੋਈ ਨਹੀਂ ਛੁਡਾ ਸਕਦਾ। ਜੇ ਤੁਸੀਂ ਅੱਜ ਮੈਨੂੰ ਛੱਡ ਕੇ ਤੁਰ ਗਏ ਤਾਂ ਮੈਂ ਆਪਣੇ ਨੂੰ ਫ਼ਾਹੇ ਲਾ ਲਵਾਂਗੀ।" ਮਾਰੀਆ ਰੋਣ ਹਾਕੀ ਹੋ ਗਈ।
ਅੰਦਰੋਂ ਅਕਬਰ ਦਾ ਵੀ ਜੀਅ ਨਹੀਂ ਸੀ ਕਰ ਰਿਹਾ ਉਹਨੂੰ ਛੱਡ ਕੇ ਜਾਣ ਦਾ, ਪਰ ਕੀਹ ਹੋ ਸਕਦਾ ਸੀ। ਸਾਰੇ ਉਲਮਾ ਬੈਠੇ ਉਹਨੂੰ ਉਡੀਕ ਰਹੇ ਸਨ।
"ਅੱਜ ਦੀ ਮੁਆਫ਼ੀ ਦੇ ਦੇ ਮੇਰੀ ਸੋਹਣੀ ਮਲਕਾ, ਮੈਂ ਮਜਬੂਰ ਹਾਂ। ਬਾਦਸ਼ਾਹੀ ਕੋਈ ਸੌਖਾ ਕੰਮ ਨਹੀਂ।"
"ਜੇ ਸ਼ਹਿਨਸ਼ਾਹ ਇੱਕ ਰਾਤ ਵੀ ਆਪਣੀ ਮਰਜ਼ੀ ਨਾਲ ਆਪਣੀ
ਮਲਕਾ ਨੂੰ ਪਿਆਰ ਨਹੀਂ ਕਰ ਸਕਦਾ ਤਾਂ ਕੀਹ ਫ਼ਾਇਦਾ ਐਸੀ ਸ਼ਹਿਨਸ਼ਾਹੀ ਦਾ। ਚੁੱਲ੍ਹੇ ਵਿੱਚ ਜਾਵੇ ਐਸੀ ਬਾਦਸ਼ਾਹੀ।"
ਅਕਬਰ ਨੂੰ ਫਿਰ ਹਾਸਾ ਆ ਗਿਆ।
ਉਂਝ ਕਹਿੰਦੀ ਤੇ ਠੀਕ ਸੀ। ਅਕਬਰ ਵੀ ਅੱਜ ਮਲਕਾ ਦੀਆਂ ਉੱਭਰੀਆਂ ਛਾਤੀਆਂ ਤੇ ਭਰੀਆਂ ਰਾਨਾਂ (ਪੱਟਾਂ) ਲਈ ਲਲਚਾਇਆ ਪਿਆ ਹੁੰਦਾ ਸੀ ਤੇ ਮਲਕਾ ਵੀ ਅਠਖੇਲੀਆਂ ਪਈ ਕਰਦੀ ਸੀ। ਕਿੰਨੇ ਚਿਰ ਪਿੱਛੋਂ ਤੇ ਮਾਰੀਆ ਨਾਲ ਸੰਜੋਗ ਦੀ ਵਾਰੀ ਆਈ ਸੀ।
"ਮਲਕਾ, ਕੱਲ੍ਹ ਸਾਰੀ ਰਾਤ ਮੈਂ ਤੇਰੇ ਨਾਲ ਹੀ ਰਹਾਂਗਾ, ਵਾਅਦਾ। ਅੱਜ ਮੈਨੂੰ
ਜਾਣ ਦੇ।"
ਅਕਬਰ ਨੇ ਬੇ-ਦਿਲੀ ਨਾਲ ਆਖ਼ਰੀ ਕੋਸ਼ਿਸ਼ ਕੀਤੀ, ਪਰ ਅੱਜ ਮਲਕਾ ਨਹੀਂ ਸੀ ਮੰਨਦੀ। ਅੱਜ ਉਹਨੇ
ਬਾਦਸ਼ਾਹ ਦੇ ਰਸ ਤੋਂ ਆਪਣੀ ਤ੍ਰੇਹ (ਪਿਆਸ) ਬੁਝਾਉਣ ਦੀ ਠਾਣ ਲਈ ਸੀ।
ਸ਼ਿਕਾਰ ਦਾ ਰਸੀਆ, ਹਾਥੀਆਂ ਨਾਲ ਹੱਥੀਂ ਘੋਲ ਪਾਉਣ ਦਾ ਸ਼ੌਕੀਨ ਅਕਬਰ ਅਜੇ ਚਾਲ੍ਹੀਆਂ ਦਾ ਨਹੀਂ ਸੀ ਹੋਇਆ।
ਲੰਡਨ
ਵਜ਼ੀਰ-ਏ-ਆਜ਼ਮ ਵਿਲੀਅਮ ਸਿਸਲ ਲੰਡਨ ਦੇ ਵਾਈਟ ਹਾਲ ਮਹਿਲ ਦੇ ਠੰਢੇ ਅਤੇ ਹਨੇਰੇ ਲਾਂਘੇ ਨੂੰ ਟੱਪਦਾ ਦਰਬਾਰ ਵਿੱਚ ਹੋਏ ਫ਼ੈਸਲਿਆਂ ਬਾਰੇ ਸੋਚਦਾ ਪਿਆ ਸੀ। ਮਲਕਾ ਨੇ ਜ਼ਰੂਰ ਉਹਨੂੰ ਸਲਤਨਤ-ਏ-ਉਸਮਾਨੀਆ ਨਾਲ ਤਿਜਾਰਤ ਬਾਰੇ ਮਸ਼ਵਰਾ ਕਰਨ ਲਈ ਬੁਲਾਇਆ ਹੋਣਾ। ਲਾਂਘੇ ਵਿੱਚ ਮੋਟੇ-ਮੋਟੇ ਹਿੰਦੁਸਤਾਨੀ, ਈਰਾਨੀ ਤੇ ਤੁਰਕ ਕਾਲੀਨ ਵਿਛੇ ਸਨ, ਫਿਰ ਵੀ ਠੰਢ ਉਹਦੀਆਂ ਵੱਖੀਆਂ (ਪਾਸਿਆਂ) ਵਿੱਚ ਵੜਦੀ ਜਾਂਦੀ ਸੀ।
"ਮਲਕਾ ਨੇ ਤੁਰਕੀ ਨਾਲ ਤਿਜਾਰਤ ਲਈ 'ਕੰਪਨੀ ਬਹਾਦਰ' ਤੇ ਬਣਾ ਦਿੱਤੀ ਹੈ, ਹੁਣ ਮਸ਼ਵਰਾ ਕੀਹ ਕਰਨਾ ਹੈ।" ਸਿਸਲ ਨੇ ਖਿੱਝ ਕੇ ਸੋਚਿਆ।
ਲਾਂਘੇ ਦੀ ਛੱਤ ਉੱਚੀ ਸੀ ਤੇ ਕੰਧਾਂ ਛੱਤ ਤੱਕ ਲੱਕੜ ਦੀਆਂ ਪਲਾਈਆਂ (ਤਖ਼ਤਿਆਂ) ਨਾਲ ਛੱਤੀਆਂ ਹੋਈਆਂ ਸਨ। ਕੰਧਾਂ ਉੱਤੇ ਥਾਂ-ਥਾਂ ਤਸਵੀਰਾਂ ਲੱਗੀਆਂ ਸਨ ਅਤੇ ਹਰ ਚਾਰ ਕਦਮ ਪਿੱਛੋਂ ਯਾਂ (ਜਾਂ) ਕੋਈ ਮੇਜ਼ ਪਈ ਸੀ ਯਾਂ (ਜਾਂ) ਮੁਜੱਸਮਾ। ਉਹ ਧਿਆਨ ਰੱਖਦਾ ਲੱਕ (ਕਮਰ) ਨਾਲ ਬੱਝੀ ਤਲਵਾਰ ਦੀ ਮਿਆਨ ਕਿਸੇ ਸ਼ੈਅ ਨੂੰ ਵੱਜ ਨਾ ਜਾਵੇ। ਬਾਹਰ ਫਿਰ ਬਰਫ਼ਬਾਰੀ ਸ਼ੁਰੂ ਹੋ ਚੱਲੀ ਸੀ, ਸੋ ਉਹਦੇ ਚਮੜੇ ਦੇ ਜੁੱਤੇ ਭਿੱਜੇ ਪਏ ਸਨ। ਉਹਦੀ ਚਿੱਟੀ ਦਾੜ੍ਹੀ ਠੋਡੀ ਤੇ ਕੰਨਾਂ ਤੱਕ ਆਉਂਦੇ ਚਿੱਟੇ ਕਾਲਰ ਵਿੱਚੋਂ ਬਾਹਰ ਸੀ। ਲਾਂਘੇ ਤੋਂ ਬਾਹਰ ਖਲੋਤੇ ਦਰਬਾਨ ਪਿੱਛੋਂ ਇਹ ਦੂਜਾ ਦਰਬਾਨ ਦਿਸਿਆ ਸੀ ਜਿਹੜਾ ਮਲਕਾ ਦੇ ਕਮਰੇ ਬਾਹਰ ਖਲੋਤਾ ਸੀ। ਦਰਬਾਨ ਨੇ ਵਜ਼ੀਰ-ਏ-ਆਜ਼ਮ ਨੂੰ ਝੁਕ ਕੇ ਸਲਾਮ ਕੀਤਾ ਤੇ ਕੁਝ ਪੁੱਛੇ ਦੱਸੇ ਬਿਨਾਂ ਹੀ ਬੂਹੇ ਦਾ ਇੱਕ ਪੱਲ੍ਹਾ ਅੱਧਾ ਖੋਲ੍ਹ ਕੇ ਆਵਾਜ਼ ਲਾਈ।
"ਵਜ਼ੀਰ-ਏ-ਆਜ਼ਮ ਵਿਲੀਅਮ ਸਿਸਲ ਆਏ ਨੇ।"
ਅੰਦਰੋਂ ਖ਼ਾਦਮਾ ਦੀ ਆਵਾਜ਼ ਆਈ। "ਆਉਣ ਦਿਓ।"
ਦਰਬਾਨ ਨੇ ਬੂਹੇ ਦੇ ਪੱਲ੍ਹੇ ਨੂੰ ਧੱਕਾ ਮਾਰਿਆ। ਲੱਕੜ ਦਾ ਲੰਮਾ-ਚੌੜਾ ਤੇ ਭਾਰੀ ਪੱਲ੍ਹਾ ਪੌਣਾ ਕੁ ਖੁੱਲ੍ਹ ਗਿਆ। ਸਿਸਲ ਨੇ ਆਪਣਾ ਚੌੜਾ ਗੂੜ੍ਹਾ ਹਰਾ ਰੇਸ਼ਮੀ ਫ਼ਰਾਕ ਅਤੇ ਉੱਤੇ ਪਾਇਆ ਗਰਮ ਕਲੇਜੀ ਰੰਗ ਦਾ ਗਰਮ ਚੋਗ਼ਾ ਸਮੇਟਿਆ ਤੇ ਅੰਦਰ ਵੜ ਗਿਆ।
ਵੱਡਾ ਕਮਰਾ ਵੀ ਕਾਲੀਨਾਂ ਤੇ ਲੱਕੜ ਦੀਆਂ ਪਲਾਈਆਂ (ਤਖ਼ਤਿਆਂ) ਨਾਲ ਢਕਿਆ ਸੀ। ਇੱਕ ਪਾਸੇ ਮਲਕਾ ਦਾ ਪਲੰਘ ਲੱਗਿਆ ਸੀ ਤੇ ਦੂਜੇ ਪਾਸੇ ਇੱਕ ਮੇਜ਼ ਤੇ ਕੁਰਸੀ ਪਈ ਸੀ। ਸਾਹਮਣੇ ਆਤਿਸ਼ਦਾਨ ਵਿੱਚ ਭੜਕਦੀ ਅੱਗ ਅੱਗੇ ਪਈ ਕੁਰਸੀ 'ਤੇ ਮਲਕਾ ਐਲਿਜ਼ਾਬੈਥ ਪਹਿਲੀ ਬੈਠੀ ਸੀ ਅਤੇ ਨਾਲ ਇੱਕ ਖ਼ਾਦਮਾ ਖਲੋਤੀ ਸੀ। ਅੱਗ ਵੇਖ ਕੇ ਚਿੱਟੇ ਤੰਗ ਪਾਜਾਮੇ ਵਿੱਚ ਠਰ੍ਹਦੀਆਂ ਸਿਸਲ ਦੀਆਂ ਪਿੰਨੀਆਂ (ਪਿੰਡਲੀਆਂ) ਹੋਰ ਵੀ ਠਰ੍ਹ ਗਈਆਂ।
ਲੰਮੇ-ਲੰਮੇ ਡੰਗ ਭਰਦਾ ਸਿਸਲ ਅੱਗ ਦੇ ਬਿਲਕੁਲ ਨੇੜੇ ਤੁਰ ਗਿਆ। ਫਿਰ ਉਹਨੂੰ ਅਹਿਸਾਸ ਹੋਇਆ ਕਿ ਐਥੋਂ ਮਲਕਾ ਨੂੰ ਝੁਕ ਕੇ ਸਲਾਮ ਕਰਨਾ ਔਖਾ ਹੋ ਜਾਣਾ। ਉਹ ਦੋ ਕਦਮ ਪਿੱਛੇ ਹੋਇਆ, ਝੁਕ ਕੇ ਸਲਾਮ ਕੀਤਾ ਫਿਰ ਇੱਕ ਕਦਮ ਅੱਗੇ ਆ ਕੇ ਇੱਕ ਗੋਡਾ ਥੱਲੇ ਟਿਕਾ ਕੇ ਬਹਿ ਗਿਆ।
ਮਲਕਾ ਨੇ ਆਪਣਾ ਸੱਜਾ ਹੱਥ ਅੱਗੇ ਕੀਤਾ ਜਿਹਨੂੰ ਚੁੰਮਣ ਲਈ ਸਿਸਲ ਨੇ ਫੜ੍ਹ ਲਿਆ। ਮਲਕਾ ਨੇ ਸਿਸਲ ਦੀਆਂ ਉਂਗਲਾਂ ਘੁੱਟ ਕੇ ਫੜ੍ਹ ਲਈਆਂ। ਸਿਸਲ ਉੱਥੇ ਹੀ ਜੰਮ ਗਿਆ ਤੇ ਉਹਨੇ ਆਪਣੀ ਮੁਸਕਾਨ ਮੁਸ਼ਕਿਲ ਨਾਲ ਦੱਬ ਲਈ। ਕੁਆਰੀ ਮਲਕਾ ਦੀਆਂ ਧੜਕਣਾਂ ਤੇਜ਼ ਸਨ। ਇਸ ਉਮਰੇ ਵੀ ਸਿਸਲ ਜਿਹੇ ਪਰਸ਼ਕੋਹ ਮਰਦ ਵੇਖ ਕੇ ਮਲਕਾ ਦਾ ਦਿਲ ਪਸੀਜ ਜਾਂਦਾ ਸੀ। ਦਰਬਾਰ ਵਿੱਚ ਮਲਕਾ ਦੀਆਂ ਇੰਜ (ਅਜਿਹੀਆਂ) ਖ਼ਰਮਸਤੀਆਂ ਮਸ਼ਹੂਰ ਸਨ, ਪਰ ਸਭ ਨੂੰ ਪਤਾ ਸੀ ਮਲਕਾ ਇੰਜ (ਅਜਿਹੀਆਂ) ਸ਼ਰਾਰਤਾਂ ਨਿਰੀਆਂ ਆਪਣਾ ਦਿਲ ਪਸ਼ੋਰੀ (ਬਹਿਲਾਉਣ) ਕਰਨ ਲਈ ਕਰਦੀ ਸੀ। ਇਸ ਤੋਂ ਅੱਗੇ ਕੁਝ ਨਹੀਂ ਸੀ। ਖ਼ਾਦਮਾ ਦੀ ਮੌਜੂਦਗੀ ਵਿੱਚ ਇਹ ਹਰਕਤ ਕੋਈ ਪੈਗ਼ਾਮ ਨਹੀਂ, ਨਿਰੀ ਸ਼ਰਾਰਤ ਸੀ। ਮਲਕਾ ਸ਼ਰਾਰਤ ਨਾਲ ਮੁਸਕਾਉਂਦੀ ਰਹੀ। ਦੋ ਕੁ ਮਿੰਟ ਹੱਥ ਘੁੱਟ ਕੇ ਮਲਕਾ ਨੇ ਪਕੜ ਢਿੱਲੀ ਕਰ ਦਿੱਤੀ। ਕੁਆਰਾ ਸ਼ਾਹੀ ਹੱਥ ਚੁੰਮ ਕੇ ਸਿਸਲ ਫਿਰ ਖਲੋ ਗਿਆ।
ਮਲਕਾ ਨੇ ਖ਼ਾਦਮਾ ਨੂੰ ਮੇਜ਼ ਵਾਲੀ ਕੁਰਸੀ ਲਿਆਉਣ ਦਾ ਆਖਿਆ। ਕੁਰਸੀ ਆ ਗਈ
ਤੇ ਖ਼ਾਦਮਾ ਨੂੰ ਬਾਹਰ ਜਾਣ ਦਾ ਕਹਿ ਕੇ ਮਲਕਾ ਨੇ ਸਿਸਲ ਨੂੰ ਬਹਿਣ ਦਾ ਇਸ਼ਾਰਾ ਕੀਤਾ। ਕੁਰਸੀ ਅੱਗ ਤੋਂ ਜ਼ਰਾ ਦੂਰ ਸੀ ਤੇ ਸਿਸਲ ਅਜੇ ਵੀ ਠਰ੍ਹਦਾ ਪਿਆ ਸੀ। ਉਹਨੇ ਕੁਰਸੀ ਚੁੱਕ ਕੇ ਅੱਗ ਦੇ ਨੇੜੇ ਕੀਤੀ ਤੇ ਮਲਕਾ ਸਾਹਮਣੇ ਬਹਿ ਗਿਆ।
"ਜੀ ਮਲਕਾ, ਤੁਸੀਂ ਸਲਤਨਤ-ਏ-ਉਸਮਾਨੀਆ ਨਾਲ ਤਿਜਾਰਤ ਬਾਰੇ ਮਸ਼ਵਰਾ ਕਰਨਾ ਜੇ (ਚਾਹੁੰਦੇ ਹੋ)?"
