Wednesday 3 March 2021

ਜਲਿਆਂਵਾਲਾ ਬਾਗ਼; ਇਕ ਪੰਜਾਬੀ ਕਥਾ

 ਜਲਿਆਂਵਾਲਾ ਬਾਗ਼; ਇਕ ਪੰਜਾਬੀ ਕਥਾ

ਲੇਖਕ

ਮਖ਼ਦੂਮ ਟੀਪੂ ਸਲਮਾਨ (ਲਹੌਰ)





ਜਲਿਆਂਵਾਲਾ ਬਾਗ਼ ਦਾ ਕਤਲਾਮ ਇਕ ਹਜ਼ਾਰ ਲੋਕਾਂ ਨੂੰ ਮਾਰਨ ਦੀ ਕਹਾਣੀ ਨਹੀਂ, ਇਹ ਪੰਜਾਬ ਦੀ ਰੁਹ ਕੋਹਣ ਦੀ ਇਕ ਕੋਸ਼ਿਸ਼ ਦੀ ਕਥਾ ਏ। 1757 ਵਿਚ ਬੰਗਾਲ ਉੱਤੇ ਕਬਜ਼ਾ ਕਰਨ ਪਿੱਛੋਂ ਅੰਗਰੇਜ਼ਾਂ ਨੇ ਹੌਲੀ ਹੌਲੀ ਸਾਰੇ ਹਿੰਦੋਸਤਾਨ ਉੱਤੇ ਕਬਜ਼ਾ ਕਰ ਲਿਆ, ਪਰ ਰੰਜੀਤ ਸਿੰਘ ਤੇ ਹਰੀ ਸਿੰਘ ਨਲਵਾ ਦੇ ਹਂਦੇ ਉਹ ਪੰਜਾਬ ਤੇ ਹਮਲਾ ਕਰਨ ਦਾ ਹੌਸਲਾ ਨਾ ਕਰ ਸਕੇ। ਪੰਜਾਬ ਸਭ ਤੋਂ ਅਖ਼ੀਰ ਵਿਚ ਅੰਗਰੇਜ਼ਾਂ ਦੇ ਹੱਥੇ ਚੜ੍ਹਿਆ, 1849 ਵਿਚ। ਅੰਗਰੇਜ਼ਾਂ ਦੀਆਂ ਸਭ ਤੋਂ ਖ਼ੂਨੀ ਜੰਗਾਂ ਵੀ ਪੰਜਾਬੀਆਂ ਨਾਲ ਹੀ ਹੋਈਆਂ ਜਿਸ ਵਿਚ ਉਹਨਾਂ ਦੇ ਹਜ਼ਾਰਾਂ ਫ਼ੌਜੀ ਮਾਰੇ ਗਏ। ਪੰਜਾਬੀਆਂ ਦੀ ਆਪਣੀ ਧਰਤੀ ਨਾਲ ਜੁੜਤ, ਜਿਹਦੀ ਵਜ੍ਹਾਂ ਤੋਂ ਵੇਦਾਂ ਵਿਚ ਵੀ ਪੰਜਾਬੀਆਂ ਦੀ ਨਿੰਦਿਆ ਕੀਤੀ ਗਈ ਏ, ਅੰਗਰੇਜ਼ਾਂ ਨੂੰ ਵੀ ਬੜੀ ਖਲਦੀ ਸੀ। ਇਸ ਲਈ ਪੰਜਾਬੀਆਂ ਦੀ ਪੰਜਾਬੀਅਤ ਭਨਣ ਲਈ ਅੰਗਰੇਜ਼ਾਂ ਨੇ ਬਥੇਰੀਆਂ ਸਾਜ਼ਿਸ਼ਾਂ ਕੀਤੀਆਂ, ਜਿਹਨਾਂ ਵਿੱਚੋਂ ਇਕ ਪੰਜਾਬ ਵਿਚ ਪੰਜਾਬੀ ਮੁਕਾ ਕੇ ਉਰਦੂ ਲਾਣ ਦਾ ਹੁਕਮ ਸੀ। ਇਸ ਸਾਜ਼ਿਸ਼ ਨੇ ਅੱਜ ਵੀ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਤੇ ਸ਼ਾਹਮੁਖੀ ਵਿਚ ਵੰਡਿਆ ਹੋਇਆ ਹੈ। 