"ਨਹੀਂ ਸਿਸਲ, ਉਹ ਤੇ ਮੈਂ 'ਤੁਰਕੀ ਕੰਪਨੀ' ਦਾ ਚਾਰਟਰ ਦਸਤਖ਼ਤ ਕਰ ਦਿੱਤਾ ਹੈ। ਹੁਣ ਤਿਜਾਰਤ ਸ਼ੁਰੂ ਹੋਵੇਗੀ ਤੇ ਵੇਖਦੇ ਹਾਂ ਕੀਹ ਹੁੰਦਾ ਹੈ।"
"ਚੰਗਾ ਹੀ ਹੋਵੇਗਾ ਮਲਕਾ, ਬਹਿਰ-ਏ-ਹਿੰਦ ਤੇ ਬਹਿਰ-ਏ-ਰੋਮ ਵਿੱਚ ਹਿਸਪਾਨਵੀ ਤੇ ਪੁਰਤਗੇਜ਼ੀ ਬਹਿਰੀ ਜਹਾਜ਼ਾਂ ਤੋਂ ਉਸਮਾਨੀ ਖ਼ਲੀਫ਼ਾ ਵੀ ਪਰੇਸ਼ਾਨ ਹੈ ਤੇ ਅਸੀਂ ਵੀ। ਹਿੰਦੁਸਤਾਨ ਤੋਂ ਯੂਰਪ ਵਿੱਚ ਸਾਰੀ ਤਿਜਾਰਤ 'ਤੇ ਤੇ ਇਹੀ ਮੱਲ ਮਾਰੀ ਬੈਠੇ ਨੇ।"
"ਤੇਰੇ ਖ਼ਦਸ਼ੇ ਜਾਇਜ਼ ਨੇ ਸਿਸਲ। ਇਹ ਦੋਵੇਂ ਪਹਿਲਾਂ ਹੀ ਬਹਿਰ-ਏ-ਰੋਮ ਤੇ ਯੂਰਪ ਦੇ ਜ਼ਮੀਨੀ ਰਸਤਿਆਂ 'ਤੇ ਮੱਲ ਮਾਰ ਕੇ ਉਸਮਾਨੀ ਤਿਜਾਰਤ ਨੂੰ ਸੱਟ ਪਏ ਲਾਉਂਦੇ ਸਨ। ਹੁਣ ਜਦੋਂ ਦਾ ਵਾਸਕੋ ਡੀ ਗਾਮਾ ਨੇ ਬਹਿਰ-ਏ-ਹਿੰਦ ਦਾ ਸਮੁੰਦਰੀ ਰਸਤਾ ਵੀ ਲੱਭ ਲਿਆ ਹੈ, ਗੱਲ ਹੋਰ ਵੱਧ ਗਈ ਹੈ। ਪੁਰਤਗਾਲੀ ਹੁਣ ਹਿੰਦੁਸਤਾਨ ਦੀ ਗੋਆ ਦੀ ਬੰਦਰਗਾਹ 'ਤੇ ਜਾ ਬੈਠੇ ਨੇ ਜਿਹਦੀ ਵਜ੍ਹਾ ਤੋਂ ਉਸਮਾਨੀ ਤਿਜਾਰਤ ਹੋਰ ਘਟਦੀ ਜਾਂਦੀ ਹੈ। ਇਸ ਲਈ ਤੁਰਕੀ ਸਾਡਾ ਸਾਥ ਜ਼ਰੂਰ ਦੇਵੇਗਾ।"
"ਜੀ ਮਲਕਾ, ਅਜੇ ਤੱਕ ਤੇ ਖ਼ਲੀਫ਼ਾ ਮੈਨੂੰ ਸਿਆਣਾ ਹੀ ਲੱਗਦਾ ਹੈ।"
"ਹਾਂ," ਮਲਕਾ ਨੇ ਸਿਸਲ ਤੋਂ ਵੀ ਵੱਧ ਫੁੱਲਿਆ ਆਪਣਾ ਕਾਸਨੀ ਫੁੱਲਦਾਰ ਫ਼ਰਾਕ ਜ਼ਰਾ ਠੀਕ ਕਰਦਿਆਂ ਕਿਹਾ, "ਸਿਆਣਾ ਹੀ ਲੱਗਦਾ ਹੈ, ਪਰ ਮੈਂ ਖ਼ਲੀਫ਼ਾ ਤੋਂ ਵੱਧ ਉਹਦੀ ਮਲਕਾ 'ਤੇ ਭਰੋਸਾ ਕੀਤੇ ਬੈਠੀ ਹਾਂ।"
"ਜੀ ਮਲਕਾ, ਸਫ਼ੀਆ ਸੁਲਤਾਨ ਯੂਰਪੀ ਵੀ ਹੈ, ਸਿਆਣੀ ਵੀ ਤੇ ਉਹਦਾ ਅਸਰ ਰਸੂਖ਼ ਵੀ ਦਰਬਾਰ ਵਿੱਚ ਬਹੁਤਾ (ਜ਼ਿਆਦਾ) ਹੈ।"
ਇਹ ਸਾਰੀਆਂ ਗੱਲਾਂ ਉਹ 'ਤੁਰਕੀ ਕੰਪਨੀ' ਨੂੰ ਚਾਰਟਰ ਦੇਣ ਦੇ ਫ਼ੈਸਲੇ ਦੌਰਾਨ ਕਈ ਵਾਰੀ ਕਰ ਚੁੱਕੇ ਸਨ ਤੇ ਹੁਣ ਸਿਸਲ ਫਿਰ ਉਹੀ ਗੱਲਾਂ ਕਰਦਾ ਖਿਝਦਾ ਜਾਂਦਾ ਸੀ।
"ਮਲਕਾ ਹੁਣ ਤੁਸੀਂ ਕਿਹੜੇ ਮੁੱਦੇ 'ਤੇ ਗੱਲ ਕਰਨੀ ਜੇ (ਚਾਹੁੰਦੇ ਹੋ)?"
ਮਲਕਾ ਕੁਝ ਚਿਰ ਚੁੱਪ ਰਹੀ। ਅੱਗ ਦੀ ਪੀਲੀ ਰੋਸ਼ਨੀ ਉਹਦੇ ਬਹੁਤ ਹੀ ਚਿੱਟੇ ਮੂੰਹ ਨੂੰ ਪੀਲਾ ਪਈ ਕਰਦੀ ਸੀ। ਸਿਸਲ ਸਮਝ ਗਿਆ ਕਿ ਮਲਕਾ ਦੇ ਦਿਮਾਗ਼ ਵਿੱਚ ਕੁਝ ਵੱਡਾ ਚੱਲਦਾ ਪਿਆ ਹੈ। ਉਹਨੇ ਦਿਮਾਗ਼ ਜ਼ਰਾ ਕੁ ਹੋਰ ਹਾਜ਼ਰ ਕੀਤਾ ਅਤੇ ਉਡੀਕਣ ਲੱਗਾ ਵੇਖੋ, ਹੁਣ ਕਿਹੜਾ ਨਵਾਂ ਸ਼ਗੂਫ਼ਾ ਛੱਡਦੀ ਹੈ ਮਲਕਾ।
"ਮੈਂ ਚਾਹੁੰਦੀ ਹਾਂ ਤੂੰ ਕਿਸੇ ਸਿਆਣੇ ਬੰਦੇ ਨੂੰ ਹਿੰਦੁਸਤਾਨ ਭੇਜੇ।"
ਗੱਲ ਸਿਸਲ ਦੇ ਪੱਲੇ ਪਈ ਨਾ। ਇਹ ਕੀਹ ਪਈ ਕਹਿੰਦੀ ਹੈ? ਪਰ ਉਹ ਬੋਲਿਆ ਕੁਝ ਨਾ।
"ਮੈਂ ਚਾਹੁੰਦੀ ਹਾਂ ਕੋਈ ਭੇਸ ਬਦਲ ਕੇ ਹਿੰਦੁਸਤਾਨ ਜਾਵੇ, ਮੁਗ਼ਲ ਸ਼ਹਿਨਸ਼ਾਹ ਅਕਬਰ ਨੂੰ ਮਿਲੇ ਤੇ ਉਹਨੂੰ ਮਨਾਵੇ ਕਿ ਉਹ ਪੁਰਤਗਾਲੀਆਂ ਨੂੰ ਆਪਣੇ ਮੁਲਕ ਵਿੱਚੋਂ ਕੱਢੇ।"
ਸਿਸਲ ਹੁਣ ਵੀ ਚੁੱਪ ਰਿਹਾ, ਪਰ ਉਹਦਾ ਦਿਮਾਗ਼ ਭੰਬੀਰੀ (ਭੰਬੂਤੜੇ) ਵਾਂਗ ਚੱਲਣ ਲੱਗ ਪਿਆ ਸੀ। ਮਲਕਾ ਠੀਕ ਪਈ ਸੋਚਦੀ ਸੀ। ਅਕਬਰ ਇੱਕ ਖੁੱਲ੍ਹੇ ਦਿਮਾਗ਼ ਦਾ ਬਾਦਸ਼ਾਹ ਸੀ ਜਦ ਕਿ ਪੁਰਤਗਾਲੀ ਕੱਟੜ ਯਸੂਈ ਕੈਥੋਲਿਕ ਸਨ। ਇਸ ਗੱਲ 'ਤੇ ਅਕਬਰ ਨੂੰ ਉਨ੍ਹਾਂ ਦੇ ਖ਼ਿਲਾਫ਼ ਕੀਤਾ ਜਾ ਸਕਦਾ ਸੀ।
ਪੁਰਤਗਾਲੀ ਹਿੰਦੁਸਤਾਨ ਵਿੱਚ ਗੋਆ ਦੀ ਬੰਦਰਗਾਹ 'ਤੇ ਕਲੋਨੀ ਬਣਾ ਕੇ ਮਨਮਾਨੀ ਕਰਦੇ ਸਨ। ਜਹਾਜ਼ਰਾਨੀ ਵਿੱਚ ਮੁਗ਼ਲਾਂ ਤੋਂ ਬਿਹਤਰੀ ਬਾਝੋਂ (ਕਾਰਨ) ਬਹਿਰ-ਏ-ਅਰਬ ਦੀ ਤਿਜਾਰਤ 'ਤੇ ਵੀ ਉਨ੍ਹਾਂ ਦਾ ਕਬਜ਼ਾ ਸੀ। ਜੇ ਹਿੰਦੁਸਤਾਨ ਤੇ ਯੂਰਪ ਵਿਚਕਾਰ ਤਿਜਾਰਤ ਅੰਗਰੇਜ਼ਾਂ ਦੇ ਹੱਥ ਆ ਜਾਵੇ ਤਾਂ ਉਹ ਅਕਬਰ ਨੂੰ ਚੋਖ਼ਾ ਟੈਕਸ ਦੇਣਗੇ ਜਿਸ ਵਿੱਚ ਅਕਬਰ ਦਾ ਫ਼ਾਇਦਾ ਹੀ ਫ਼ਾਇਦਾ ਹੈ, ਉਹ ਅੰਗਰੇਜ਼ਾਂ ਨਾਲ ਰਲ ਸਕਦਾ ਸੀ। ਇਸ ਵੇਲੇ ਉਸਮਾਨੀਆਂ ਦੇ ਤਅੱਲੁਕਾਤ ਨਾ ਮੁਗ਼ਲਾਂ ਨਾਲ ਚੰਗੇ ਸਨ ਨਾ ਪੁਰਤਗਾਲੀਆਂ ਨਾਲ। ਜੇ ਹਿੰਦੁਸਤਾਨੀ ਤਿਜਾਰਤ ਸਾਡੇ ਹੱਥ ਆ ਜਾਵੇ ਤਾਂ ਅਸੀਂ ਹਿੰਦੁਸਤਾਨ ਤੇ ਸਲਤਨਤ-ਏ-ਉਸਮਾਨੀਆ ਵਿਚਕਾਰ ਵੀ ਤਿਜਾਰਤ ਦਾ ਪੁਲ ਬਣ ਸਕਦੇ ਹਾਂ। ਇਹ ਤਿੰਨਾਂ ਮੁਲਕਾਂ ਲਈ ਫ਼ਾਇਦਾ ਹੋਵੇਗਾ।
"ਮਲਕਾ ਆਲੀਆ, ਤੁਸੀਂ ਵਾਕਈ ਜ਼ਬਰਦਸਤ ਗੱਲ ਸੋਚੀ ਹੈ।" ਸਿਸਲ ਨੇ ਦਿਲੋਂ ਮਲਕਾ ਦੀ ਤਾਰੀਫ਼ ਕੀਤੀ।
"ਮਲਕਾ ਆਲੀਆ, ਮੇਰੇ ਜ਼ਿਹਨ ਵਿੱਚ ਇੱਕ ਮੁੰਡਾ ਹੈ, ਫ਼ਰਾਂਸਿਸ ਬੇਕਨ। ਨੌਜਵਾਨ ਫ਼ਲਸਫ਼ੀ ਹੈ। ਮੁੰਡਾ ਪੜ੍ਹਿਆ ਲਿਖਿਆ ਵੀ ਹੈ ਤੇ ਸਿਆਣਾ ਵੀ। ਉਹਨੂੰ ਭੇਜਿਆ ਜਾ ਸਕਦਾ ਹੈ।"
"ਇਹ ਫ਼ਲਸਫ਼ੀਆਂ ਦਾ ਕੰਮ ਨਹੀਂ ਸਿਸਲ, ਕਿਸੇ ਸ਼ਾਤਿਰ ਸਫ਼ਾਰਤਕਾਰ ਨੂੰ ਘੱਲ (ਭੇਜ)।"
ਸਿਸਲ ਮੁਸਕੁਰਾਇਆ।
"ਮਲਕਾ, ਸ਼ਾਤਿਰ ਸਫ਼ਾਰਤਕਾਰ ਮੈਂ ਉਹਦੇ ਤਰਜਮਾਕਾਰ ਦੇ ਤੌਰ 'ਤੇ ਘੱਲਾਂਗਾ (ਭੇਜਾਂਗਾ)। ਬਾਦਸ਼ਾਹ ਫ਼ਲਸਫ਼ੇ ਦਾ ਸ਼ੌਕੀਨ ਹੈ ਤੇ ਆਲਮਾਂ ਦੀਆਂ ਬਹਿਸਾਂ ਕਰਵਾਉਂਦਾ ਹੈ, ਫ਼ਲਸਫ਼ੀ ਮੁੰਡੇ ਰਾਹੀਂ ਉਸ ਤੱਕ ਪਹੁੰਚਣਾ ਸੌਖਾ ਰਹੇਗਾ।"
ਕ਼ੁਸਤਨਤੁਨੀਆ
ਬੰਦਰਗਾਹ
(CONSTANTINOPLE PORT)
"ਸੁਨਹਿਰੀ ਸਿੰਙ" ਬੰਦਰਗਾਹ ਇੱਕ ਪੇਂਟਿੰਗ ਦਿਸਦੀ ਸੀ। ਰੰਗੀਨ, ਵਸੀਹ (ਵਿਸ਼ਾਲ) ਤੇ ਸ਼ਾਨਦਾਰ। ਰਸ਼ (ਭੀੜ) ਲੱਗਾ ਸੀ। ਛੋਟੇ-ਵੱਡੇ ਕਈ ਜਹਾਜ਼ ਆ-ਜਾ ਰਹੇ ਸਨ। ਅੰਗਰੇਜ਼ ਕੰਪਨੀ ਦੇ ਜਹਾਜ਼ ਨੇ ਲੰਗਰ ਪਾਇਆ ਤੇ ਉਹ ਵੱਡੇ ਜਹਾਜ਼ਾਂ ਵਿੱਚ ਸੀ, ਫਿਰ ਵੀ ਬਰਕਲੇ ਏਨੇ ਜਹਾਜ਼, ਏਨੀਆਂ ਨਸਲਾਂ ਦੇ ਲੋਕ ਤੇ ਏਨੀ ਰੇਲ-ਪੇਲ ਵੇਖ ਕੇ ਦੰਗ ਰਹਿ ਗਿਆ। ਵੱਡੀ ਗੱਲ ਨਹੀਂ ਸੀ ਕਿ ਉਹ ਕਿਸ਼ਤੀ 'ਤੇ ਬਹਿਣ ਤੋਂ ਪਹਿਲਾਂ ਚੰਗੀ ਤਰ੍ਹਾਂ ਫਿਰ ਤਿਆਰ ਹੋਇਆ ਸੀ ਅਤੇ ਆਪਣੇ ਤਮਗ਼ੇ ਪੂੰਝ ਕੇ ਕੰਘੀ-ਪੱਟੀ ਹੋ ਕੇ ਬੰਦਰਗਾਹ ਜਾਣ ਲਈ ਕਿਸ਼ਤੀ 'ਤੇ ਬੈਠਾ ਸੀ।
ਰੱਸੀ ਦੀ ਪੌੜੀ 'ਤੇ ਪੈਰ ਰੱਖਦੇ ਹੀ ਉਹਨੂੰ ਨਿੱਘੀ ਧੁੱਪ ਦਾ ਅਹਿਸਾਸ ਹੋਇਆ। ਉਹਨੇ ਅਸਮਾਨ ਵੱਲ ਵੇਖਿਆ, ਏਨਾ ਨਿਖਰਿਆ ਨੀਲਾ ਰੰਗ ਉਹਨੇ ਬਰਤਾਨੀਆ ਵਿੱਚ ਕਦੀ ਨਹੀਂ ਸੀ ਵੇਖਿਆ। ਅੱਜ ਉਹਨੂੰ ਸਮਝ ਆਈ ਕਿ ਅਸਮਾਨੀ ਨੀਲਾ ਰੰਗ ਕੀਹ ਹੁੰਦਾ ਹੈ। ਦੂਜਾ ਪੈਰ ਪੌੜੀ 'ਤੇ ਰੱਖਿਆ ਤੇ ਸਿਰ 'ਤੇ ਸਮੁੰਦਰੀ ਪੰਖੇਰੂ (ਕੈਂ-ਕੈਂ) ਕਰਦੇ ਉੱਡਦੇ ਜਾਪੇ। ਇੱਕ ਅਜੀਬ ਤਰ੍ਹਾਂ ਦੀ ਭਰਪੂਰ ਜ਼ਿੰਦਗੀ ਦਾ ਅਹਿਸਾਸ ਉਹਦੇ ਰੋਮ-ਰੋਮ ਵਿੱਚ ਰਸ-ਮਿਸ (ਸਮਾ) ਗਿਆ।
ਨਿੱਕੀ ਜਿਹੀ ਕਿਸ਼ਤੀ ਡੋਲਦੀ-ਡੋਲਦੀ ਬੰਦਰਗਾਹ ਵੱਲ ਨੂੰ ਤੈਰਨ ਲੱਗੀ ਤੇ ਇੱਕ ਲਿਸ਼ਕਾਰਾ ਉਹਦੀਆਂ ਅੱਖੀਆਂ ਵਿੱਚ ਪਿਆ। ਗੂੜ੍ਹੇ ਨੀਲੇ ਪਾਣੀ ਵਿੱਚ ਸੂਰਜ ਦੀਆਂ ਕਿਰਨਾਂ ਜਿਵੇਂ ਖੇਡਦੀਆਂ ਪਈਆਂ ਸਨ। ਇੱਕ ਜਹਾਜ਼ ਕੋਲੋਂ ਲੰਘੇ ਤੇ ਦਿਸਿਆ ਬਈ ਰੋਮਾਨੀਆ ਦੇ ਤਾਜਰ ਹਬਸ਼ੀ ਗ਼ੁਲਾਮਾਂ ਕੋਲੋਂ ਸ਼ੀਸ਼ੇ ਦੇ ਸਾਮਾਨ ਦੀਆਂ ਪੇਟੀਆਂ ਕਿਸ਼ਤੀਆਂ ਵਿੱਚ ਲਦਾ ਰਹੇ ਸਨ। ਨਾਲ ਦੇ ਇੱਕ ਜਹਾਜ਼ ਵਿੱਚ ਮਿਸਰੀ ਤਾਜਰ ਆਪਣੇ ਗ਼ੁਲਾਮਾਂ ਕੋਲੋਂ ਕਿਸ਼ਤੀ ਤੋਂ ਲੀੜਿਆਂ (ਕੱਪੜਿਆਂ) ਦੇ ਥਾਨ ਜਹਾਜ਼ ਵਿੱਚ ਲਦਵਾਉਂਦੇ ਪਏ ਸਨ। ਜਹਾਜ਼ਾਂ, ਕਿਸ਼ਤੀਆਂ ਤੇ ਲੰਗਰਾਂ ਕੋਲੋਂ ਬਚਦੇ-ਬਚਾਉਂਦੇ ਕਿਸ਼ਤੀ ਬੰਦਰਗਾਹ ਵੱਲ ਤੁਰਦੀ ਰਹੀ।
ਬੰਦਰਗਾਹ 'ਤੇ ਲਹਿ ਕੇ ਬਰਕਲੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀਹ ਕਰੇ। ਦੁਨੀਆ ਦੀ ਹਰ ਨਸਲ ਦਾ ਬੰਦਾ ਉੱਥੇ ਮੌਜੂਦ ਸੀ ਤੇ ਤਿਜਾਰਤੀ ਸਾਮਾਨ ਦੀਆਂ ਹਜ਼ਾਰਾਂ ਪੇਟੀਆਂ ਹਰ ਪਾਸੇ ਖਿਲਰੀਆਂ ਪਈਆਂ ਸਨ। ਏਨੇ ਵਿੱਚ ਇੱਕ ਤੁਰਕੀ ਸਿਪਾਹੀ ਨੇ ਤਾੜ ਲਿਆ ਕਿ ਉਹ ਐਥੇ ਪਹਿਲੀ ਵਾਰ ਆਇਆ ਹੈ। ਸਿਪਾਹੀ ਨੇ ਬਰਕਲੇ ਨੂੰ ਪਿੱਛੇ ਆਉਣ ਦਾ ਇਸ਼ਾਰਾ ਕੀਤਾ ਤੇ ਸ਼ਹਿਰ ਵੱਲ ਨੂੰ ਤੁਰ ਪਿਆ। ਬਰਕਲੇ ਤੇ ਉਹਦੇ ਦੋ ਅਫ਼ਸਰ ਸਿਪਾਹੀ ਪਿੱਛੇ ਤੁਰ ਪਏ। ਉੱਚੀ ਟੋਪੀ, ਲੰਮਾ ਕੋਟ ਤੇ ਪਾਜਾਮੇ ਉੱਤੇ ਪਿੰਨੀਆਂ (ਪਿੰਡਲੀਆਂ) ਤੱਕ ਦੇ ਜੁੱਤੇ ਪਾਏ ਉਹਨੂੰ ਰਾਹ ਵਿੱਚ ਕਈ ਹੋਰ ਵੀ ਤੁਰਕ ਸਿਪਾਹੀ ਤੇ ਅਫ਼ਸਰ ਦਿਸੇ। ਸ਼ਕਲ ਤੋਂ ਪਹਿਲਾਂ ਨਸਲ ਆਪਣੇ ਲੀੜਿਆਂ (ਕੱਪੜਿਆਂ) ਤੋਂ ਸਿਆਣੀ ਜਾਂਦੀ ਸੀ। ਯੂਰਪੀਆਂ ਦੇ ਲੰਮੇ ਕੋਟ, ਮੁਸਲਮਾਨਾਂ ਦੇ ਚੋਗ਼ੇ ਤੇ ਹਿੰਦੀ ਤੇ ਈਰਾਨੀ ਤਾਜਰਾਂ ਦੇ ਕੁਰਤੇ-ਧੋਤੀਆਂ ਤੇ ਸ਼ਲਵਾਰਾਂ, ਰੰਗ ਦਿਸਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਨਸਲ ਦੱਸ ਦਿੰਦੀਆਂ।
ਬਰਕਲੇ ਨੇ ਦੋ ਤਿੰਨ ਵਾਰੀ ਨਾਲ ਲਿਆਉਣ ਵਾਲੇ ਸਿਪਾਹੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣੀ ਅਣਸੁਣੀ ਕਰਦਾ ਰਿਹਾ। ਉਹਦੇ ਇੱਕ ਅਫ਼ਸਰ ਬਲੈਕ ਨੂੰ ਫ਼ਾਰਸੀ ਆਉਂਦੀ ਸੀ, ਉਹਨੇ ਵੀ ਕੋਸ਼ਿਸ਼ ਕੀਤੀ ਪਰ ਕੁਝ ਨਾ ਬਣਿਆ। ਬਰਕਲੇ ਨੂੰ ਵੀ ਅੰਦਾਜ਼ਾ ਸੀ ਕਿ ਆਮ ਜ਼ੁਬਾਨ ਤੁਰਕੀ ਸੀ ਤੇ ਫ਼ਾਰਸੀ ਆਮ ਲੋਕੀਂ ਨਹੀਂ ਸਮਝਦੇ ਹੋਣੇ, ਫਿਰ ਵੀ ਉਹਨੇ ਕੋਸ਼ਿਸ਼ ਬਾਰ-ਬਾਰ ਕੀਤੀ। ਕਿਸਮਤ ਅਜ਼ਮਾਉਣ ਵਿੱਚ ਹਰਜ ਕੀਹ ਸੀ।
ਬੰਦਿਆਂ ਨੂੰ ਮੋਢੇ ਮਾਰਦੇ ਅਤੇ ਘੋੜਾ ਛਕੜਿਆਂ ਤੋਂ ਬਚਦੇ-ਬਚਾਉਂਦੇ ਉਹ ਵੱਡੀਆਂ ਮਹਿਰਾਬਾਂ ਵਾਲੀ ਇੱਕ ਇਮਾਰਤ ਵਿੱਚ ਜਾ ਵੜੇ। ਪੌੜੀਆਂ
ਚੜ੍ਹ ਕੇ ਅੱਗੇ ਵੱਡਾ ਸਾਰਾ ਵਰਾਂਡਾ ਸੀ ਜਿਹਦੇ ਸਿਰੇ 'ਤੇ ਮਹਿਰਾਬ ਦੀ ਸ਼ਕਲ ਦਾ ਇੱਕ ਦੇਵ ਕਦ (ਵਿਸ਼ਾਲ) ਬੂਹਾ (ਦਰਵਾਜ਼ਾ) ਸੀ। ਦੋ ਦਰਬਾਨ ਬੂਹੇ 'ਤੇ ਹੁਸ਼ਿਆਰ ਖਲੋਤੇ ਸਨ। ਅੰਦਰ ਵੜੇ ਤੇ ਦੋ ਹੋਰ ਦਰਬਾਨ ਲਾਂਘੇ ਵਿੱਚ ਖਲੋਤੇ ਸਨ। ਅੱਗੇ ਇੱਕ ਹੋਰ ਬੂਹੇ ਦੇ ਅੱਗੇ ਫਿਰ ਦੋ ਦਰਬਾਨ ਖਲੋਤੇ ਸਨ। ਇਨ੍ਹਾਂ ਨੇ ਡੱਕ ਲਿਆ (ਰੋਕ ਲਿਆ)। ਸਿਪਾਹੀ ਨੇ ਉਨ੍ਹਾਂ ਨਾਲ ਕੁਝ ਗਿੱਟ-ਮਿੱਟ (ਖੁਸਰ-ਫੁਸਰ) ਕੀਤੀ ਤੇ ਇੱਕ ਦਰਬਾਨ ਅੰਦਰ ਵੜ ਗਿਆ।
ਥੋੜ੍ਹੇ ਚਿਰ ਪਿੱਛੋਂ ਦਰਬਾਨ ਨੇ ਨਾਲ ਲਿਆਉਣ ਵਾਲੇ ਸਿਪਾਹੀ ਨੂੰ ਅੰਦਰ ਸੱਦ ਲਿਆ। ਤਿੰਨੇ ਅੰਗਰੇਜ਼ ਦਰਬਾਨਾਂ ਕੋਲ ਕੱਲ੍ਹੇ ਰਹਿ ਗਏ। ਬਹਿਣ ਦੀ ਕੋਈ ਥਾਂ ਨਹੀਂ ਸੀ ਹੈਗੀ, ਉਹ ਖਲੋਤੇ ਰਹੇ। ਅੱਧੇ ਘੰਟੇ ਬਾਅਦ ਦਰਬਾਨ ਨੇ ਬੂਹੇ ਵਿੱਚੋਂ ਮੂੰਹ ਕੱਢ ਕੇ ਤਿੰਨਾਂ ਨੂੰ ਗ਼ੌਰ ਨਾਲ ਵੇਖਿਆ ਤੇ ਬਰਕਲੇ ਦੇ ਚਮਕੀਲੇ ਤਮਗ਼ਿਆਂ ਤੋਂ ਗੁਵੇੜ ਲਾਈ (ਅੰਦਾਜ਼ਾ ਲਾਇਆ) ਕਿ ਉਹੀ ਤਿੰਨਾਂ ਵਿੱਚੋਂ ਅਫ਼ਸਰ ਹੈ। ਬਰਕਲੇ ਨੂੰ ਅੰਦਰ ਆਉਣ ਦਾ ਇਸ਼ਾਰਾ ਹੋਇਆ। ਬਰਕਲੇ ਨੇ ਆਪਣੇ ਅਫ਼ਸਰਾਂ ਨੂੰ ਵੀ ਨਾਲ ਆਉਣ ਦਾ ਇਸ਼ਾਰਾ ਕੀਤਾ ਪਰ ਦਰਬਾਨ ਨੇ ਡੱਕ ਲਿਆ। "ਫ਼ਾਰਸੀ, ਫ਼ਾਰਸੀ," ਬਰਕਲੇ ਨੇ ਆਪਣੇ ਫ਼ਾਰਸੀ ਵਾਲੇ ਅਫ਼ਸਰ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ। ਦਰਬਾਨ ਨੇ ਇੱਕ ਮਿੰਟ ਸੋਚਿਆ ਫਿਰ ਗੱਲ ਸਮਝ ਕੇ ਤਿੰਨਾਂ ਨੂੰ ਜਾਣ ਦਿੱਤਾ।
ਇਹ ਇੱਕ ਬਹੁਤ ਵੱਡਾ ਕਮਰਾ ਸੀ। ਉੱਚੀ ਛੱਤ ਕਮਰੇ ਨੂੰ ਹੋਰ ਵੀ ਵੱਡਾ ਕਰਦੀ ਪਈ ਸੀ। ਵੱਡੀਆਂ-ਵੱਡੀਆਂ ਬਾਰੀਆਂ (ਖਿੜਕੀਆਂ) ਛੱਤ ਤੱਕ ਜਾਂਦੀਆਂ ਸਨ ਜਿਸ ਤੋਂ ਕਮਰਾ ਖ਼ੂਬ ਰੌਸ਼ਨ ਸੀ। ਲੱਕੜ ਦੇ ਫ਼ਰਸ਼ 'ਤੇ ਤੁਰਦੇ ਅੰਗਰੇਜ਼ੀ ਜੁੱਤੀਆਂ ਦੀਆਂ ਅੱਡੀਆਂ ਠਕ-ਠਕ ਵੱਜਦੀਆਂ ਬਰਕਲੇ ਨੂੰ ਘਬਰਾਹਟ (ਨਰਵਸ) ਕਰਦੀਆਂ ਸਨ। ਇੱਕ ਕੰਧ ਨਾਲ ਨੀਲੇ ਤੇ ਹਰੇ ਰੰਗ ਦਾ ਈਰਾਨੀ ਕਾਲੀਨ ਵਿਛਿਆ ਸੀ। ਕਾਲੀਨ 'ਤੇ ਲੱਤਾਂ ਬਿਨਾਂ ਦਾ ਇੱਕ ਮੇਜ਼ ਪਿਆ ਸੀ ਜਿਹਦੇ ਪਿੱਛੇ ਭਾਰੀ ਚੋਗ਼ਾ ਤੇ ਵੱਡੀ ਪੱਗ ਬੰਨ੍ਹੇ ਇੱਕ ਤੁਰਕ ਬੈਠਾ ਸੀ। ਉਹਦੇ ਸਾਹਮਣੇ ਦੋ ਤੁਰਕ ਅਫ਼ਸਰ ਹੱਥ ਬੰਨ੍ਹ ਕੇ ਬਾ-ਅਦਬ ਬੈਠੇ ਸਨ। ਚਾਰ ਛੋਟੇ ਅਫ਼ਸਰ ਇੱਕ ਪਾਸੇ (ਸਾਈਡ) 'ਤੇ ਖਲੋਤੇ ਸਨ।
ਦਰਬਾਨ ਨੇ ਖਲੋਤੇ ਅਫ਼ਸਰਾਂ ਵੱਲ ਇਸ਼ਾਰਾ ਕੀਤਾ ਕਿ ਉੱਥੇ ਜਾ ਕੇ ਖਲੋ ਜਾਓ। ਚੋਗ਼ੇ ਵਾਲੇ ਨੇ ਉਨ੍ਹਾਂ ਵੱਲ ਵੇਖਿਆ ਤੇ ਬਰਕਲੇ ਨੇ ਹੱਥ ਹਿੱਕ 'ਤੇ ਰੱਖ ਕੇ ਉੱਚੀ ਜਿਹੀ ਕਿਹਾ "ਸਲਾਮ,"।
ਚੋਗ਼ੇ ਵਾਲੇ ਨੇ ਸਿਰ ਹਿਲਾ ਕੇ ਸਲਾਮ ਕਬੂਲ ਕੀਤਾ। ਅੱਗੋਂ ਬਲੈਕ ਨੇ ਫ਼ਾਰਸੀ ਵਿੱਚ ਗੱਲ ਕੀਤੀ।
"ਸਰ ਮੈਂ ਇਨ੍ਹਾਂ ਨੂੰ ਦੱਸਿਆ ਹੈ ਕਿ ਅਸੀਂ ਮਲਕਾ ਬਰਤਾਨੀਆ ਦੀ ਚਾਰਟਰਡ 'ਤੁਰਕੀ ਕੰਪਨੀ' ਦੇ ਅਫ਼ਸਰ ਹਾਂ ਤੇ ਕੰਪਨੀ ਦਾ ਤਿਜਾਰਤੀ ਜਹਾਜ਼ ਲੈ ਕੇ ਆਏ ਹਾਂ।"
"ਤੇ ਅੱਗੋਂ ਬੋਲਦਾ ਕਿਉਂ ਨਹੀਂ?"
ਬਰਕਲੇ ਨੇ ਚੋਗ਼ੇ ਵਾਲੇ 'ਤੇ ਹੀ ਅੱਖਾਂ ਟਿਕਾਈ ਪੁੱਛਿਆ।
"ਸਰ ਮਸ਼ਰਕ ਦੀ ਰੀਤ ਇਹੀ ਹੈ, ਛੇਤੀ ਕਰਨ ਵਾਲੇ ਨੂੰ ਐਥੇ ਚੌਲ (ਮੂਰਖ/ਅਹਿਮਕ) ਸਮਝਿਆ ਜਾਂਦਾ ਹੈ।" ਬਲੈਕ ਦੀਆਂ ਨਜ਼ਰਾਂ ਵੀ ਚੋਗ਼ੇ ਵਾਲੇ 'ਤੇ ਹੀ ਗੱਡੀਆਂ ਸਨ।
"ਇਹਨੂੰ ਫ਼ਾਰਸੀ ਸਮਝ ਵੀ ਆਉਂਦੀ ਹੈ?"
ਜਵਾਬ ਨਾ ਮਿਲਣ 'ਤੇ ਬਰਕਲੇ ਪਰੇਸ਼ਾਨ ਸੀ।
"ਕੋਈ ਪਤਾ ਨਹੀਂ ਸਰ, ਵੇਖਦੇ ਹਾਂ।"
ਕੁਝ ਚਿਰ ਪਿੱਛੋਂ ਚੋਗ਼ੇ ਵਾਲੇ ਨੇ ਸਿਰ ਦਾ ਇਸ਼ਾਰਾ
ਕੀਤਾ ਤੇ ਇੱਕ ਖਲੋਤੇ ਅਫ਼ਸਰ ਨੇ ਫ਼ਾਰਸੀ ਵਿੱਚ ਬਲੈਕ ਨੂੰ ਕੁਝ ਆਖਿਆ।
"ਸਰ ਇਹ ਤਿਜਾਰਤ ਦਾ ਇਜਾਜ਼ਤਨਾਮਾ ਮੰਗਦੇ ਨੇ।"
ਬਰਕਲੇ ਨੇ ਸ਼ੁਕਰ ਦਾ ਕਲਮਾ ਪੜ੍ਹਦੇ ਆਪਣੇ ਕੋਟ ਦੀ ਜੇਬ ਤੋਂ ਕੰਪਨੀ ਦਾ ਚਾਰਟਰ ਤੇ ਖ਼ਲੀਫ਼ਾ ਦਾ ਇਜਾਜ਼ਤਨਾਮਾ ਕੱਢਿਆ। ਅਜੇ ਉਹ ਸੋਚਦਾ ਹੀ ਪਿਆ ਸੀ ਕਿ ਇਹ ਕਿਹਨੂੰ ਦੇਵੇ ਕਿ ਬਲੈਕ ਨੇ ਕਾਗ਼ਜ਼ ਫੜ੍ਹ ਕੇ ਗੱਲ ਕਰਨ ਵਾਲੇ ਖਲੋਤੇ ਅਫ਼ਸਰ ਨੂੰ ਫੜ੍ਹਾ ਦਿੱਤੇ। ਉਹਨੇ ਅੱਗੇ ਇੱਕ ਬੈਠੇ ਅਫ਼ਸਰ ਨੂੰ, ਜਿਹਨੇ ਅਦਬ ਨਾਲ ਗੋਡਿਆਂ ਭਾਰ ਉੱਠ ਕੇ ਚੋਗ਼ੇ ਵਾਲੇ ਦੇ
ਅੱਗੇ ਮੇਜ਼ 'ਤੇ ਖੋਲ੍ਹ
ਕੇ ਦੋਵੇਂ ਕਾਗ਼ਜ਼ ਰੱਖ ਦਿੱਤੇ। ਚੋਗ਼ੇ ਵਾਲੇ
ਨੇ ਇੱਕ ਨਜ਼ਰ ਕਾਗ਼ਜ਼ਾਂ 'ਤੇ ਪਾਈ ਫਿਰ ਖ਼ਲੀਫ਼ਾ ਦਾ ਇਜਾਜ਼ਤਨਾਮਾ ਚੁੱਕ ਕੇ ਲਾਲ ਰੰਗ ਦੀ ਮੋਮੀ ਮੋਹਰ ਨੂੰ ਗ਼ੌਰ ਨਾਲ ਵੇਖਿਆ। ਤਸੱਲੀ ਹੋ ਗਈ ਤੇ ਕਾਗ਼ਜ਼ ਵਾਪਸ ਰੱਖ ਦਿੱਤਾ।
ਬੈਠੇ ਅਫ਼ਸਰ ਨੇ ਚੁੱਕ ਕੇ ਕਾਗ਼ਜ਼ ਖਲੋਤੇ (ਖੜ੍ਹੇ) ਨੂੰ ਫੜ੍ਹਾ ਦਿੱਤੇ ਜਿਹਨੇ ਬਲੈਕ ਨੂੰ, ਤੇ ਫਿਰ ਕੁਝ ਆਖਿਆ।
"ਸਰ ਇਹ ਕਹਿ ਰਹੇ ਨੇ ਸਾਡਾ ਸੁਆਗਤ ਹੈ।"
"ਗੁੱਡ।" ਬਰਕਲੇ
ਬੋਲਿਆ। ਨਾ ਕੋਈ ਕੁਝ ਬੋਲਿਆ ਨਾ ਕੋਈ ਹਿੱਲਿਆ। ਬਰਕਲੇ ਪ੍ਰੇਸ਼ਾਨ (ਕਨਫ਼ਿਊਜ਼) ਹੋ ਗਿਆ।
"ਹੁਣ ਕੀਹ ਕਰਨਾ ਹੈ?"