ਜਲਿਆਂਵਾਲਾ ਬਾਗ਼ ਦਾ ਕਤਲਾਮ ਵੀ ਇਸੀ ਪੰਜਾਬੀ ਦਬਾਓ-ਪੰਜਾਬ ਮੁਕਾਓ ਪਾਲਿਸੀ ਦੀ ਇਕ ਲੜੀ ਸੀ।

ਅੰਗਰੇਜ਼ ਸਰਕਾਰ ਨੂੰ ਖ਼ਤਰਾ ਸੀ ਕਿ ਪਹਿਲੀ ਵੱਡੀ ਜੰਗ (1914-1918) ਦੇ ਦੌਰਾਨ ਕਿੱਥੇ ਹਿੰਦੁਸਤਾਨੀ ਉਹਦੇ ਖ਼ਿਲਾਫ਼ ਬਗ਼ਾਵਤ ਨਾ ਕਰ ਦੇਣ। ਪਰ ਗਾਂਧੀ ਸਮੇਤ ਬਹੁਤ ਸਾਰੇ ਵੱਡੇ ਹਿੰਦੁਸਤਾਨੀ ਲੀਡਰਾਂ ਨੇ ਜੰਗ ਵਿਚ ਅੰਗਰੇਜ਼ ਸਰਕਾਰ ਦਾ ਸਾਥ ਦਿੱਤਾ। ਇਨ੍ਹਾਂ ਦਾ ਖ਼ਿਆਲ ਸੀ ਕਿ ਇਸ ਸਾਥ ਦੇਣ ਤੇ ਅੰਗਰੇਜ਼ ਖ਼ੁਸ਼ ਹੋ ਜਾਊ। ਉਹ ਸਮਝੇ ਬੈਠੇ ਸਨ ਕਿ ਹਿੰਦੋਸਤਾਨੀਆਂ ਨੂੰ ਆਪਣੀ ਫ਼ੌਜ ਵਿਚ ਸ਼ਾਮਿਲ ਹੋ ਕੇ ਜਰਮਨਾਂ, ਇਤਾਲਵੀਆਂ ਤੇ ਜਾਪਾਨੀਆਂ ਦੇ ਖ਼ਿਲਾਫ਼ ਲੜਨ ਦੇ ਇਨਾਮ ਵਿਚ, ਜੰਗ ਜਿੱਤਣ ਪਿੱਛੋਂ ਅੰਗਰੇਜ਼ ਸਰਕਾਰ ਹਿੰਦੁਸਤਾਨ ਨੂੰ ਵੀ ਡੋਮੀਨੀਅਨ ਕਰਾਰ ਦੇ ਕੇ ਇਸੇ ਤਰ੍ਹਾਂ ਤਕਰੀਬਨ ਅਜ਼ਾਦ ਕਰ ਦਵੇ ਗੀ ਜਿਸ ਤਰ੍ਹਾਂ ਉਹ ਕਨੇਡਾ ਤੇ ਆਸਟ੍ਰੇਲੀਆ ਨੂੰ ਪਹਿਲਾਂ ਈ ਕਰ ਚੁੱਕੀ ਸੀ। 