"ਹੁਣ ਇਜਾਜ਼ਤ ਲੈ ਕੇ ਬਾਹਰ ਜਾਣਾ ਹੈ ਸਰ।" ਦੋਵਾਂ ਦੀਆਂ ਨਜ਼ਰਾਂ ਲਗਾਤਾਰ ਚੋਗ਼ੇ ਵਾਲੇ 'ਤੇ ਹੀ ਟਿਕੀਆਂ ਸਨ।
"ਪਰ ਅਸੀਂ ਤੇ ਮਲਕਾ ਨੂੰ ਮਿਲਣਾ ਹੈ।"
"ਉਹਦੇ ਲਈ ਸਾਨੂੰ ਮਹਿਲ ਜਾਣਾ ਚਾਹੀਦਾ ਸਰ।"
"ਇਨ੍ਹਾਂ ਨੂੰ ਪੁੱਛ ਮਲਕਾ ਸਫ਼ੀਆ ਸੁਲਤਾਨ ਨੂੰ ਕਿੱਥੇ ਮਿਲਿਆ ਜਾ ਸਕਦਾ ਹੈ।"
ਇਸ ਤਰ੍ਹਾਂ ਹੋਇਆ ਜਿਵੇਂ ਮਹਿਫ਼ਲ 'ਤੇ ਤੇਜ਼ਾਬ ਛਿੜਕਿਆ ਗਿਆ ਹੋਵੇ। ਸਭ ਨੇ ਇੰਝ ਸਿਰ ਚੁੱਕ ਕੇ ਬਰਕਲੇ ਵੱਲ ਵੇਖਿਆ ਜਿਵੇਂ ਸੱਪ ਡੰਗ ਮਾਰਨ ਲਈ ਫ਼ਨ ਚੁੱਕਦਾ ਹੈ। ਤਿੰਨੇ ਅੰਗਰੇਜ਼ ਅਫ਼ਸਰ ਝਰਕ ਗਏ (ਡਰ ਗਏ)।
ਬਲੈਕ ਨੇ ਝੁਕ-ਝੁਕ ਕੇ ਫ਼ਾਰਸੀ ਵਿੱਚ ਮਲਕਾ ਮੁਅੱਜ਼ਮਾ, ਮਲਕਾ ਮੁਅੱਜ਼ਮਾ ਆਖਿਆ। ਬਰਕਲੇ ਨੇ ਉਹਦੇ ਕੰਨ ਵਿੱਚ ਕਿਹਾ ਕਿ ਚੋਗ਼ੇ ਵਾਲੇ ਨੂੰ ਦੱਸੇ ਕਿ ਬਰਕਲੇ ਮਲਕਾ ਐਲਿਜ਼ਾਬੈਥ ਪਹਿਲੀ ਦਾ ਇੱਕ ਖ਼ਾਸ ਪੈਗ਼ਾਮ ਮਲਕਾ ਸਫ਼ੀਆ ਸੁਲਤਾਨ ਲਈ ਲਿਆਇਆ ਹੈ।
ਬਲੈਕ ਨੇ ਇਹ ਗੱਲ ਦੱਸੀ ਤੇ ਚੋਗ਼ੇ ਵਾਲੇ ਨੇ ਹੱਥ ਅੱਗੇ ਕਰ ਦਿੱਤਾ।
"ਬਲੈਕ ਇਹਨੂੰ ਦੱਸ ਕਿ ਉਹ ਪੈਗ਼ਾਮ ਮੈਂ ਸਿਰਫ਼ ਮਲਕਾ ਨੂੰ ਹੀ ਦਿਆਂਗਾ, ਹੋਰ ਕਿਸੇ ਨੂੰ ਨਹੀਂ।"
ਬਲੈਕ ਦੋ ਸਕਿੰਟ ਝਿਜਕਿਆ, ਫਿਰ ਸਿਰ ਝੁਕਾ ਕੇ ਕਿਹਾ ਕਿ ਮਲਕਾ ਬਰਤਾਨੀਆ ਦੀ ਖ਼ਾਸ ਹਿਦਾਇਤ ਹੈ ਕਿ ਪੈਗ਼ਾਮ ਸਿਰਫ਼ ਮਲਕਾ ਨੂੰ ਹੀ ਦਿੱਤਾ ਜਾਵੇ।
ਪਹਿਲੀ ਵਾਰ ਚੋਗ਼ੇ ਵਾਲਾ ਬੋਲਿਆ। ਉਹਦੀ ਫ਼ਾਰਸੀ ਰਵਾਂ ਸੀ।
"ਮਲਕਾ ਸਲਤਨਤ-ਏ-ਉਸਮਾਨੀਆ ਹਰ ਕਿਸੇ ਨੂੰ ਨਹੀਂ ਮਿਲਦੀ।"
"ਇੱਕ ਮਲਕਾ ਦਾ ਪੈਗ਼ਾਮ ਦੂਸਰੀ ਮਲਕਾ ਤੱਕ ਪਹੁੰਚਾਉਣਾ ਜ਼ਰੂਰੀ ਹੈ।" ਬਲੈਕ ਦਰਬਾਰੀਆਂ ਦੀ ਮਾਨਸਿਕਤਾ (ਮੈਂਟੈਲਿਟੀ) ਸਮਝਦਾ ਸੀ।
"ਮੈਂ ਪੈਗ਼ਾਮ ਮਲਕਾ ਆਲੀਆ ਤੱਕ ਅੱਪੜਾ ਸਕਦਾ ਹਾਂ, ਤੁਹਾਨੂੰ (ਤੁਹਾਡੇ ਹੱਥ) ਨਹੀਂ।" ਚੋਗ਼ੇ ਵਾਲੇ
ਨੇ ਕਹਿ ਕੇ ਮੂੰਹ ਪਰ੍ਹਾਂ ਕਰ ਲਿਆ।
ਬਲੈਕ ਤੋਂ ਇਸ ਗੱਲਬਾਤ ਦਾ ਤਰਜਮਾ ਸੁਣ ਕੇ ਬਰਕਲੇ ਨੇ
ਕਿਹਾ ਫਿਰ ਨਿਕਲੀਏ ਐਥੋਂ। ਉਹ ਚੋਗ਼ੇ ਵਾਲੇ ਦੀ ਇਜਾਜ਼ਤ ਲੈ ਕੇ ਬਾਹਰ ਆ ਗਏ।
ਟੋਪ ਕਾਪੀ ਮਹਿਲ
ਖ਼ਲੀਫ਼ਾ
ਸਲਤਨਤ-ਏ-ਉਸਮਾਨੀਆ,
ਸੁਲਤਾਨ ਮੁਰਾਦ ਤੀਜੇ ਦੀ ਅਲਬਾਨੀ ਮਾਸ਼ੂਕਾ, ਮਲਿਕਾ ਸਫ਼ੀਆ ਸੁਲਤਾਨ ਆਪਣੇ ਕਮਰੇ ਵਿੱਚ ਹੁਲਾਰੇ ਪਈ ਲੈਂਦੀ ਸੀ। ਕਾਲੀ ਲੱਕੜ ਦੇ ਝੂਲੇ ਵਿੱਚ
ਮੋਟੇ ਕਾਲੀਨਾਂ 'ਤੇ ਗਾਉ ਤਕੀਏ ਰੱਖੀ, ਨੀਮ ਦਰਾਜ਼ ਮਲਿਕਾ ਹੁੱਕਾ ਪਈ ਪੀਂਦੀ ਸੀ। ਦਰਬਾਰੀ ਉਮਰਾਅ ਉਹਨੂੰ ਨਾਗਣ ਆਖਦੇ ਸਨ। ਸੱਪਣੀ ਦੀ ਮੁਲਾਇਮ ਚਾਲ ਨਾਲ ਉਹ ਹਰ ਕਿਸੇ ਦੇ ਸਿਰ੍ਹਾਣੇ
ਅੱਪੜ ਜਾਂਦੀ ਤੇ ਉਹਦਾ ਡੱਸਿਆ ਕਦੀ ਪਾਣੀ ਨਹੀਂ ਸੀ ਮੰਗ ਸਕਿਆ। ਇਸ ਜ਼ਹਿਰੀ ਹੁਸਨ ਦਾ ਗੁਪਤ ਨਾਮ
ਨਾਗਣ ਹੀ ਪੈ ਸਕਦਾ ਸੀ। ਪਿੱਛੇ ਦੋ ਕਨੀਜ਼ਾਂ ਝੂਲੇ ਨੂੰ ਹਰ ਹੁਲਾਰੇ 'ਤੇ ਹੌਲੀ ਜਿਹਾ ਹਿਲਾ ਦਿੰਦੀਆਂ। ਨਾਲ ਹੀ ਆਗਾ ਖਲੋਤਾ ਸੀ।
ਗੋਰਾ
ਚਿੱਟਾ
ਗ਼ਜ਼ਨਫ਼ਰ ਆਗਾ ਮਹਿਲ ਦੇ ਖ਼ਵਾਜਾ ਸਰਾਵਾਂ ਦਾ ਸਰਦਾਰ ਸੀ। ਉਹਦੇ ਇਤਾਲਵੀ ਨਸਲ ਦੇ
ਲੰਮੇ ਛਰੀਰੇ ਬਦਨ 'ਤੇ ਟੰਗਿਆ ਚੋਗਾ ਮਲਿਕਾ ਦੇ ਚੋਗੇ ਤੋਂ ਹਰਗਿਜ਼ ਘੱਟ ਨਹੀਂ ਸੀ। ਪਰ
ਚੋਗੇ 'ਤੇ ਟੰਗੇ ਕਿਸੇ ਵੀ ਨਗੀਨੇ ਵਿੱਚ ਆਗਾ ਦੀਆਂ ਅੱਖਾਂ ਜਿੰਨੀ ਤੇਜ਼ ਚਮਕ
ਨਹੀਂ ਸੀ। ਖ਼ਲੀਫ਼ਾ,
ਮਲਿਕਾ ਤੇ ਵਾਲਿਦਾ ਸੁਲਤਾਨ
ਬਾਝੋਂ ਸਲਤਨਤ ਦਾ ਹਰ ਬੰਦਾ ਉਹਦੀ ਗੱਲ ਸਾਹ ਡੱਕ ਕੇ ਸੁਣਦਾ। ਓਂਝ ਉਹਦੇ ਜਬੜ੍ਹੇ ਦੀਆਂ ਉੱਭਰੀਆਂ
ਹੱਡੀਆਂ ਦੇ ਹਿੱਲਣ ਤੋਂ ਹਰ ਕੋਈ ਖ਼ੌਫ਼ਜ਼ਦਾ ਰਹਿੰਦਾ। ਉਹਦੇ ਲਫ਼ਜ਼ਾਂ ਦਾ ਭਾਰ ਹੁਕਮ-ਏ-ਸੁਲਤਾਨੀ
ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ ਪੈਂਦਾ।
ਸਾਹਮਣੇ
ਕਾਲੀਨ ਉੱਤੇ ਇੱਕ ਇਰਾਨੀ ਆਤਿਸ਼ ਪ੍ਰਸਤ, ਚਿੱਟਾ ਚੋਗਾ ਤੇ ਗੋਲ ਟੋਪੀ ਪਾਈ ਬੈਠਾ ਸੀ।
"ਮਲਿਕਾ ਆਲੀਆ, ਹਾਸਕੀ ਸੁਲਤਾਨ। ਮੁਅੱਜ਼ਜ਼ ਮੋਬਦ ਇਰਾਨੀ ਆਤਿਸ਼ ਪ੍ਰਸਤਾਂ ਦੇ ਰੂਹਾਨੀ ਪਿਉ ਨੇਂ।" ਗ਼ਜ਼ਨਫ਼ਰ ਨੇ
ਆਤਿਸ਼ ਪ੍ਰਸਤ ਦਾ ਤਾਰੁਫ਼ ਕਰਾਇਆ।
ਮਲਿਕਾ ਦਾ
ਹੁੱਕਾ ਗੁੜਗੁੜਾਇਆ।
"ਮਲਿਕਾ, ਮੁਅੱਜ਼ਜ਼
ਮੋਬਦ ਕਈ ਵਰ੍ਹਿਆਂ ਤੋਂ ਹਿੰਦੁਸਤਾਨ ਵਿੱਚ ਮੁਕੀਮ ਨੇਂ।"
ਮਲਿਕਾ ਦਾ
ਹੁੱਕਾ ਗੁੜਗੁੜਾਇਆ।
"ਮਲਿਕਾ ਆਲੀਆ, ਮੁਅੱਜ਼ਜ਼ ਮੋਬਦ ਆਤਿਸ਼ ਪ੍ਰਸਤਾਂ ਦੇ ਅਜ਼ੀਮ ਆਲਮ, ਦਸਤੂਰ ਮੇਹਰਜੀ ਰਾਨਾ ਦੇ ਚੇਲੇ ਨੇਂ।"
ਮਲਿਕਾ ਦਾ
ਹੁੱਕਾ ਗੁੜਗੁੜਾਇਆ।
"ਮਲਿਕਾ ਮੁਅੱਜ਼ਮਾ, ਮੁਅੱਜ਼ਜ਼ ਮੋਬਦ ਅਜ਼ੀਮ ਦਸਤੂਰ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਨੂੰ ਵੀ ਮਿਲਦੇ ਨੇਂ।"
ਇਸ ਵਾਰੀ
ਮਲਿਕਾ ਦਾ ਹੁੱਕਾ ਚੁੱਪ ਰਿਹਾ।
-----------------------------------------
ਗ਼ਜ਼ਨਫ਼ਰ
ਆਗਾ ਮਲਿਕਾ ਸਫ਼ੀਆ ਸੁਲਤਾਨ ਦੇ ਕਮਰੇ ਵਿੱਚੋਂ ਨਿਕਲਿਆ ਤੇ ਇੱਕ ਕਨੀਜ਼ ਉਹਦੇ ਸਾਹਮਣੇ ਆਣ ਖਲੋਤੀ।
"ਹਿੰਮਤ ਦੀ ਦਾਦ ਏ।" ਗ਼ਜ਼ਨਫ਼ਰ ਗਰਦਨ ਟੇਢੀ ਕਰ ਕੇ ਮੁਸਕਾਇਆ।
ਉਹਦੇ ਕੰਨ ਵਿੱਚ ਪਈ ਮੁਰਕੀ ਝੂਲਣ ਲੱਗ ਪਈ ਤੇ ਵਿੱਚ ਜੜਿਆ ਕੀਮਤੀ ਹੀਰਾ ਹਰ ਝੂਲੇ 'ਤੇ ਲਿਸ਼ਕਾਰਾ ਮਾਰਨ ਲੱਗ ਪਿਆ।
"ਅਜ਼ੀਮ ਆਗਾ ਲਈ ਇੱਕ ਨਾਦਰ ਤੁਹਫ਼ਾ ਪੇਸ਼ ਕਰਨੀ ਆਂ।" ਕਨੀਜ਼ ਨੇ
ਇੱਕ ਰੇਸ਼ਮੀ ਪੋਟਲੀ ਉਹਦੇ ਅੱਗੇ ਕਰ ਦਿੱਤੀ।
ਗ਼ਜ਼ਨਫ਼ਰ
ਨੇ ਜੁੰਬਸ਼ ਨਾ ਕੀਤੀ।
ਕਨੀਜ਼ ਨੇ
ਬੜੀ ਅਦਾ ਨਾਲ ਪੋਟਲੀ ਖੋਲ੍ਹੀ,
ਅੰਦਰ ਕੋਇਲ ਦੇ ਆਂਡੇ ਜਿੰਨਾ
ਇੱਕ
ਯਾਕੂਤ ਸੀ।
ਗ਼ਜ਼ਨਫ਼ਰ
ਕੁਝ ਚਿਰ ਯਾਕੂਤ ਨੂੰ ਵੇਖਦਾ ਰਿਹਾ। ਇਹ ਤਸੱਲੀ ਕਰ ਕੇ ਕਿ ਪੱਥਰ ਕੀਮਤੀ ਸੀ, ਉਹਨੇ ਨਜ਼ਰਾਂ ਕਨੀਜ਼ ਵੱਲ ਕੀਤੀਆਂ।
ਬੋਲਿਆ ਕੁਝ
ਨਾ।
"ਇੱਕ ਅੰਗਰੇਜ਼ ਅਫ਼ਸਰ ਮਲਿਕਾ ਨਾਲ ਮੁਲਾਕਾਤ ਚਾਹੁੰਦਾ ਏ।"
ਗ਼ਜ਼ਨਫ਼ਰ
ਦੀ ਮੁਸਕਾਨ ਗ਼ਾਇਬ ਹੋ ਗਈ।
"ਮਲਿਕਾ ਬਰਤਾਨੀਆ ਦਾ ਖ਼ਤ ਲੈ ਕੇ ਆਇਆ ਏ।" ਕਨੀਜ਼ ਨੇ ਘਾਬਰ ਕੇ
ਛੇਤੀ ਨਾਲ ਕਿਹਾ।
ਗ਼ਜ਼ਨਫ਼ਰ
ਨੇ ਕਨੀਜ਼ ਦੇ ਹੱਥ ਵਿੱਚ ਚਮਕਦੇ ਪੱਥਰ ਨੂੰ ਮੁੜ ਵੇਖਿਆ, ਫਿਰ ਕਨੀਜ਼ ਵੱਲ ਵੇਖਿਆ।
"ਇਹ ਅੰਗਰੇਜ਼ ਅਫ਼ਸਰ ਨੇ ਅਜ਼ੀਮ ਆਗਾ ਲਈ ਪੈਗ਼ਾਮ ਭੇਜਿਆ ਏ, ਉਹ ਆਗਾ ਨਾਲ ਆਪ ਮਿਲ ਕੇ ਕੁਝ ਤੋਹਫ਼ੇ ਆਗਾ ਦੀ ਨਜ਼ਰ ਕਰਨਾ ਚਾਹੁੰਦਾ
ਏ।"
ਗ਼ਜ਼ਨਫ਼ਰ
ਨੇ ਯਾਕੂਤ ਕਨੀਜ਼ ਦੇ ਹੱਥੋਂ ਫੜਿਆ ਤੇ ਅੱਗੇ ਤੁਰ ਪਿਆ। ਕਨੀਜ਼ ਤੜਫ਼ ਕੇ ਉਹਦੇ ਪਿੱਛੇ ਨੱਸੀ।
"ਅਜ਼ੀਮ ਆਗਾ!"
"ਅਗਲੇ ਮਹੀਨੇ।" ਗ਼ਜ਼ਨਫ਼ਰ ਨੇ ਮੁੜੇ ਬਗ਼ੈਰ ਆਖਿਆ ਤੇ ਨਿਕਲ
ਗਿਆ।
ਕਨੀਜ਼ ਨੇ
ਰੁਕ ਕੇ ਆਪਣੀ ਚੋਲੀ 'ਤੇ ਹੱਥ ਰੱਖ ਕੇ ਲੰਮਾ ਸਾਹ ਲਿਆ। ਚੋਲੀ ਵਿੱਚ ਪਈਆਂ ਅਸ਼ਰਫ਼ੀਆਂ ਹਲਾਲ
ਹੋ ਗਈਆਂ ਸਨ। ਹੁਣ ਆਗਾ ਨਾਲ ਮੁਲਾਕਾਤ ਲਈ ਇਸ ਤੋਂ ਦੁੱਗਣੀਆਂ ਅਸ਼ਰਫ਼ੀਆਂ ਲਵਾਂਗੀ। ਸੋਚ ਕੇ ਉਹ
ਮੁਸਕਾ ਪਈ।
ਗੋਆ
ਮੁਕੱਦਸ
ਪਿਉ
"ਰੋਡੋਲਫ਼ੋ ਆਕਵਾਵੀਵਾ" ਹੌਲੀ ਹੌਲੀ ਤੁਰਦਾ ਬਾਜ਼ਾਰ ਵੱਲ ਨੂੰ ਜਾ ਰਿਹਾ ਸੀ। ਸੜਕ ਕਿਨਾਰੇ
ਲੱਗੇ ਨਾਰੀਅਲ ਦੇ ਦਰੱਖ਼ਤਾਂ ਦੀ ਹੁਲਾਰੇ ਖਾਂਦੀ ਛਾਂ ਪੁਰਤਗਾਲੀ ਪਾਦਰੀ ਨੂੰ ਚੰਗੀ ਪਈ ਲੱਗਦੀ
ਸੀ।
ਇੱਕ ਪਾਸੇ
ਬੰਦਰਗਾਹ ਸੀ। ਕੋਈ ਜਹਾਜ਼ ਆ ਰਿਹਾ ਸੀ, ਕੋਈ ਜਾ
ਰਿਹਾ ਸੀ। ਕਿਸੇ ਨੇ ਬਾਦਬਾਨ ਖੋਲ੍ਹੇ ਸਨ ਕਿਸੇ ਦੇ ਵਲ੍ਹੇਟੇ ਸਨ। ਕਿਸੇ ਵਿੱਚੋਂ ਤਿਜਾਰਤੀ ਸਾਮਾਨ
ਲੁਆਇਆ ਜਾ ਰਿਹਾ ਸੀ ਕਿਸੇ ਵਿੱਚ ਲਦਵਾਇਆ ਪਿਆ ਜਾਂਦਾ ਸੀ। ਕਿਸ਼ਤੀਆਂ ਜਹਾਜ਼ਾਂ ਤੇ ਬੰਦਰਗਾਹ
ਵਿਚਕਾਰ ਸਾਮਾਨ ਤੇ ਬੰਦੇ ਇੱਧਰ ਓਧਰ ਪਈਆਂ ਕਰਦੀਆਂ ਸਨ। ਕੁਝ ਬੈਲ ਗੱਡੀਆਂ ਸਾਮਾਨ ਦੀਆਂ ਪੇਟੀਆਂ
ਲੱਦ ਕੇ ਬਾਜ਼ਾਰ ਨੂੰ ਜਾਂਦੀਆਂ ਸਨ ਕੁਝ ਜਹਾਜ਼ਾਂ 'ਤੇ ਲਦਵਾਣ ਵਾਸਤੇ ਆਉਂਦੀਆਂ ਪਈਆਂ ਸਨ। ਫ਼ਾਦਰ ਰੋਡੋਲਫ਼ੋ ਨੇ ਬੰਦਰਗਾਹ
ਵੱਲ ਵੇਖਿਆ ਜਿੱਥੇ ਬਹਿਰ-ਏ-ਅਰਬ ਵਿੱਚ ਦੂਰ ਦੂਰ ਤੀਕਰ ਜਹਾਜ਼ ਹੀ ਜਹਾਜ਼ ਪਏ ਦਿਸਦੇ ਸਨ। ਕੋਈ
ਜਹਾਜ਼ ਇਰਾਨ ਤੋਂ ਆਇਆ ਸੀ ਤੇ ਕੋਈ ਮਿਸਰ ਜਾਣ ਲਈ ਤਿਆਰ ਸੀ।
ਹਵਾ ਦਾ
ਇੱਕ ਝੌਂਕਾ ਆਇਆ ਤੇ ਫ਼ਾਦਰ ਦੇ ਨੱਕ ਵਿੱਚ ਜਿਵੇਂ ਖ਼ੁਸ਼ਬੋਆਂ ਦਾ ਤੂਫ਼ਾਨ ਆ ਗਿਆ। ਹਲਦੀ, ਦਾਰ ਚੀਨੀ, ਕਾਲੀ
ਮਿਰਚਾਂ,
ਨਮਕ, ਬਾਰੂਦ, ਗਿੱਲੀ
ਲੱਕੜ,
ਤਾਜ਼ੀ ਮੱਛੀ, ਸਮੁੰਦਰ ਦੇ ਪਾਣੀ ਤੇ ਖ਼ੌਰੇ ਹੋਰ ਕਿਹੜੀਆਂ ਕਿਹੜੀਆਂ ਖ਼ੁਸ਼ਬੋਆਂ ਨੇ
ਰਲ ਕੇ ਉਹਦੇ ਨੱਕ ਵਿੱਚ ਖ਼ੁਸ਼ਬੋਆਂ ਦਾ ਮੀਨਾ ਬਾਜ਼ਾਰ ਖਿਲਾਰ ਦਿੱਤਾ। ਖੁੱਲ੍ਹੀ ਨਿੱਖਰੀ ਧੁੱਪ
ਵਿੱਚ ਉਹਦਾ ਬਦਨ ਪਿਘਲ ਕੇ ਖੁੱਲ੍ਹਣ ਲੱਗ ਪਿਆ। ਸੂਰਜ ਦੀ ਟਕੋਰ ਨੇ ਉਹਦੇ ਵਿੱਚ ਨਵੀਂ ਜਾਨ ਪਾ
ਦਿੱਤੀ। ਹੌਲੀ ਹੌਲੀ ਉਹਦੇ ਸਾਹਮਣੇ ਫੈਲੀ ਤਸਵੀਰ ਵਿੱਚ ਜਾਨ ਪੈਣ ਲੱਗ ਪਈ।
ਇੱਕ ਕਾਲਾ
ਹਬਸ਼ੀ ਆਪਣੀ ਪਟਾਰੀ ਖੋਲ੍ਹੀ ਸੱਪ ਦਾ ਤਮਾਸ਼ਾ ਪਿਆ ਵਿਖਾਉਂਦਾ ਸੀ। ਇੱਕ ਪਾਸੇ ਇੱਕ ਜਾਦੂਗਰ ਮੂੰਹ
ਵਿੱਚੋਂ ਅੱਗ ਕੱਢ ਕੇ ਵਿਖਾ ਰਿਹਾ ਸੀ। ਦੂਜੇ ਪਾਸੇ ਇੱਕ ਅਰਬੀ ਤੇ ਇਰਾਨੀ ਸੌਦੇ 'ਤੇ ਬਹਿਸਦੇ ਪਏ ਸਨ। ਓਧਰ ਲੰਮੇ ਕੋਟ ਪਾਈ ਯਹੂਦੀ ਬਣੀਏ ਇੱਕ ਤਾਜਰ
ਕੋਲੋਂ ਸ਼ੈਵਾਂ ਖ਼ਰੀਦ ਕੇ ਓਥੇ ਈ ਦੂਜੇ ਨੂੰ ਵੇਚਦੇ ਪਏ ਸਨ। ਇੱਕ ਪਾਸੇ ਚੋਗੇ ਪਾਏ ਅਰਬੀ ਤਾਜਰ
ਖਜੂਰਾਂ ਵੇਚਦੇ ਫਿਰਦੇ ਸਨ। ਓਥੇ ਦੁਨੀਆ ਦੇ ਹਰ ਮੁਲਕ ਦਾ ਬੰਦਾ ਮੌਜੂਦ ਸੀ। ਹਬਸ਼ੀ ਗ਼ੁਲਾਮ, ਹਿੰਦੁਸਤਾਨੀ, ਇਰਾਨੀ, ਤੁਰਕੀ, ਉਜ਼ਬਿਕ, ਆਰਮੀਨੀ, ਅਲਬਾਨੀ, ਹੰਗਰੀ, ਫ਼ਰਾਂਸਸੀ, ਇਤਾਲਵੀ, ਅਰਬੀ, ਯੂਨਾਨੀ, ਯਮਨੀ, ਕੁਰਦ, ਮਿਸਰੀ ਤੇ ਹੋਰ ਖ਼ੌਰੇ ਕਿਹੜੇ ਕਿਹੜੇ ਮੁਲਕਾਂ ਦੇ ਤਾਜਰ ਹਰ ਪਾਸੇ
ਖਿਲਰੇ ਪਏ ਸਨ। ਕੋਈ ਆਪਣਾ ਸਾਮਾਨ ਲੁਆ ਰਿਹਾ ਸੀ ਕੋਈ ਲਦਵਾ ਰਿਹਾ ਸੀ, ਕੋਈ ਸੌਦੇ ਕਰ ਰਿਹਾ ਸੀ ਤੇ ਕੋਈ ਛਕੜਿਆਂ 'ਤੇ ਪੇਟੀਆਂ ਰਖਵਾ ਕੇ ਸ਼ਹਿਰ ਵੱਲ ਨੂੰ ਪਿਆ ਲਿਜਾਂਦਾ ਸੀ। ਪੇਟੀਆਂ ਦੇ
ਅੰਬਾਰ ਦੇ ਅੰਬਾਰ ਲੱਗੇ ਸਨ ਨਾਲੇ ਛਕੜਿਆਂ ਦੀਆਂ ਲਾਈਨਾਂ ਲੱਗੀਆਂ ਸਨ।
ਵੱਡੇ
ਵੱਡੇ ਜਹਾਜ਼ ਦੂਰ ਦੂਰ ਤੀਕਰ ਫੈਲੇ ਸਨ। ਉੱਚੇ ਉੱਚੇ ਬਾਦਬਾਨ, ਤਿਜਾਰਤੀ ਸਾਮਾਨ ਦੀਆਂ ਪੇਟੀਆਂ ਹੀ ਪੇਟੀਆਂ ਤੇ ਹਰ ਰੰਗ ਓ ਨਸਲ ਦਾ
ਬੰਦਾ ਵੇਖ ਕੇ ਫ਼ਾਦਰ ਨੇ ਰੱਬ ਦੀ ਸ਼ਾਨ ਦਾ ਵਰਦ ਕੀਤਾ।
ਫ਼ਾਦਰ
ਰੌਸ਼ਨ ਦਿਨ ਦੇ ਇਸ ਹੁਸੀਨ ਨਜ਼ਾਰੇ 'ਤੇ ਇੱਕ
ਨਜ਼ਰ ਪਾ ਕੇ ਬਾਜ਼ਾਰ ਵੱਲ ਮੁੜ ਗਿਆ।
ਬਾਜ਼ਾਰ
ਉਹਨੂੰ ਹਮੇਸ਼ਾ ਤੋਂ ਹੀ ਪਸੰਦ ਸੀ। ਏਥੇ ਆ ਕੇ ਫ਼ਾਦਰ ਨੂੰ ਜ਼ਿੰਦਗੀ ਦਾ ਅਹਿਸਾਸ ਹੁੰਦਾ ਸੀ, ਤੇ ਨਾਲ ਹੀ ਦੁਨੀਆ ਦੀ ਹਰ ਨਸਲ ਨੂੰ ਮਸੀਹੀਅਤ ਵਿੱਚ ਵਾੜਨ ਦੀ ਤੜਪ
ਵੀ। ਤੇ ਇਸ ਤੋਂ ਵੀ ਵੱਧ ਇਹ ਤੜਫ਼ਾਹਟ ਕਿ ਉਹ ਕਾਫ਼ਰ ਪ੍ਰੋਟੈਸਟੈਂਟ ਅੰਗਰੇਜ਼ਾਂ ਨੂੰ ਯਸੂਈ
ਕੈਥੋਲਿਕ ਬਣਾ ਦੇਵੇ।
ਗੋਆ ਦਾ
ਬਾਜ਼ਾਰ ਵੀ ਇੱਕ ਰੰਗੀਨ ਦੁਨੀਆ ਸੀ। ਇੱਕ ਹੱਟੀ 'ਤੇ ਗੁਜਰਾਤੀ ਤਾਜਰ ਮਲਮਲ ਦੇ ਥਾਨ ਸਜਾਈ ਬੈਠੇ ਸਨ ਤੇ ਅਗਲੀ ਹੱਟੀ 'ਤੇ ਆਰਮੀਨੀਆ ਦੇ ਤਾਜਰ ਚੀਨੀ ਦੇ ਨੀਲੇ ਕੰਮ ਵਾਲੇ ਭਾਂਡੇ ਪਏ ਵੇਚਦੇ
ਸਨ। ਇੱਕ ਅਰਬੀ ਤਾਜਰ ਖਜੂਰਾਂ ਲਾਈ ਬੈਠਾ ਸੀ ਜੀਹਦੇ ਨਾਲ ਇੱਕ ਪੰਜਾਬੀ ਸੌਦਾ ਬਣਾਉਣ ਦੀ ਕੋਸ਼ਿਸ਼
ਕਰ ਰਿਹਾ ਸੀ। ਸਾਹਮਣੇ ਬੀਜਾਪੁਰ ਦਾ ਇੱਕ ਤਾਜਰ ਰੇਸ਼ਮੀ ਸਾੜ੍ਹੀਆਂ ਵੇਚਦਾ ਸੀ ਤੇ ਇੱਕ ਫ਼ਰਾਂਸਸੀ
ਤਾਜਰ ਦਾਮ ਘਟਾਉਣ ਵਾਸਤੇ ਭਾਅ ਤਾਅ ਪਿਆ ਕਰਦਾ ਸੀ। ਵਿਚਕਾਰ ਟੋਕਰੀਆਂ ਵਿੱਚ ਤਾਜ਼ਾ ਸਬਜ਼ੀਆਂ ਤੇ
ਮੱਛੀਆਂ ਸਜਾਈ ਰੰਗੀਨ ਸਾੜ੍ਹੀਆਂ ਪਾਈ ਦੇਸੀ ਔਰਤਾਂ ਆਵਾਜ਼ਾਂ ਪਈਆਂ ਲਾਂਦੀਆਂ ਸਨ। ਓਸ ਪਾਸੇ ਇੱਕ
ਦੁਕਾਨ 'ਤੇ ਯਹੂਦੀ ਪਿਉ ਪੁੱਤਰ ਕੀਮਤੀ ਪੱਥਰ ਰੱਖੀ ਬੈਠੇ ਸਨ। ਅੱਗੇ ਮਸਾਲਿਆਂ
ਦੀਆਂ ਹੱਟੀਆਂ ਸਨ ਜੀਹਦੇ ਵਿੱਚ ਦਾਰ ਚੀਨੀ, ਕਾਲੀ ਮਿਰਚਾਂ, ਹਲਦੀ, ਲੌਂਗ, ਲੁਬਾਨ, ਚੀਨੀ, ਨਮਕ ਤੇ ਹੋਰ ਵੀ ਕਈ ਮਸਾਲਿਆਂ ਦੀਆਂ ਢੇਰੀਆਂ ਲੱਗੀਆਂ ਸਨ ਤੇ
ਫ਼ਰਾਂਸਸੀ,
ਇਤਾਲਵੀ, ਪੁਰਤਗਾਲੀ, ਆਰਮੀਨੀ, ਅਲਬਾਨੀ, ਤੁਰਕੀ ਤੇ
ਹੋਰ ਕਿੰਨੀਆਂ ਹੀ ਨਸਲਾਂ ਦੇ ਗਾਹਕਾਂ ਦਾ ਰਸ਼ ਲੱਗਿਆ ਸੀ। ਸਭ ਤੋਂ ਵੱਧ ਰਸ਼ ਨੀਲ ਵੇਚਣ ਵਾਲੀਆਂ
ਹੱਟੀਆਂ 'ਤੇ ਸੀ। ਫ਼ਾਦਰ ਦੇ ਨੱਕ ਵਿੱਚ ਰੌਲੇ ਪਾਂਦੀਆਂ ਤਾਜ਼ੀ ਮੱਛੀ ਤੇ
ਸਬਜ਼ੀਆਂ ਦੀਆਂ ਖ਼ੁਸ਼ਬੋਆਂ ਨੂੰ ਹੁਣ ਮਸਾਲਿਆਂ ਦੀਆਂ ਚੌਖੀਆਂ ਖ਼ੁਸ਼ਬੋਆਂ ਪਛਾੜਦੀਆਂ ਜਾਂਦੀਆਂ
ਸਨ। ਚੋਗੇ ਪਾਏ,
ਕੁਰਤੇ ਪਾਏ, ਕੋਟ ਪਾਏ, ਪੱਗਾਂ ਤੇ
ਟੋਪੀਆਂ ਪਾਏ,
ਪਾਜਾਮੇ, ਟੋਪ,
ਸਲਵਾਰਾਂ ਤੇ ਧੋਤੀਆਂ ਪਾਏ ਹਰ
ਨਸਲ ਦਾ ਬੰਦਾ ਵੇਖਿਆ ਜਾ ਸਕਦਾ ਸੀ।
ਬਾਜ਼ਾਰ
ਲੰਘ ਕੇ ਫ਼ਾਦਰ
ਵਾਇਸਰਾਏ ਦੇ ਮਹਿਲ ਵੱਲ ਨੂੰ ਮੁੜ ਗਿਆ।
ਹੁਣ ਰਾਹ
ਵਿੱਚ ਵੱਡੇ ਵੱਡੇ ਗੁੰਬਦਾਂ ਵਾਲੇ ਗਿਰਜੇ ਤੇ ਉੱਚੀਆਂ ਛੱਤਾਂ ਤੇ ਚੁਬਾਰਿਆਂ ਵਾਲੇ ਖੁੱਲ੍ਹੇ
ਖੁੱਲ੍ਹੇ ਘਰ ਸਨ। ਇਹ ਸਾਰੇ ਹੀ ਪੁਰਤਗਾਲੀ ਤਰਜ਼-ਏ-ਤਮੀਰ 'ਤੇ ਉਸਾਰੇ ਗਏ ਸਨ ਪਰ ਗੋਆ ਦੀ ਗਰਮ ਤੇ ਮਰਤੂਬ ਆਬ-ਓ-ਹਵਾ ਦੇ
ਪੇਸ਼-ਏ-ਨਜ਼ਰ ਛੱਤਾਂ ਉੱਚੀਆਂ ਤੇ ਬਾਰੀਆਂ ਵੱਡੀਆਂ ਵੱਡੀਆਂ ਸਨ।
"ਡੋ ਫ਼ਰਾਂਸਿਸਕੋ ਮਾਸਕਾਰੇਨ੍ਹਾਸ" ਗੋਆ ਵਿੱਚ ਨਵਾਂ ਪੁਰਤਗਾਲੀ ਵਾਇਸਰਾਏ ਆਇਆ ਸੀ। ਫ਼ਾਦਰ ਰੋਡੋਲਫ਼ੋ
ਉਹਦੇ ਦਫ਼ਤਰ ਵਿੱਚ ਵੜ ਗਿਆ।
ਇਹ ਇੱਕ
ਬਹੁਤ ਹੀ ਵੱਡਾ ਕਮਰਾ ਸੀ। ਲੱਕੜ ਦਾ ਫ਼ਰਸ਼ ਤੇ ਲੱਕੜ ਦੀ ਛੱਤ, ਜਿਸ ਤੋਂ ਵੱਡੇ ਵੱਡੇ ਤਿੰਨ ਝਾੜ-ਫ਼ਾਨੂਸ ਲਟਕਦੇ ਪਏ ਸਨ। ਕੰਧਾਂ 'ਤੇ ਪੁਰਤਗਾਲੀ ਤੇ ਹਿਸਪਾਨਵੀ ਬਾਦਸ਼ਾਹ ਤੇ ਮਲਿਕਾ ਦੀਆਂ ਕੱਦ-ਆਦਮ
ਤਸਵੀਰਾਂ ਤੇ ਯੂਰਪ,
ਅਮਰੀਕਾ, ਅਫ਼ਰੀਕਾ ਤੇ ਏਸ਼ੀਆ ਵਿੱਚ ਪੁਰਤਗਾਲੀ ਕਲੋਨੀਆਂ ਦੇ ਵੱਡੇ ਵੱਡੇ ਨਕਸ਼ੇ
ਟੰਗੇ ਸਨ। ਹਰ ਦੂਜੀ ਸ਼ੈਅ ਪੱਕੇ ਖਜੂਰ ਦੇ ਰੰਗ ਦੀ ਸੀ ਫਿਰ ਵੀ ਛੱਤ ਤੀਕਰ ਜਾਂਦੀਆਂ ਬਾਰੀਆਂ ਤੋਂ
ਨਿੱਖਰੀ ਧੁੱਪ ਛਣ ਛਣ ਪਈ ਆਉਂਦੀ ਕਮਰੇ ਨੂੰ ਰੌਸ਼ਨ ਕੀਤੀ ਹੋਈ ਸੀ।
ਵਿਚਕਾਰਲੇ
ਝਾੜ-ਫ਼ਾਨੂਸ ਦੇ ਥੱਲੇ ਇੱਕ ਵੱਡਾ ਮੇਜ਼ ਤੇ ਸ਼ਾਹਾਨਾ ਕੁਰਸੀ ਪਈ ਸੀ। ਵਾਇਸਰਾਏ ਲੰਮਾ ਕੋਟ, ਲੰਮੇ ਜੁੱਤੇ, ਪਾਜਾਮਾ ਤੇ ਸ਼ੁਤਰਮੁਰਗ ਦੇ ਖੰਭ ਜੜੀ ਹੈਟ ਪਾਈ ਬੈਠਾ ਸੀ। ਫ਼ਾਦਰ
ਉਹਦੇ ਸਾਹਮਣੇ ਜਾ ਕੇ ਬਹਿ ਗਿਆ। ਵਾਇਸਰਾਏ ਨੇ ਹੱਥ ਦਾ ਇਸ਼ਾਰਾ ਕੀਤਾ ਤੇ ਸਾਰੇ ਬਾਹਰ ਤੁਰ ਗਏ।
"ਫ਼ਾਦਰ ਤੁਸੀਂ ਸ਼ਹਿਨਸ਼ਾਹ ਅਕਬਰ ਦੇ ਇਬਾਦਤ ਖ਼ਾਨੇ ਕਦੋਂ ਜਾਣਾ ਏ?"
"ਦੋ ਹਫ਼ਤਿਆਂ ਤੀਕਰ ਨਿਕਲਾਂਗਾ।"
"ਤੁਹਾਨੂੰ ਪੱਕ ਏ ਨਾ ਕਿ ਸ਼ਹਿਨਸ਼ਾਹ ਨਾਲ ਤੁਹਾਡੀ ਮੁਲਾਕਾਤ ਹੋਵੇਗੀ?"
"ਸ਼ੇਖ਼ ਅਬੁਲਫ਼ਜ਼ਲ ਵੱਲੋਂ ਖ਼ਾਸ ਪੈਗ਼ਾਮ ਆਇਆ ਏ। ਬਾਦਸ਼ਾਹ ਨੇ ਦੋ ਮਹੀਨਿਆਂ ਤੀਕਰ
ਮਹਿਫ਼ਲ ਰੱਖਣੀ ਏ। ਰੱਬ ਨੇ ਕੀਤਾ ਤੇ ਜ਼ਰੂਰ ਮੁਲਾਕਾਤ ਹੋਵੇਗੀ।"
"ਫ਼ਾਦਰ ਤੁਸੀਂ ਕਿਸੇ ਤਰ੍ਹਾਂ, ਕਿਸੇ ਵੀ ਤਰ੍ਹਾਂ ਸ਼ਹਿਨਸ਼ਾਹ ਨੂੰ ਮਸੀਹ ਕਰ ਸਕਦੇ ਜੇ?"
"ਮੇਰੇ ਬੱਚੇ ਮੈਂ ਆਪਣਾ ਕੰਮ ਕਰਦਾ ਪਿਆ ਵਾਂ, ਜੋ ਰੱਬ ਵੱਲੋਂ ਮੇਰੇ ਜ਼ਿੰਮੇ ਲੱਗਿਆ ਏ। ਜੇ ਉਹਦੀ ਮਰਜ਼ੀ ਹੋਈ ਤੇ
ਬਾਦਸ਼ਾਹ ਜ਼ਰੂਰ ਸੱਚ ਨੂੰ ਪਾ ਲਵੇਗਾ।"
ਵਾਇਸਰਾਏ
ਬੜਾ ਸ਼ਾਤਿਰ ਸਫ਼ਾਰਤਕਾਰ ਸੀ। ਉਹ ਫ਼ਾਦਰ ਦੀ ਵੱਲ ਵਲੇਂਦੀ ਗੱਲ 'ਤੇ ਖਿੱਝ ਗਿਆ। ਪਰ ਉਹਨੂੰ ਪਤਾ ਸੀ ਫ਼ਾਦਰ ਭਾਵੇਂ ਪਾਦਰੀ ਸੀ, ਪਰ ਉਹ ਇੱਕ ਵੱਡਾ ਆਲਮ ਸੀ ਤੇ ਉਹਨੂੰ ਸਫ਼ਾਰਤਕਾਰੀ ਦੇ ਫ਼ਨ 'ਤੇ ਵੀ ਅਬੂਰ ਸੀ।
"ਫ਼ਾਦਰ ਮੈਂ ਸੁਣਿਆ ਸ਼ਹਿਨਸ਼ਾਹ ਇਸਲਾਮ ਤੋਂ ਬਾਗ਼ੀ ਏ ਤੇ ਉਹ ਕਿਸੇ
ਹੋਰ ਦੀਨ ਵਿੱਚ ਦਾਖ਼ਲ ਹੋਣਾ ਚਾਹੁੰਦਾ ਏ?"
"ਬਾਦਸ਼ਾਹ ਇਸਲਾਮ ਤੋਂ ਨਹੀਂ, ਮੁਸਲਮਾਨ ਆਲਮਾਂ ਤੋਂ ਬਾਗ਼ੀ ਹੋਇਆ ਏ।"
"ਤੇ ਇਸ ਗੱਲ ਨੂੰ ਖਿੱਚ ਕੇ ਉਹਨੂੰ ਇਸਲਾਮ ਤੋਂ ਬਾਗ਼ੀ ਨਹੀਂ ਕੀਤਾ ਜਾ
ਸਕਦਾ?"