ਇਸ ਜੰਗ ਵਿਚ 13 ਲੱਖ ਹਿੰਦੁਸਤਾਨੀ ਅੰਗਰੇਜ਼ ਵੱਲੋਂ ਲੜੇ, ਜਿਹਨਾਂ ਵਿਚੋਂ ਪੰਜਾਹ ਹਜ਼ਾਰ ਮਾਰੇ ਗਏ ਤੇ ਸੱਤਰ ਹਜ਼ਾਰ ਫੱਟੜ ਹੋਏ। ਪਰ ਜਦੋਂ ਜੰਗ ਮੁੱਕੀ ਤੇ ਅੰਗਰੇਜ਼ ਸਰਕਾਰ ਨੇ ਹਿੰਦੁਸਤਾਨ ਨੂੰ ਅਜ਼ਾਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਵਾਸਤੇ ਹਿੰਦੋਸਤਾਨੀਆਂ ਤੇ ਅੰਗਰੇਜ਼ਾਂ ਵਿਚ ਤਣਾਓ ਬਣ ਗਿਆ ਤੇ ਅੰਗਰੇਜ਼ ਸਰਕਾਰ ਦੇ ਵਰਤਾਵੇ ਵਿਚ ਬਦਲਾਓ ਆ ਗਿਆ। ਜੰਗ ਵਿਚ ਹਿੰਦੁਸਤਾਨ ਦੀ ਮਈਸ਼ਤ ਤਬਾਹ ਹੋ ਚੁੱਕੀ ਸੀ ਤੇ ਹਰ ਪਾਸੇ ਮਹਿੰਗਾਈ ਤੇ ਬੇ ਰੋਜ਼ਗਾਰੀ ਦਾ ਰੌਲ਼ਾ ਸੀ। 1918 ਵਿਚ ਦੁਨੀਆ ਭਰ ਵਿਚ ਸਪੈਨਿਸ਼ ਫ਼ਲੂ ਦੀ ਜਾਨ ਲੇਵਾ ਵਬਾਅ ਫੈਲ ਗਈ, ਜਿਹਦੇ ਤੋਂ ਦਸ ਕਰੋੜ ਲੋਕ ਮਾਰੇ ਗਏ। ਹਿੰਦੁਸਤਾਨ ਵਿਚ ਇਸ ਬਿਮਾਰੀ ਤੋਂ ਦੋ ਕਰੋੜ ਦੇ ਨੇੜੇ ਤੇੜੇ ਲੋਕੀ ਮਰ ਗਏ, ਜਿਹਦੀ ਵਜ੍ਹਾ ਤੋਂ ਸਾਰੇ ਹਿੰਦੁਸਤਾਨ ਵਿਚ ਥਰਥਲੀ ਜਿਹੀ ਪਈ ਹੋਈ ਸੀ।

1919 ਵਿਚ ਅੰਗਰੇਜ਼ ਸਰਕਾਰ ਦੇ ਤੁਰਕੀ ਇਮਪਾਇਰ ਨੂੰ ਤੋੜਨ ਭਾਰੋਂ ਹਿੰਦੁਸਤਾਨੀ ਮੁਸਲਮਾਨ ਰਿੰਜ ਸਨ ਤੇ ਖ਼ਿਲਾਫ਼ਤ ਦੀ ਤਹਿਰੀਕ ਪਈ ਪੁੰਗਰਦੀ ਸੀ।

ਵੀਹਵੀਂ ਸਦੀ ਦੇ ਸ਼ੁਰੂ ਵਿਚ ਹੀ ਅਮਰੀਕਾ ਵਸਦੇ ਪੰਜਾਬੀਆਂ ਨੇ ਗ਼ਦਰ ਪਾਰਟੀ ਬਣਾ ਲਈ ਸੀ, ਤੇ 1915 ਵਿਚ ਇਹਨਾਂ ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਲਈ ਬਗ਼ਾਵਤ ਉਸਾਰਨ ਦਾ ਪਲਾਨ ਬਣਾਇਆ। ਬਗ਼ਾਵਤ ਦੀ ਇਹ ਕੋਸ਼ਿਸ਼ ਫੜੀ ਗਈ। ਅੰਗਰੇਜ਼ ਸਰਕਾਰ ਨੇ ਬਾਗ਼ੀਆਂ ਨੂੰ ਸਜ਼ਾਵਾਂ ਦੇਣ ਲਈ ਡੀਫ਼ੈਂਸ ਆਫ਼ ਇੰਡੀਆ ਐਕਟ 1915 ਲਾਗੂ ਕੀਤਾ, ਜਿਹਦੇ ਤਹਿਤ ਜੰਗ ਦੇ ਦੌਰਾਨ ਕਿਸੇ ਨੂੰ ਵੀ ਬਗ਼ੈਰ ਵਾਰੰਟ ਦੇ ਗ੍ਰਿਫ਼ਤਾਰ ਤੇ ਬਗ਼ੈਰ ਮੁਕੱਦਮੇ ਦੇ ਸਜ਼ਾ ਦਿੱਤੀ ਜਾ ਸਕਦੀ ਸੀ। ਇਸ ਕਾਲੇ ਕਨੂੰਨ ਦੇ ਤਹਿਤ ਗ਼ਦਰ ਪਾਰਟੀ ਦੇ ਫੜੀਚੇ ਲੋਕਾਂ ਨੂੰ ਇਕ ਟ੍ਰਿਬਿਊਨਲ ਨੇ ਲਹੌਰ ਕੋਂਸਪਾਇਰੇਸੀ ਕੇਸ ਵਿਚ ਸਜ਼ਾਵਾਂ ਦਿੱਤਿਆਂ। 42 ਬੰਦਿਆਂ ਨੂੰ ਫਾਏ ਲਾ ਦਿੱਤਾ ਤੇ 114 ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। 