"ਤੁਸੀਂ ਜਾਣਦੇ ਓ ਕਿ ਬਾਦਸ਼ਾਹ ਅਣਪੜ੍ਹ ਜ਼ਰੂਰ ਏ ਪਰ ਜਾਹਲ ਨਹੀਂ।
ਉਹਨੂੰ ਚੰਗੇ ਮੰਦੇ ਦੀ ਚੌਖੀ ਪਛਾਣ ਏ।"
"ਫ਼ਾਦਰ ਤੁਸੀਂ ਮਸੀਹੀਅਤ ਨੂੰ ਚੰਗਾ ਸਾਬਤ ਕਰਨ ਦੀ ਰੌਸ਼ਨ ਮਿਸਾਲ ਵੀ ਓ
ਤੇ ਇਹਦੀ ਸੱਚਾਈ ਨੂੰ ਸਾਬਤ ਕਰਨ ਦੀਆਂ ਦਲੀਲਾਂ ਦੇ ਵੀ ਮਾਹਿਰ ਓ। ਮੈਨੂੰ ਪੱਕ ਏ ਕਿ ਤੁਸੀਂ
ਸ਼ਹਿਨਸ਼ਾਹ ਨੂੰ ਕਾਇਲ ਕਰ ਸਕੋਗੇ।"
ਫ਼ਾਦਰ
ਚੁੱਪ ਰਿਹਾ। ਵਾਇਸਰਾਏ ਜਵਾਬ ਉਡੀਕਦਾ ਰਿਹਾ। ਜਦੋਂ ਤੀਕਰ ਫ਼ਾਦਰ ਆਪ ਨਾ ਬੋਲਿਆ।
"ਬਾਦਸ਼ਾਹ ਅਕਬਰ ਰੌਸ਼ਨ ਖ਼ਿਆਲ ਜ਼ਰੂਰ ਏ, ਪਰ ਉਹ ਸਿਆਣਾ ਵੀ ਏ। ਜੇ ਉਹਦਾ ਇੱਕ ਨਵਰਤਨ ਖੁੱਲ੍ਹੇ ਜ਼ਿਹਨ ਦਾ
ਇਸਲਾਮੀ ਆਲਮ ਅਬੁਲਫ਼ਜ਼ਲ ਏ ਤੇ ਦੂਜਾ ਨਵਰਤਨ ਕੱਟੜ ਮੁੱਲਾ ਬਦਾਯੂਨੀ ਏ।"
"ਫ਼ਾਦਰ ਉਹ ਰੌਸ਼ਨ ਖ਼ਿਆਲ ਏ, ਆਪਣੇ ਦੀਨ ਤੋਂ ਬਾਗ਼ੀ ਏ, ਕੋਈ ਦੂਜਾ ਮਜ਼ਹਬ ਅਪਣਾਉਣ ਲਈ ਦੂਸਰੇ ਮਜ਼੍ਹਬਾਂ ਦੇ ਪਾਦਰੀਆਂ ਤੇ
ਪੰਡਤਾਂ ਕੋਲੋਂ ਸਲਾਹ ਪਿਆ ਲੈਂਦਾ ਏ, ਕੀ ਤੁਸੀਂ
ਬਾਕੀ ਅਦਯਾਨ ਦੇ ਮੁਕਾਬਲੇ ਵਿੱਚ ਮਸੀਹੀਅਤ ਨੂੰ ਸੱਚ ਸਾਬਤ ਨਹੀਂ ਕਰ ਸਕਦੇ?"
"ਜਨਾਬ ਵਾਇਸਰਾਏ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ, ਬਾਦਸ਼ਾਹ ਦੀਨ ਤੋਂ ਨਹੀਂ ਮੁਸਲਮਾਨਾਂ ਤੋਂ ਬਾਗ਼ੀ ਏ।"
"ਫ਼ਾਦਰ ਮੈਂ ਸੁਣਿਆ ਏ ਜੇ ਸ਼ਹਿਨਸ਼ਾਹ ਕਿਸੇ ਵੀ ਦੀਨ ਤੋਂ ਕਾਇਲ ਨਾ
ਹੋਇਆ ਤੇ ਉਹ ਆਪਣਾ ਨਵਾਂ ਦੀਨ ਕੱਢ ਲਵੇਗਾ।"
"ਸੁਣਿਆ ਤੇ ਏਹੀ ਏ।"
"ਫ਼ਾਦਰ ਇਸ ਤਰ੍ਹਾਂ ਤੇ ਹਰ ਦੀਨ ਦੇ ਲੋਕੀ ਉਹਦੇ ਖ਼ਿਲਾਫ਼ ਨਹੀਂ ਹੋ
ਜਾਣਗੇ?"
"ਇਹ ਹਿੰਦੁਸਤਾਨ ਏ ਵਾਇਸਰਾਏ, ਪੁਰਤਗਾਲ ਨਹੀਂ। ਏਥੇ ਦੀਨ ਦੇ ਨਾਂ 'ਤੇ ਹੁਕਮਰਾਨੀ ਹੋਵੇ ਤੇ ਦੀਨਦਾਰ ਆਪਸ ਵਿੱਚ ਲੜਦੇ ਨੇਂ, ਜੇ ਹੁਕਮਰਾਨੀ ਦੀਨ 'ਤੇ ਨਾ ਹੋਵੇ ਤੇ ਸਾਰੇ ਬਾਦਸ਼ਾਹ ਦੇ ਵਫ਼ਾਦਾਰ ਰਹਿਣਗੇ। ਇਹ ਗੱਲ
ਬਾਦਸ਼ਾਹ ਸਮਝਦਾ ਏ।"
"ਤੇ ਫ਼ਾਦਰ ਫਿਰ ਤੁਸੀਂ ਸ਼ਹਿਨਸ਼ਾਹ ਨੂੰ ਕਿਸ ਪਾਸੇ ਰੇਹੜ੍ਹਦੇ ਪਏ ਓ?"
"ਅੰਗਰੇਜ਼ ਕੁਸਤੰਤੁਨੀਆ ਅੱਪੜ ਗਏ ਨੇਂ ਤੇ ਉਹਨਾਂ ਦਾ ਅਗਲਾ ਕਦਮ
ਹਿੰਦੁਸਤਾਨ ਪੈਣਾ ਏ। ਇਸਤੋਂ ਪਹਿਲਾਂ ਕੇ ਅੰਗਰੇਜ਼ ਸਾਨੂੰ ਬਦਾਯੂਨੀ ਨਾਲ ਜੋੜਨ, ਮੈਂ ਉਹਨੂੰ ਪੱਕ ਕਰਾ ਦਿਆਂਗਾ ਕਿ ਅਸੀਂ ਮਸੀਹੀਅਤ ਦੇ ਅਬੁਲਫ਼ਜ਼ਲ
ਆਂ।" ਇਹ ਕਹਿੰਦੇ ਫ਼ਾਦਰ ਦੇ ਚਿਹਰੇ 'ਤੇ ਕ੍ਰਾਹਤ ਆ ਗਈ।
ਵਾਇਸਰਾਏ
ਨੂੰ ਹਾਸਾ ਆ ਗਿਆ।
"ਫ਼ਾਦਰ ਇਹ ਤੇ ਦਿਨ ਨੂੰ ਰਾਤ ਕਰਨ ਵਾਲੀ ਗੱਲ ਏ। ਬਾਦਸ਼ਾਹ ਤੁਹਾਡੀ ਇਹ
ਗੱਲ ਕਿਸ ਤਰ੍ਹਾਂ ਮੰਨੇਗਾ?"
"ਅੰਗਰੇਜ਼ ਸਿਆਣੇ ਨੇਂ, ਖੁੱਲ੍ਹੇ ਜ਼ਿਹਨ ਦੇ ਨਹੀਂ। ਕੁਝ ਚਿਰ ਪਹਿਲਾਂ ਹੀ ਉਹਨਾਂ ਦੀ ਅਸੈਂਬਲੀ
ਨੇ ਚੁੜੇਲਾਂ ਨੂੰ ਫੜ੍ਹਨ ਤੇ ਮਾਰਨ ਦਾ ਕਾਨੂੰਨ ਪਾਸ ਕੀਤਾ ਏ। ਮੈਂ ਵੇਖਾਂਗਾ ਇਹਨੂੰ ਉਹ ਖੁੱਲ੍ਹੇ
ਜ਼ਿਹਨ ਨਾਲ ਕਿੰਜ ਰਲਾਂਦੇ ਨੇਂ।"
ਫ਼ਾਦਰ ਨੇ
ਜ਼ਹਿਰੀ ਮੁਸਕਾਹਟ ਨਾਲ ਆਖਿਆ,
ਤੇ ਜਾਰੀ ਰਿਹਾ।
"ਨਾਲੇ ਸਾਡੀ ਬੱਚੀ ਮਾਰੀਆ ਬਾਦਸ਼ਾਹ ਦੀ ਮਲਿਕਾ ਏ ਮੁਅੱਜ਼ਜ਼ ਵਾਇਸਰਾਏ। ਮੈਂ ਉਹਨੂੰ ਮਿਲਾਂਗਾ।
ਉਹ ਸਾਡੇ ਬੜੇ ਕੰਮ ਆ ਸਕਦੀ ਏ।"
ਵਾਇਸਰਾਏ
ਦੀਆਂ ਅੱਖਾਂ ਚਮਕ ਪਈਆਂ।
ਫ਼ਤਿਹਪੁਰ ਸੀਕਰੀ
ਫ਼ਰਾਂਸਿਸ
ਬੇਕਨ
ਡੀਗਰ ਵੇਲੇ ਫ਼ਤਿਹਪੁਰ ਸੀਕਰੀ ਸਾਹਮਣੇ ਅੱਪੜਿਆ। ਸੂਰਜ ਸੁਨਹਿਰੇ ਤੋਂ ਗੂੜ੍ਹਾ ਸੰਤਰੀ ਰੰਗ ਦਾ ਹੋ
ਚੁੱਕਿਆ ਸੀ। ਬੇਕਨ ਦਾ ਜਿਵੇਂ ਦਿਲ ਡੁੱਬ ਗਿਆ। ਉਹਦੇ ਟਿੱਲੇ ਤੋਂ ਸਾਰਾ ਸ਼ਹਿਰ ਇੱਕ ਕਲੀਜੀ ਰੰਗ
ਦੇ ਇਰਾਨੀ ਕਾਲੀਨ ਵਾਂਗ ਵਿਛਿਆ ਦਿਸਦਾ ਸੀ। ਸ਼ਹਿਰ ਦੀ ਹਰ ਵੱਡੀ ਇਮਾਰਤ ਲਾਲ ਪੱਥਰ ਦੀ ਸੀ ਤੇ
ਖ਼ੌਰੇ ਕਿਸ ਤਰ੍ਹਾਂ ਦਾ ਪੱਥਰ ਸੀ ਜੀਹੜਾ ਡੁੱਬਦੇ ਸੂਰਜ ਦੀ ਲਾਲ ਰੌਸ਼ਨੀ ਵਿੱਚ ਭਖਦੇ ਕੋਇਲੇ
ਵਾਂਗ ਲਾਟਾਂ ਪਿਆ ਮਾਰਦਾ ਸੀ।
ਉਹਦੀ
ਹੈਰਤ ਵੇਖ ਕੇ ਨਾਲ ਆਇਆ ਤਰਜਮਾਕਾਰ ਉਹਨੂੰ ਵੱਖਰੀਆਂ ਵੱਖਰੀਆਂ ਇਮਾਰਤਾਂ ਬਾਰੇ ਦੱਸਦਾ ਜਾਂਦਾ। ਪੰਚ ਮਹਿਲ ਵੇਖ ਕੇ ਤੇ ਉਹਦੇ ਪੈਰ ਜਿਸ ਤਰ੍ਹਾਂ ਜੰਮ ਹੀ ਗਏ। ਏਨੀ ਸੋਹਣੀ ਪੰਜ
ਮੰਜ਼ਿਲਾ ਇਮਾਰਤ,
ਉਹਨੂੰ ਜਾਪਿਆ ਜਿਸ ਤਰ੍ਹਾਂ ਉਹ ਅਲਫ਼ ਲੈਲਾ ਦੀ ਦੁਨੀਆ ਵਿੱਚ ਆ ਵੜਿਆ ਹੋਵੇ। ਜਦੋਂ ਤਰਜਮਾਕਾਰ ਨੇ ਉਹਨੂੰ ਦੱਸਿਆ
ਕਿ ਇਹ ਸ਼ਾਹੀ ਜ਼ਨਾਨੀਆਂ ਦਾ ਮਹਿਲ ਏ ਤੇ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਏ ਕਿ ਇਹਦੀ ਉਤਲੀਆਂ
ਮੰਜ਼ਿਲਾਂ ਵਿੱਚ ਹਰ ਵੇਲੇ ਤੇਜ਼ ਹਵਾ ਚੱਲਦੀ ਰਹਿੰਦੀ ਏ ਤੇ ਉਹ ਦੰਗ ਹੀ ਰਹਿ ਗਿਆ।
ਸ਼ਹਿਰ ਦੇ
ਅੰਦਰੋਂ ਲੰਘਦੇ ਇੱਕ ਇੱਕ ਸ਼ੈਅ 'ਤੇ ਬੇਕਨ
ਦੰਗ ਰਹੀ ਜਾਂਦਾ। ਇਮਾਰਤਾਂ ਦੇ ਕੋਲੋਂ ਲੰਘਦਾ ਤੇ ਪੱਥਰਾਂ 'ਤੇ ਹੋਇਆ ਬਾਰੀਕ ਕੰਮ ਵੇਖ ਵੇਖ ਕੇ ਇਸ਼ ਇਸ਼ ਕਰਦਾ। ਚੌੜੀਆਂ ਤੇ
ਫੁੱਟੇ ਨਾਲ ਮਾਪੀਆਂ ਸਿੱਧੀਆਂ ਸੜਕਾਂ ਵੇਖ ਕੇ ਹਿੰਦੁਸਤਾਨੀ ਇਲਮ-ਓ-ਹੁਨਰ ਤੇ ਫ਼ਨ ਦੀ ਦਹਿਸ਼ਤ
ਉਹਦੇ ਉੱਤੇ ਹਾਵੀ ਆ ਗਈ।
ਜਾਮਾ
ਮਸਜਿਦ
ਵੇਖ ਕੇ ਉਹਦੀਆਂ ਅੱਖਾਂ
ਖੁੱਲ੍ਹੀਆਂ ਰਹਿ ਗਈਆਂ। ਮਸਜਿਦ ਦੇ ਗੁੰਬਦ ਦੀ ਵਸਅਤ ਵੇਖ ਕੇ ਉਹਦੇ 'ਤੇ ਹੈਬਤ ਤਾਰੀ ਹੋ ਗਈ। ਜਾਮਾ ਮਸਜਿਦ ਦੇ ਪਿੱਛੇ ਹੀ ਅਬੁਲਫ਼ਜ਼ਲ ਦਾ
ਘਰ ਸੀ। ਘਰ ਦੇ ਸਾਹਮਣੇ ਇੱਕ ਵੱਡਾ ਵਰਾਂਡਾ ਸੀ। ਬਾਹਰ ਖਲੋਤੇ ਦਰਬਾਨਾਂ ਨੇ ਗੱਲ ਬਾਤ ਪੁੱਛ ਕੇ
ਅੰਦਰ ਇਤਲਾਹ ਕੀਤੀ ਤੇ ਇਜਾਜ਼ਤ ਲੱਭਣ 'ਤੇ ਅੰਦਰ
ਜਾਣ ਦਾ ਇਸ਼ਾਰਾ ਕੀਤਾ।
ਅੰਦਰ ਵੜੇ
ਤੇ ਇੱਕ ਵੱਡਾ ਹਾਲ ਕਮਰਾ ਸੀ। ਕਮਰੇ ਦੀ ਛੱਤ, ਉਹਦੇ ਸਤੂਨਾਂ ਤੇ ਫ਼ਰਸ਼ 'ਤੇ ਹੋਇਆ ਬਾਰੀਕ ਕੰਮ ਵੇਖ ਵੇਖ ਕੇ ਬੇਕਨ ਦਿਲ ਹੀ ਦਿਲ ਵਿੱਚ
ਹੁਨਰਮੰਦੀ ਤੇ ਆਲਾ ਜ਼ੌਕ ਦੀ ਦਾਦ ਦਿੰਦਾ। ਥੋੜ੍ਹੇ ਚਿਰ ਪਿੱਛੋਂ ਹੀ ਅਬੁਲਫ਼ਜ਼ਲ ਆ ਗਿਆ। ਯਮਨੀ
ਨੱਕ-ਨਕਸ਼ੇ ਵਾਲਾ ਰਾਜਸਥਾਨੀ। ਦਰਮਿਆਨਾ ਕੱਦ, ਹਲਕੀ ਦਾੜ੍ਹੀ। ਸਿਰ 'ਤੇ ਭਾਰੀ ਰਾਜਸਥਾਨੀ ਪੱਗ, ਹਲਕੇ ਸੰਤਰੀ ਰੰਗ ਦੇ ਚੋਗੇ ਤੇ ਹਰੀ ਰੇਸ਼ਮੀ ਸ਼ਾਲ। ਬੇਕਨ ਨੇ ਝੁਕ ਕੇ
ਸਲਾਮ ਕੀਤੀ। ਅਬੁਲਫ਼ਜ਼ਲ ਨੇ ਵੀ ਝੁਕ ਕੇ ਅੱਲ੍ਹਾ-ਉ-ਅਕਬਰ ਕਿਹਾ।
ਤਰਜਮਾਕਾਰ
ਨੇ ਤਾਰੁਫ਼ ਕਰਵਾਇਆ ਕਿ ਏਹੀ ਉਹ ਅੰਗਰੇਜ਼ੀ ਫ਼ਲਸਫ਼ੀ ਨੇਂ ਜਿਹੜੇ ਮਸ਼ਰਿਕ ਦਾ ਇਲਮ ਲੱਭਣ ਆਏ
ਨੇਂ।
"ਮੈਨੂੰ ਤੁਹਾਡਾ ਬੜਾ ਇੰਤਜ਼ਾਰ ਸੀ। ਮੈਂ ਵੀ ਹਿੰਦੁਸਤਾਨ ਦੀ ਤਾਰੀਖ਼
ਲਿਖਣਾ ਪਿਆ ਵਾਂ। ਤੁਹਾਡੇ ਨਾਲ ਗੱਲ ਬਾਤ ਕਰ ਕੇ ਮੈਨੂੰ ਵੀ ਸਿੱਖਣ ਦਾ ਮੌਕਾ ਲੱਭੇਗਾ।"
"ਮੁਹੱਤਰਮ ਅਬੁਲਫ਼ਜ਼ਲ, ਇਹ ਕੀਹ ਕਹਿੰਦੇ ਪਏ ਓ? ਤੁਹਾਡੇ ਜਿਹੇ ਆਲਮ ਨੂੰ ਤੇ ਵੇਖਣਾ ਹੀ ਬੜੀ ਖ਼ੁਸ਼ਕਿਸਮਤੀ ਏ, ਕਿੱਥੇ ਤੁਸੀਂ ਮੁਲਾਕਾਤ ਦਾ ਸ਼ਰਫ਼ ਬਖ਼ਸ਼ਿਆ।"
"ਇਹ ਤੁਹਾਡੀ ਆਲਾ ਜ਼ਰਫ਼ੀ ਏ ਜਨਾਬ ਬੇਕਨ। ਮੈਂ ਤੁਹਾਡੀ ਬਹਿਰੀਆ ਤੇ
ਤੁਹਾਡੇ ਸਲਤਨਤ-ਏ-ਉਸਮਾਨੀਆ ਨਾਲ ਤਿਜਾਰਤੀ ਤਅੱਲੁਕਾਤ ਬਾਰੇ ਸੁਣਿਆ ਏ।"
ਬੇਕਨ ਨੂੰ
ਝਟਕਾ ਲੱਗਿਆ। ਹਿੰਦੁਸਤਾਨੀ ਦੁਨੀਆ ਤੋਂ ਏਨੇ ਕੱਟੇ ਹੋਏ ਨਹੀਂ ਸਨ ਜਿੰਨਾ ਉਹ ਸਮਝੀ ਬੈਠਾ ਸੀ।
"ਮੁਹੱਤਰਮ ਅਬੁਲਫ਼ਜ਼ਲ, ਇਹ ਹੁਕਮਰਾਨਾਂ ਦੀਆਂ ਗੱਲਾਂ ਨੇਂ, ਮੈਂ ਇਹਨਾਂ ਬਾਰੇ ਬਹੁਤਾ ਨਹੀਂ ਜਾਣਦਾ। ਮੈਂ ਤੇ ਇੱਕ ਆਮ ਜਿਹਾ
ਤਾਲਿਬ-ਏ-ਇਲਮ ਆਂ।"
"ਵਧੀਆ, ਤੁਸੀਂ
ਕਿਸ ਮੁਲਕ ਦੀ ਤਾਰੀਖ਼ ਪਏ ਲਿਖਦੇ ਓ?"
"ਜੀ ਮੈਂ ਯੂਰਪ ਦੀਆਂ ਵੱਡੀਆਂ ਤਾਕਤਾਂ ਦੀ ਤਾਰੀਖ਼ ਪੜ੍ਹੀ ਏ। ਤੇ
ਪੜ੍ਹਦੇ ਹੋਏ ਮੈਨੂੰ ਅਹਿਸਾਸ ਹੋਇਆ ਕਿ ਮਸ਼ਰਿਕ ਦੀ ਤਾਰੀਖ਼ ਬਾਰੇ ਸਾਡੇ ਲੋਕਾਂ ਨੂੰ ਬਹੁਤਾ ਨਹੀਂ
ਮਾਲੂਮ,
ਇਸ ਲਈ ਹਿੰਦੁਸਤਾਨ ਦੇ ਅਜ਼ੀਮ
ਮੁਲਕ ਦੀ ਤਾਰੀਖ਼ ਲੱਭਣ ਏਥੇ ਆਇਆ ਵਾਂ। ਫਿਰ ਪਤਾ ਲੱਗਿਆ ਕਿ ਹਿੰਦੁਸਤਾਨ ਦੀ ਤਾਰੀਖ਼ ਤੁਹਾਡਾ
ਜਿਹਾ ਆਲਮ ਲਿਖ ਰਿਹਾ ਏ ਤੇ ਮੈਂ ਸੋਚਿਆ ਕਿ ਤੁਹਾਡੀ ਹਿੰਦੁਸਤਾਨੀ ਤਾਰੀਖ਼ ਮੈਂ ਹੀ ਤਰਜਮਾ ਕਰ
ਲਵਾਂਗਾ। ਜੇ ਤੁਹਾਡੀ ਹਿੰਦੁਸਤਾਨੀ ਤਾਰੀਖ਼ ਦੀ ਇੱਕ ਕਾਪੀ ਇਨਾਇਤ ਹੋ ਜਾਵੇ ਤੇ ਮੇਰੀ
ਖ਼ੁਸ਼ਕਿਸਮਤੀ ਹੋਵੇਗੀ।"
"ਇਹ ਤੇ ਵਧੀਆ ਗੱਲ ਏ। ਅਜੇ ਤਾਰੀਖ਼ ਮੁਕੰਮਲ ਤੇ ਨਹੀਂ ਹੋਈ, ਪਰ ਜਿੰਨੀ ਲਿਖੀ ਏ ਉਹਦੀ ਕਾਪੀ ਦੇ ਕੇ ਮੈਨੂੰ ਖ਼ੁਸ਼ੀ ਹੋਵੇਗੀ। ਪਰ
ਕਿਉਂਜੇ ਇਹ ਤਾਰੀਖ਼ ਸ਼ਹਿਨਸ਼ਾਹ ਦੇ ਹੁਕਮ 'ਤੇ ਲਿਖੀ ਜਾ ਰਹੀ ਏ ਇਸ ਲਈ ਸ਼ਹਿਨਸ਼ਾਹ ਦੀ ਇਜਾਜ਼ਤ ਬਿਨਾਂ ਇਹ
ਮੁਮਕਿਨ ਨਹੀਂ ਹੋਵੇਗਾ।"
"ਮੁਹੱਤਰਮ ਅਬੁਲਫ਼ਜ਼ਲ, ਮੈਨੂੰ ਯਕੀਨ ਏ ਕਿ ਸ਼ਹਿਨਸ਼ਾਹ ਤੁਹਾਨੂੰ ਇਜਾਜ਼ਤ ਦੇ ਦੇਣਗੇ। ਮੈਂ
ਸੁਣਿਆ ਏ ਕਿ ਸ਼ਹਿਨਸ਼ਾਹ ਹਿੰਦੁਸਤਾਨ ਇੱਕ ਆਲਮ-ਫ਼ਾਜ਼ਲ ਤੇ ਰੌਸ਼ਨ ਖ਼ਿਆਲ ਬਾਦਸ਼ਾਹ ਨੇਂ। ਇੰਜ
ਦੇ ਹੁਕਮਰਾਨ ਹੋਣਾ ਕਿਸੇ ਵੀ ਮੁਲਕ ਦੀ ਖ਼ੁਸ਼ਕਿਸਮਤੀ ਹੁੰਦੀ ਏ।"
ਅਬੁਲਫ਼ਜ਼ਲ
ਇਹ ਗੱਲ ਸੁਣ ਕੇ ਖ਼ੁਸ਼ ਹੋ ਗਿਆ।
"ਮੈਨੂੰ ਖ਼ੁਸ਼ੀ ਏ ਕਿ ਤੁਸੀਂ ਵੀ ਇੱਕ ਰੌਸ਼ਨ ਖ਼ਿਆਲ ਆਲਮ ਓ।
ਅੱਜਕੱਲ੍ਹ ਸ਼ਹਿਨਸ਼ਾਹ ਇਬਾਦਤ ਖ਼ਾਨੇ ਵਿੱਚ ਫ਼ਲਸਫ਼ੇ ਤੇ ਮਜ਼੍ਹਬਾਂ 'ਤੇ ਬਹਿਸਾਂ ਸੁਣਦੇ ਨੇਂ, ਮੈਂ ਕੋਸ਼ਿਸ਼ ਕਰਾਂਗਾ ਕਿ ਤੁਸੀਂ ਵੀ ਐਸੀ ਕਿਸੇ ਮਹਿਫ਼ਲ ਵਿੱਚ ਸ਼ਾਮਲ
ਹੋ ਸਕੋ।"
"ਜੇ ਇਹ ਹੋ ਜਾਵੇ ਤੇ ਮੈਂ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ
ਖ਼ੁਸ਼ਕਿਸਮਤ ਸਮਝਾਂਗਾ। ਇਹ ਤੇ ਕਮਾਲ ਇੱਜ਼ਤ-ਅਫ਼ਜ਼ਾਈ ਦੀ ਗੱਲ ਹੋਵੇਗੀ।"
"ਚੰਗਾ, ਆਓ ਫਿਰ
ਮੈਂ ਤੁਹਾਨੂੰ ਆਪਣੀ ਤਾਰੀਖ਼ ਦੀ ਕਿਤਾਬ ਵਿਖਾਵਾਂ।"
ਇਬਾਦਤ ਖ਼ਾਨਾ
ਇਬਾਦਤ
ਖ਼ਾਨੇ ਦੀ ਪੁਰਸ਼ਕੋਹ ਇਮਾਰਤ ਅਮਾਵਸ ਦੀ ਰਾਤ ਦੇ ਹਨੇਰੇ ਤੇ ਚਿਰਾਗ਼ਾਂ ਦੀ ਮਸਤ ਰੌਸ਼ਨੀਆਂ ਵਿੱਚ ਤੈਰਦੀ
ਦਿਸਦੀ ਸੀ। ਪੌੜੀ ਦੇ ਇੱਕ ਪੀੜ੍ਹੀ 'ਤੇ ਬੂਹਾ
ਸੀ। ਸਾਹਮਣੇ ਗੁੰਬਦ ਥੱਲੇ ਬਾਦਸ਼ਾਹ ਦੇ ਬਹਿਣ ਦਾ ਗੋਲ ਥੜ੍ਹਾ ਸੀ ਜੀਹਦੇ ਗਿਰਦਾ ਗਿਰਦ ਪੌੜੀ ਦੇ
ਇੱਕ ਇੱਕ ਪੀੜ੍ਹੀ ਥੱਲੇ ਦੋ ਹੋਰ ਥੜ੍ਹੇ ਸਨ। ਥੱਲੜ੍ਹੇ ਥੜ੍ਹੇ 'ਤੇ ਤਰਜਮਾਕਾਰ ਤੇ ਚੇਲੇ ਬੈਠੇ ਸਨ। ਵਾਹ ਵਾਹ ਰੌਣਕ ਲੱਗੀ ਸੀ।
ਵਿਚਕਾਰਲਾ ਥੜ੍ਹਾ ਆਲਮਾਂ ਲਈ ਸੀ।
ਬਾਦਸ਼ਾਹ
ਦੇ ਥੜ੍ਹੇ ਦੇ ਸੱਜੇ ਪਾਸੇ ਸਭ ਤੋਂ ਪਹਿਲੀ ਥਾਂ ਅਬੁਲਫ਼ਜ਼ਲ ਦੀ ਸੀ, ਜਿਹੜੀ ਖ਼ਾਲੀ ਪਈ ਸੀ। ਉਹਦੇ ਨਾਲ ਅਬੁਲਫ਼ਜ਼ਲ ਦਾ ਸ਼ਾਇਰ ਭਰਾ ਫ਼ੈਜ਼ੀ ਬੈਠਾ ਸੀ। ਫ਼ੈਜ਼ੀ ਦੇ ਨਾਲ ਲੰਮੀ ਚਿੱਟੀ ਦਾੜ੍ਹੀ ਵਾਲਾ ਆਤਿਸ਼ ਪ੍ਰਸਤ
ਆਲਮ ਦਸਤੂਰ ਮੇਹਰ ਜੀ ਰਾਨਾ ਆਪਣੇ ਲੰਮੇ ਚਿੱਟੇ ਘੱਗਰੇ ਨੂੰ ਸਮੇਟੀ ਬੈਠਾ ਸੀ। ਸਿਰ 'ਤੇ ਚਿੱਟੀ ਗੋਲ ਟੋਪੀ ਸੀ। ਪਟਕਾ ਤੇ ਚਾਦਰ ਗੰਦਮੀ ਸਨ। ਬਾਦਸ਼ਾਹ ਦੇ
ਥੜ੍ਹੇ ਦੇ ਸਾਹਮਣੇ ਹਿੰਦੂ ਪੁਰੋਹਿਤ ਪੁਰਸ਼ੋਤਮ ਦਾਸ ਬੈਠਾ ਸੀ। ਚਿੱਟੀ ਧੋਤੀ ਉੱਤੇ ਸਿੰਦੂਰੀ ਰੰਗ ਦੀ ਚਾਦਰ ਵਲ੍ਹੇਟੀ ਸੀ
ਤੇ ਮੂੰਹ ਸਿਰ ਮੁਨਿਆ ਸੀ ਬੱਸ ਪਿੱਛੇ ਇੱਕ ਚੋਟੀ ਸੀ। ਉਹਦੇ ਨਾਲ ਬੁੱਧ ਭਿੱਛੂ ਆਚਾਰੀਆ ਸਿੱਧਾਰਥ ਬੈਠਾ ਸੀ। ਪੀਲੇ ਰੰਗ ਦੀ ਚਾਦਰ ਵਿੱਚ ਲਪਟਿਆ, ਸਿਰ ਮੂੰਹ ਤੇ ਭਰਵੱਟੇ ਵੀ ਮੁਨੇ ਸਨ। ਬਾਦਸ਼ਾਹ ਦੇ ਖੱਬੇ ਪਾਸੇ ਲੰਮੀ
ਚਿੱਟੀ ਦਾੜ੍ਹੀ ਵਾਲਾ ਯਹੂਦੀ ਰਾਬੀ ਯਤਜ਼ਾਖ਼ ਕਾਲਾ ਚੋਗਾ ਤੇ ਛੋਟੀ ਗੋਲ ਟੋਪੀ ਪਾਈ ਬੈਠਾ ਸੀ। ਉਹਦੇ ਅੱਗੇ ਕਾਲਾ
ਚੋਗਾ ਤੇ ਉੱਚੀ ਟੋਪੀ ਪਾਏ ਫ਼ਾਦਰ ਰੋਡੋਲਫ਼ੋ ਬੈਠਾ ਸੀ। ਨਾਲ ਸਫ਼ੈਦ ਦਾੜ੍ਹੀ ਉੱਤੇ ਪੱਗੜ ਪਾਈ
ਮੁੱਲਾ
ਅਬਦੁਲਕਾਦਿਰ ਬਦਾਯੂਨੀ ਬੈਠਾ ਸੀ।
ਈਸ਼ਾ ਦਾ ਵੇਲਾ ਹੋ ਚੱਲਿਆ ਸੀ ਪਰ ਹਾਲੇ ਵੀ ਸਾਰੇ ਬਾਦਸ਼ਾਹ ਨੂੰ ਉਡੀਕਦੇ ਪਏ
ਸਨ। ਤਰਜਮਾਕਾਰ ਥੱਲੇ ਵਾਲੇ ਥੜ੍ਹੇ 'ਤੇ ਮੌਜੂਦ
ਸਨ ਪਰ ਕੋਈ ਵੀ ਕਿਸੇ ਨਾਲ ਗੱਲ ਬਾਤ ਨਹੀਂ ਸੀ ਕਰ ਰਿਹਾ।
ਏਨੇ ਵਿੱਚ
ਅਬੁਲਫ਼ਜ਼ਲ ਆ ਗਿਆ। ਉਹਦੇ ਅੰਦਰ ਵੜਨ 'ਤੇ ਸਭ
ਲੋਗ ਹੁਸ਼ਿਆਰ ਤੇ ਹੋ ਗਏ ਪਰ ਉੱਠਿਆ ਕੋਈ ਨਾ। ਬੇਕਨ ਤੇ ਉਹਦੇ ਤਰਜਮਾਕਾਰ ਨੂੰ ਥੱਲੜ੍ਹੇ ਥੜ੍ਹੇ 'ਤੇ ਬਿਠਾ ਕੇ ਉਹ ਵਿਚਕਾਰਲੇ ਥੜ੍ਹੇ 'ਤੇ ਆਪਣੀ ਥਾਂ 'ਤੇ ਆਇਆ ਤੇ ਬਹਿਣ ਤੋਂ ਪਹਿਲਾਂ ਦਿਲ 'ਤੇ ਹੱਥ ਰੱਖ ਕੇ ਸਭ ਨੂੰ ਸਲਾਮ ਆਖਿਆ।
"ਅੱਲ੍ਹਾ-ਉ-ਅਕਬਰ।"
ਕੋਈ
ਬੋਲਿਆ ਨਾ,
ਬੱਸ ਸਿਰ ਹਿਲਾ ਕੇ ਜਵਾਬ ਦੇ
ਦਿੱਤਾ। ਸਾਰੇ ਸਮਝ ਗਏ ਸਨ ਕਿ ਅਬੁਲਫ਼ਜ਼ਲ ਆ ਗਿਆ ਏ ਤੇ ਹੁਣ ਸ਼ਹਿਨਸ਼ਾਹ ਵੀ ਆਉਣ ਵਾਲਾ ਹੀ ਹੋਣਾ।
ਥੋੜ੍ਹੇ ਚਿਰ ਪਿੱਛੋਂ ਹੀ ਬਾਦਸ਼ਾਹ ਦੀ ਆਮਦ ਦਾ ਐਲਾਨ ਹੋਇਆ। ਸਾਰੇ ਖਲੋ ਗਏ। ਸਭ ਤੋਂ ਉੱਤਲੇ
ਸ਼ਾਹੀ ਥੜ੍ਹੇ ਦੇ ਪਿਛਲੇ ਕਮਰੇ ਤੋਂ ਬਾਦਸ਼ਾਹ ਨਮੂਦਾਰ ਹੋਇਆ। ਬਾਦਸ਼ਾਹ ਬਹਿ ਗਿਆ ਤੇ ਸਾਰੇ ਆਲਮ
ਵੀ ਬਹਿ ਗਏ। ਅਬੁਲਫ਼ਜ਼ਲ ਗੋਡਿਆਂ ਭਾਰ ਉੱਠ ਕੇ ਬੋਲਣ ਲੱਗਾ।
"ਸ਼ਹਿਨਸ਼ਾਹ ਨੂੰ ਭਾਗ ਲੱਗੇ ਰਹਿਣ, ਅੱਜ ਅਸੀਂ ਸ਼ਹਿਨਸ਼ਾਹ ਦੇ ਹੁਕਮ ਬਜਾਨਬ ਕੱਲ੍ਹ ਦੀ ਗੱਲ ਨੂੰ ਅੱਗੇ
ਕਰਾਂਗੇ......."
ਬਾਦਸ਼ਾਹ
ਨੇ ਹੱਥ ਚੁੱਕਿਆ।
ਅਬੁਲਫ਼ਜ਼ਲ
ਚੁੱਪ ਕਰ ਕੇ ਮੁੜ ਥੱਲੇ ਬਹਿ ਗਿਆ।
"ਅਸੀਂ ਵੱਡੇ ਦਿਨਾਂ ਤੋਂ ਗੱਲ ਬਾਤ ਕਰ ਰਹੇ ਆਂ ਤੇ ਵੱਖਰੇ ਮੁੱਦਿਆਂ 'ਤੇ ਮੈਂ ਤੁਹਾਡੀਆਂ ਸਾਰਿਆਂ ਦੀਆਂ ਸਿਆਣੀਆਂ ਗੱਲਾਂ ਸੁਣੀਆਂ ਨੇਂ। ਪਰ
ਅੱਜ ਮੈਂ ਚਾਹੁਣਾ ਵਾਂ ਸਾਰੇ ਆਲਮ ਮੈਨੂੰ ਇੱਕ ਜੁਮਲੇ ਵਿੱਚ ਦੱਸਣ ਕਿ ਉਹਨਾਂ ਦੇ ਦੀਨ ਮੁਤਾਬਿਕ
ਰੱਬ ਤੇ ਬੰਦੇ ਦਾ ਰਿਸ਼ਤਾ ਕੀਹ ਏ।"
ਇਹ ਕੋਈ
ਨਵੀਂ ਗੱਲ ਨਹੀਂ ਸੀ। ਅਕਸਰ ਚੱਲਦੀ ਬਹਿਸ ਨੂੰ, ਕਦੀ ਅੱਕ ਕੇ ਤੇ ਕਦੀ ਖਿੱਝ ਕੇ, ਬਾਦਸ਼ਾਹ ਇੰਜ ਹੀ ਮੁਕਾ ਕੇ ਕੋਈ ਨਵੀਂ ਬਹਿਸ ਛੇੜ ਲੈਂਦਾ ਸੀ।
ਸਭ
ਆਪਣੀਆਂ ਸੋਚਾਂ ਨੂੰ ਤਰਤੀਬ ਦੇਣ ਲੱਗ ਪਏ। ਫਿਰ ਬਦਾਯੂਨੀ ਬੋਲਿਆ।
"ਸ਼ਹਿਨਸ਼ਾਹ ਆਲਮ, ਇਸਲਾਮ ਦੇ ਮੁਤਾਬਿਕ ਰੱਬ ਤੇ ਬੰਦੇ ਦਾ ਰਿਸ਼ਤਾ ਹਾਕਮ ਤੇ ਮਹਿਕੂਮ ਦਾ ਏ। ਰੱਬ ਦਾ ਕੰਮ ਏ ਹੁਕਮ ਦੇਣਾ ਤੇ ਬੰਦੇ ਦਾ ਕੰਮ ਏ ਹੁਕਮ ਬਜਾ
ਲਿਆਉਣਾ।"
ਅਕਬਰ ਨੇ
ਗੱਲ ਗ਼ੌਰ ਨਾਲ ਸੁਣੀ,
ਫਿਰ ਇੱਕ ਨਜ਼ਰ ਅਬੁਲਫ਼ਜ਼ਲ ਨੂੰ
ਵੇਖਿਆ ਜੀਹਦੇ ਚਿਹਰੇ 'ਤੇ ਬਦਾਯੂਨੀ ਨੂੰ ਬੋਲਦਾ ਵੇਖ ਕੇ ਇੱਕ ਜ਼ਹਿਰੀਲੀ ਮੁਸਕਾਨ ਖਿੱਲਰ ਗਈ
ਸੀ।
ਕੁਝ ਚਿਰ
ਪਿੱਛੋਂ ਯਹੂਦੀ ਰਾਬੀ ਬੋਲਿਆ।
"ਸ਼ਹਿਨਸ਼ਾਹ, ਯਹੂਦੀਅਤ
ਦੇ ਮੁਤਾਬਿਕ ਰੱਬ ਤੇ ਬੰਦੇ ਦਾ ਰਿਸ਼ਤਾ ਮੁਆਹਦੇ ਦਾ ਏ। ਯਾਹਵੇ ਨੇ ਸਾਡੇ ਨਾਲ ਮੁਆਹਦਾ ਕੀਤਾ ਏ ਕਿ ਜੇ ਅਸੀਂ ਉਹਦੇ ਦੀਨ
'ਤੇ ਚੱਲਾਂਗੇ ਤੇ ਉਹ ਸਾਨੂੰ ਇਜ਼ਰਾਈਲ ਦੀ ਹੁਕਮਰਾਨੀ ਤੇ ਆਪਣੀਆਂ
ਨੇਮਤਾਂ ਨਾਲ ਨਵਾਜ਼ੇਗਾ।"
ਅਕਬਰ ਨੇ
ਸਿਰ ਝੁਕਾ ਕੇ ਗੱਲ 'ਤੇ ਗ਼ੌਰ ਕੀਤਾ। ਫਿਰ ਸਿਰ ਚੁੱਕ ਕੇ ਆਲਮਾਂ ਵੱਲ ਵੇਖਣ ਲੱਗ ਪਿਆ।
ਹੁਣ
ਫ਼ਾਦਰ ਬੋਲਿਆ।
"ਸ਼ਹਿਨਸ਼ਾਹ ਹਿੰਦੁਸਤਾਨ, ਮਸੀਹੀਅਤ ਵਿੱਚ ਰੱਬ ਤੇ ਬੰਦੇ ਦਾ ਰਿਸ਼ਤਾ ਇੱਕ ਅਜ਼ੀਮ ਮੁਹੱਬਤ ਦਾ ਏ। ਰੱਬ ਨੇ ਬੰਦੇ ਨੂੰ ਜੰਨਤ ਵਿੱਚ ਰੱਖਿਆ ਸੀ, ਪਰ ਬੰਦੇ ਨੇ ਗ਼ਲਤੀ ਕੀਤੀ ਤੇ ਸਜ਼ਾ ਪਾਈ। ਫਿਰ ਮੁਹੱਬਤ ਭਰੇ ਰੱਬ ਨੇ
ਜ਼ਮੀਨ 'ਤੇ ਆ ਕੇ ਉਹਦੇ ਹਿੱਸੇ ਦੀ ਸਜ਼ਾ ਆਪ ਕੱਟ ਕੇ ਉਹਦੀ ਗ਼ਲਤੀ ਮਾਫ਼ ਕਰ
ਦਿੱਤੀ। ਬੰਦੇ ਦਾ ਕੰਮ ਏ ਕਿ ਉਹ ਆਪਣੇ ਰੱਬ ਨਾਲ ਮੁਹੱਬਤ ਕਰੇ।"
ਅਕਬਰ ਨੇ
ਫਿਰ ਅਬੁਲਫ਼ਜ਼ਲ ਵੱਲ ਵੇਖਿਆ ਤੇ ਸਿਰ ਹਿਲਾਇਆ।
ਹੁਣ
ਪੁਰੋਹਿਤ ਪੁਰਸ਼ੋਤਮ ਬੋਲਿਆ।
"ਹਿੰਦੂ ਮੱਤ ਵਿੱਚ ਰੱਬ ਤੇ ਬੰਦੇ ਦਾ ਕੋਈ ਫ਼ਰਕ ਨਹੀਂ। ਹਰ ਬੰਦਾ ਰੱਬ
ਦਾ ਹੀ ਰੂਪ ਏ,
ਉਹਦਾ ਕੰਮ ਇਹ ਏ ਕਿ ਉਹ ਆਪਣੇ
ਅੰਦਰ ਦੇ ਰੱਬ ਨੂੰ
ਪਛਾਣੇ।"
ਇਸ ਗੱਲ 'ਤੇ ਅਕਬਰ ਨੇ ਵਾਹ ਕਿਹਾ। ਨਾਲ ਹੀ ਅਬੁਲਫ਼ਜ਼ਲ ਮਸਤ ਹੋ ਕੇ ਬੋਲਿਆ।
"ਅੱਲ੍ਹਾ-ਉ-ਅਕਬਰ।"
ਬਦਾਯੂਨੀ
ਦੇ ਚਿਹਰੇ 'ਤੇ ਕ੍ਰਾਹਤ ਖਿੱਲਰ ਗਈ।
ਇਸ ਵਾਰੀ
ਆਚਾਰੀਆ ਬੋਲਿਆ।
"ਸ਼ਹਿਨਸ਼ਾਹ, ਬੁੱਧ ਮੱਤ
ਵਿੱਚ ਕੋਈ ਰੱਬ ਨਹੀਂ। ਬੰਦਾ ਜੋ ਕਰਮ ਕਰਦਾ ਏ ਉਹਨੂੰ ਉਹਦਾ ਫਲ ਮਿਲਦਾ ਏ। ਜੇ ਕੋਈ ਇਸ ਗੱਲ ਨੂੰ ਹਜ਼ਮ ਨਹੀਂ ਕਰ ਸਕਦਾ ਤੇ ਇਹ ਸਮਝ
ਲਵੇ ਕਿ ਇਹ ਅਸੂਲ ਹੀ ਰੱਬ ਏ।"
ਅਕਬਰ ਬੜਾ
ਚਿਰ ਆਚਾਰੀਆ ਨੂੰ ਵੇਖਦਾ ਰਿਹਾ। ਫਿਰ ਉਹਨੇ ਦਸਤੂਰ ਵੱਲ ਨਜ਼ਰ ਕੀਤੀ।
ਦਸਤੂਰ
ਬੋਲਿਆ।
"ਰੱਬ ਤੇ ਬੰਦੇ ਦਾ ਰਿਸ਼ਤਾ ਸਾਥੀਆਂ ਦਾ ਏ। ਚੰਗੇ ਮੰਦੇ ਦਾ ਫ਼ੈਸਲਾ ਬੰਦਾ ਆਪ ਕਰ ਸਕਦਾ ਏ। ਬੰਦੇ ਦੀ
ਮਰਜ਼ੀ ਏ ਭਾਵੇਂ ਉਹ ਰੱਬ ਅਹੂਰਾ ਮਜ਼ਦਾ ਦਾ ਸਾਥ ਦੇਵੇ ਜਾਂ ਭੈੜੇ ਕਰਮਾਂ ਨਾਲ ਸ਼ੈਤਾਨ ਅਹਰਮਨ ਦਾ
ਸਾਥੀ ਬਣ ਜਾਵੇ।"
ਅਕਬਰ ਨੇ
ਇੱਕ ਲੰਮਾ ਸਾਹ ਖਿੱਚਿਆ।
ਇਹ ਗੱਲਾਂ
ਜਿਹੜੀਆਂ ਆਲਮਾਂ ਪਿੱਛੋਂ ਉਹਨਾਂ ਦੇ ਤਰਜਮਾਕਾਰ ਫ਼ਾਰਸੀ ਨਾਲੇ ਹੋਰ ਜ਼ਬਾਨਾਂ ਵਿੱਚ ਮਹਿਫ਼ਲ ਨੂੰ
ਦੱਸਦੇ ਪਏ ਸਨ ਤੇ ਫ਼ਾਰਸੀ ਸੁਣ ਕੇ ਬੇਕਨ ਦਾ ਤਰਜਮਾਕਾਰ ਉਹਦੇ ਕੰਨ ਵਿੱਚ ਅੰਗਰੇਜ਼ੀ ਕਰਦਾ ਪਿਆ
ਸੀ,
ਸੁਣ ਕੇ ਬੇਕਨ ਦੇ ਦਿਮਾਗ਼ ਵਿੱਚ
ਝੱਖੜ ਚੱਲਣ ਲੱਗ ਪਏ। ਏਨੇ ਡੂੰਘੇ ਫ਼ਲਸਫ਼ੇ ਉਹਨੇ ਨਾ ਕਦੀ ਸੁਣੇ ਸਨ ਨਾ ਪੜ੍ਹੇ ਸਨ। ਰੱਬ ਤੇ
ਬੰਦੇ ਦਾ ਰਿਸ਼ਤਾ ਹਾਕਮ ਤੇ ਮਹਿਕੂਮ ਦਾ, ਮੁਹੱਬਤ ਦਾ, ਮੁਆਹਦੇ
ਦਾ,
ਸਾਥੀ ਦਾ, ਇੱਕ ਹੀ ਸ਼ੈਅ ਦੀ ਵੱਖਰੀ ਸ਼ਕਲਾਂ ਦਾ ਤੇ ਇੱਕ ਕਾਨੂੰਨ ਦਾ। ਇਹ ਬੰਦੇ
ਨੇਂ ਜਾਂ ਇਲਮ ਦੇ ਡੂੰਘੇ ਸਮੁੰਦਰ? ਬੇਕਨ ਦਾ
ਦਿਮਾਗ਼ ਇਹ ਗੱਲਾਂ ਹਜ਼ਮ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀ। ਇਸ ਹਰ ਰਿਸ਼ਤੇ ਭਾਰੋਂ ਤੇ ਰੱਬ ਦਾ
ਕਿਰਦਾਰ ਵੀ ਵੱਖਰਾ ਵੱਖਰਾ ਬਣਦਾ ਏ। ਹਿੰਦੁਸਤਾਨ ਵਿੱਚ ਰੱਬ ਦੇ ਵਜੂਦ ਤੇ ਉਹਦੀ ਹੱਈਅਤ 'ਤੇ ਲੋਕੀ ਕਿੰਨਾ ਡੂੰਘਾ, ਕਿੰਨਾ ਆਜ਼ਾਦ ਤੇ ਕਿੰਨਾ ਵੱਖਰਾ ਸੋਚਦੇ ਨੇਂ। ਤੇ ਓਥੇ ਯੂਰਪ ਵਿੱਚ
ਅਸੀਂ ਚੁੜੇਲਾਂ ਲੱਭਣ ਤੇ ਉਹਨਾਂ ਨੂੰ ਮਾਰਨ ਦੇ ਕਾਨੂੰਨ ਪਾਸ ਕਰਦੇ ਪਏ ਆਂ। ਇਹ ਮੁਲਕ ਤੇ ਇਲਮ
ਵਿੱਚ ਸਾਡੇ ਕੋਲੋਂ ਸਦੀਆਂ ਅੱਗੇ ਏ। ਏਥੇ ਤੇ ਮੈਨੂੰ ਇਲਮ ਸਿੱਖਣ ਦੇ ਬੇਬਹਾ ਮੌਕੇ ਲੱਭਣਗੇ, ਬੇਕਨ ਨੇ ਸੋਚਿਆ ਤੇ ਪਲਾਨ ਬਣਾਉਣ ਲੱਗਾ ਕਿ ਅਬੁਲਫ਼ਜ਼ਲ ਨੂੰ ਆਖੇਗਾ
ਉਹਦੀ ਮੁਲਾਕਾਤਾਂ ਇਹਨਾਂ ਆਲਮਾਂ ਨਾਲ ਵੀ ਕਰਾਵੇ।
ਇਹ
ਸਾਰੀਆਂ ਗੱਲਾਂ ਹੋ ਗਈਆਂ ਤੇ ਅਬੁਲਫ਼ਜ਼ਲ ਹੁਸ਼ਿਆਰ ਹੋ ਕੇ ਬਹਿ ਗਿਆ ਕਿ ਹੁਣ ਬਾਦਸ਼ਾਹ ਦੇ ਜ਼ਿਹਨ
ਵਿੱਚ ਜਿਹੜੀ ਵੀ ਗੱਲ ਏ ਉਹਨੂੰ ਛੇੜਨ ਲਈ, ਬਾਦਸ਼ਾਹ ਉਹਦੇ ਨਾਲ ਹੀ ਬਹਿਸ ਸ਼ੁਰੂ ਕਰੇਗਾ। ਪਰ ਅਕਬਰ ਕੁਝ ਨਾ
ਬੋਲਿਆ। ਕੁਝ ਚਿਰ ਐਸੇ ਤਰ੍ਹਾਂ ਲੰਘ ਗਿਆ ਤੇ ਅਬੁਲਫ਼ਜ਼ਲ ਨੂੰ ਬੇਚੈਨੀ ਹੋਣ ਲੱਗ ਪਈ।
ਆਖ਼ਿਰ
ਅਕਬਰ ਬੋਲਿਆ।
"ਮੈਂ ਸਭ ਦੀਆਂ ਗੱਲਾਂ ਗ਼ੌਰ ਨਾਲ ਸੁਣੀਆਂ ਨੇਂ। ਬੜੀ ਹੀ ਵਧੀਆ ਗੱਲਾਂ
ਨੇਂ,
ਪਰ ਹੈਰਾਨੀ ਦੀ ਗੱਲ ਇਹ ਏ ਕਿ
ਜੇ ਰੱਬ ਇੱਕ ਏ ਤੇ ਫਿਰ ਉਹਦਾ ਰਿਸ਼ਤਾ ਹਰ ਦੀਨ ਨਾਲ ਵੱਖਰਾ ਵੱਖਰਾ ਕਿਉਂ ਏ? ਮੈਂ ਚਾਹੁਣਾ ਵਾਂ ਕਿ ਇਹਨਾਂ ਗੱਲਾਂ 'ਤੇ ਕੁਝ ਚਿਰ ਤਨਹਾਈ ਵਿੱਚ ਗ਼ੌਰ ਕਰਾਂ। ਹੁਣ ਫਿਰ ਅਸੀਂ ਕੱਲ੍ਹ ਸ਼ਾਮ
ਨੂੰ ਮਿਲਾਂਗੇ।"
ਇਹ ਕਹਿ
ਕੇ ਬਾਦਸ਼ਾਹ ਉੱਠ ਗਿਆ। ਨਾਲ ਹੀ ਸਾਰੇ ਉੱਠ ਗਏ। ਬਾਦਸ਼ਾਹ ਨੇ ਅਬੁਲਫ਼ਜ਼ਲ ਨੂੰ ਪਿੱਛੇ ਆਉਣ ਦਾ
ਇਸ਼ਾਰਾ ਕੀਤਾ ਤੇ ਪਿਛਲੇ ਬੂਹੇ ਤੋਂ ਨਿਕਲ ਗਿਆ। ਅਬੁਲਫ਼ਜ਼ਲ ਛੇਤੀ ਨਾਲ ਉਹਦੇ ਪਿੱਛੇ ਗਿਆ।
"ਸ਼ਹਿਨਸ਼ਾਹ ਨੂੰ ਅੱਜ ਦੀ ਮਹਿਫ਼ਲ ਚੰਗੀ ਲੱਗੀ ਏ।"
ਅਬੁਲਫ਼ਜ਼ਲ
ਨੇ ਅਕਬਰ ਦੇ ਦਿਲ ਵਿੱਚ ਝਾਤੀ ਮਾਰਨ ਦੀ ਖ਼ਾਤਿਰ ਗੱਲ ਛੇੜੀ।
ਅਕਬਰ
ਮੁਸਕਾਇਆ।
"ਹਾਂ ਅਬੁਲਫ਼ਜ਼ਲ, ਇਹ ਗੱਲਾਂ, ਹਮੇਸ਼ਾ
ਵਾਂਗ,
ਕਮਾਲ ਦੀਆਂ ਸਨ।"
"ਫਿਰ ਵੀ ਅੱਜ ਸ਼ਹਿਨਸ਼ਾਹ ਨੂੰ ਗੱਲਾਂ ਬਹੁਤ ਹੀ ਖ਼ਾਸ ਲੱਗੀਆਂ ਨੇਂ ਕਿ
ਤੁਸੀਂ ਇਹਨਾਂ 'ਤੇ ਤਨਹਾਈ ਵਿੱਚ ਗ਼ੌਰ ਕਰਨਾ ਚਾਹੁੰਦੇ ਓ?"
ਅਬੁਲਫ਼ਜ਼ਲ
ਨੇ ਹੈਰਾਨੀ ਨਾਲ ਪੁੱਛਿਆ।
ਅਕਬਰ ਨੇ
ਇਸ਼ਾਰਾ ਕੀਤਾ ਤੇ ਉਹਨੂੰ ਘੇਰਾ ਪਾਏ ਪੰਜੀ ਦਰਬਾਨ ਦਸ ਕਦਮ ਦੂਰ ਹੋ ਗਏ।
"ਅਬੁਲਫ਼ਜ਼ਲ, ਅੱਜ ਦੀ
ਰਾਤ ਮੈਂ
ਰਾਣੀ ਮਾਰੀਆ ਨਾਲ ਲੰਘਾਣਾ ਚਾਹੁਣਾ ਵਾਂ। ਤੂੰ ਇਹਨਾਂ ਨੂੰ ਸਾਂਭ ਲੈ, ਕੱਲ੍ਹ ਕੋਈ ਹੋਰ ਗੱਲ ਕਰਾਂਗੇ।"
ਅਬੁਲਫ਼ਜ਼ਲ
ਦੋ ਲਮ੍ਹੇ ਚੁੱਪ ਰਿਹਾ।
"ਤੇ ਕੀ ਸ਼ਹਿਨਸ਼ਾਹ ਨੂੰ ਇਹ ਗੱਲਾਂ ਸਤਹੀ ਲੱਗੀਆਂ ਨੇਂ?"
ਅਕਬਰ
ਮੁਸਕਾਇਆ।
"ਨਹੀਂ ਅਬੁਲਫ਼ਜ਼ਲ, ਇਹ ਕਮਾਲ ਦੀਆਂ ਗੱਲਾਂ ਸਨ। ਮੈਂ ਇਹਨਾਂ ਆਲਮਾਂ ਦੀਆਂ ਗੱਲਾਂ 'ਤੇ ਹਮੇਸ਼ਾ ਹੀ ਗ਼ੌਰ ਕਰਨਾ ਵਾਂ। ਪਰ ਮੈਂ ਮੁਸਲਮਾਨ ਜੰਮਿਆ ਸਾਂ ਤੇ
ਮੁਸਲਮਾਨ ਹੀ ਮਰਾਂਗਾ।"
"ਤੇ ਸ਼ਹਿਨਸ਼ਾਹ ਆਲਮ, ਫਿਰ ਇਹਨਾਂ ਮਹਿਫ਼ਲਾਂ ਦਾ ਮਤਲਬ?"
"ਅਬੁਲਫ਼ਜ਼ਲ, ਤੂੰ
ਸਿਆਣਾ ਏਂ। ਮੈਂ ਬਾਦਸ਼ਾਹ ਆਂ,
ਕੋਈ ਮੁੱਲਾ ਜਾਂ ਪੁਰੋਹਿਤ
ਨਹੀਂ। ਮੈਂ ਆਪਣੀ ਰਿਆਇਆ 'ਤੇ ਹੁਕਮਰਾਨੀ ਕਰਨੀ ਏ ਉਹਨਾਂ ਨੂੰ ਜੰਨਤ ਨਹੀਂ ਦਿਵਾਉਣੀ। ਲੇਕਿਨ ਇਹ
ਗੱਲ ਲੋਕੀ ਨਹੀਂ ਸਮਝਦੇ। ਜੇ ਮੈਂ ਮੁਸਲਮਾਨ ਹੀ ਰਹਿਵਾਂ ਤੇ ਸਭ ਦਾ ਬਾਦਸ਼ਾਹ ਨਹੀਂ ਬਣ ਸਕਦਾ।
ਅਸਲ ਵਿੱਚ ਜੇ ਮੈਂ ਕਿਸੇ ਵੀ ਇੱਕ ਮਜ਼੍ਹਬ ਦਾ ਪੈਰੋਕਾਰ ਰਹਿਵਾਂ ਤੇ ਮੈਂ ਸਾਰੀ ਰਿਆਇਆ ਦਾ
ਬਾਦਸ਼ਾਹ ਨਹੀਂ ਬਣ ਸਕਦਾ।"
"ਤੇ ਕੀ ਸ਼ਹਿਨਸ਼ਾਹ ਬੇ-ਦੀਨੇ ਹੋਣ ਦਾ ਐਲਾਨ ਕਰਨ ਦਾ ਇਰਾਦਾ ਰੱਖਦੇ
ਨੇਂ?"
ਅਬੁਲਫ਼ਜ਼ਲ
ਨੇ ਪਰੇਸ਼ਾਨੀ ਨਾਲ ਪੁੱਛਿਆ।
"ਨਹੀਂ ਅਬੁਲਫ਼ਜ਼ਲ, ਇਹਦਾ ਵੀ ਸਗੋਂ ਨੁਕਸਾਨ ਹੀ ਹੋਣਾ ਏ।"
ਅਬੁਲਫ਼ਜ਼ਲ
ਕੁਝ ਨਾ ਸਮਝ ਕੇ ਚੁੱਪ ਰਿਹਾ।
ਅਕਬਰ ਨੇ
ਅਸਮਾਨ ਦੇ ਤਾਰਿਆਂ ਨੂੰ ਵੇਖਦੇ ਕਿਹਾ।
"ਇਸ ਲਈ ਮੈਂ ਸਭ ਨੂੰ ਉਲਝਣ ਵਿੱਚ ਹੀ ਰੱਖਾਂਗਾ। ਹਰ ਕੋਈ ਏਹੀ ਸੋਚਦਾ
ਰਹੇ ਕਿ ਮੈਂ ਉਹਦੇ ਮਜ਼੍ਹਬ ਵੱਲ ਜਾਂ ਤੇ ਮਾਇਲ ਆਂ ਜਾਂ ਫਿਰ ਮਾਇਲ ਹੋ ਸਕਦਾ ਵਾਂ। ਫਿਰ ਸਾਰੇ
ਮੈਨੂੰ ਕਾਇਲ ਕਰਨ ਦੀ ਆਸ ਵਿੱਚ ਹੀ ਰੁੱਝੇ ਰਹਿਣਗੇ।"
ਅਬੁਲਫ਼ਜ਼ਲ
ਬੇ-ਇਖ਼ਤਿਆਰ ਅੱਗੇ ਵਧਿਆ ਤੇ ਉਹਨੇ ਝੁਕ ਕੇ ਅਕਬਰ ਦਾ ਹੱਥ ਚੁੰਮ ਲਿਆ।
"ਸ਼ਹਿਨਸ਼ਾਹ ਆਲਮ ਦੀ ਸਮਝ ਬੁੱਝ ਸਾਰੇ ਆਲਮ ਦੀਆਂ ਕਿਤਾਬਾਂ ਤੇ ਇਲਮਾਂ
ਤੋਂ ਵੱਧ ਏ।"
"ਬੱਸ ਕਰ ਅਬੁਲਫ਼ਜ਼ਲ, ਹੁਣ ਮੈਨੂੰ ਜਾਣ ਦੇ। ਮੇਰਾ ਜੀ ਰਾਣੀ ਦੀ ਆਗੋਸ਼ ਲਈ ਤੜਫ਼ਦਾ ਪਿਆ
ਏ।"
ਅਕਬਰ ਨੇ
ਸ਼ਰਾਰਤ ਨਾਲ ਕਿਹਾ ਤੇ ਮਹਿਲ ਵੱਲ ਨੂੰ ਤੁਰ ਪਿਆ।
No comments:
Post a Comment