ਗ਼ਦਰ ਪਾਰਟੀ ਦੀ ਬਗ਼ਾਵਤ ਦੀ ਕੋਸ਼ਿਸ਼ ਦੇ ਬਾਅਦ ਅੰਗਰੇਜ਼ ਸਰਕਾਰ ਨੇ ਇੰਗਲਿਸਤਾਨੀ ਹਾਈ ਕੋਰਟ ਦੇ ਇਕ ਜੱਜ, ਸਿਡਨੀ ਰੋਲਟ ਦੀ ਸਰਬਰਾਹੀ ਵਿਚ ਇਕ ਕਮੇਟੀ ਬਣਾਈ, ਜਿਹੜੀ ਰੋਲਟ ਕਮੇਟੀ ਕਹਵਾਈ। ਇਸ ਕਮੇਟੀ ਦਾ ਮਕਸਦ ਹਿੰਦੁਸਤਾਨ ਵਿਚ ਬਗ਼ਾਵਤ ਦੀਆਂ ਲਹਿਰਾਂ ਬਾਰੇ ਸ਼ਹਾਦਤਾਂ ਇਕੱਠਾ ਕਰ ਕੇ ਸਰਕਾਰ ਨੂੰ ਰਿਪੋਰ੍ਟ ਕਰਨਾ ਸੀ।

ਰੋਲਟ ਕਮੇਟੀ ਨੇ ਰਿਪੋਰ੍ਟ ਦਿੱਤੀ ਕਿ ਹਿੰਦੁਸਤਾਨ, ਖ਼ਾਸ ਕਰ ਪੰਜਾਬ ਤੇ ਬੰਗਾਲ ਵਿਚ ਲੋਕੀ ਬਗ਼ਾਵਤ ਤੇ ਆਮਾਦਾ ਨੇਂ, ਤੇ ਜਰਮਨ ਹਕੂਮਤ ਇਨ੍ਹਾਂ ਦੀ ਮਦਦ ਪਈ ਕਰਦੀ ਏ। ਬਗ਼ਾਵਤ ਨੂੰ ਡੱਕਣ ਲਈ ਡੀਫ਼ੈਂਸ ਆਫ਼ ਇੰਡੀਆ ਐਕਟ 1915 ਜਿਹਾ ਕਨੂੰਨ ਜੰਗ ਮੁੱਕਣ ਪਿੱਛੋਂ, ਅਮਨ ਦੇ ਦੌਰ ਲਈ ਵੀ ਪਾਸ ਕਰਨਾ ਚਾਹੀਦਾ ਏ। ਰੋਲਟ ਕਮੇਟੀ ਦੀ ਰਿਪੋਰ੍ਟ ਭਾਰੋਂ 18 ਮਾਰ੍ਚ 1919 ਨੂੰ ਐਨਾਰਕੀਕਲ ਐਂਡ ਰੈਵੋਲੂਸ਼ਨਰੀ ਕਰਾਈਮਜ਼ ਐਕਟ 1919 ਪਾਸ ਹੋਇਆ, ਜਿਹੜਾ ਰੋਲਟ ਐਕਟ ਕਹਿਵਾਇਆ। ਇਸ ਕਨੂੰਨ ਭਾਰੋਂ ਅੰਗਰੇਜ਼ ਸਰਕਾਰ ਹਿੰਦੁਸਤਾਨ ਵਿਚ ਕਿਸੇ ਨੂੰ ਵੀ ਬਿਨਾ ਵਾਰੰਟ ਗ੍ਰਿਫ਼ਤਾਰ ਤੇ ਬਿਨਾ ਮੁਕੱਦਮੇ ਦੇ ਸਜ਼ਾ ਦੇ ਸਕਦੀ ਸੀ। ਹੋਰ ਤੇ ਹੋਰ, ਪ੍ਰੈੱਸ ਅਤੇ ਸੈਨਸਰ ਸ਼ਿਪ ਵੀ ਲਾ ਸਕਦੀ ਸੀ। ਇਸ ਕਨੂੰਨ ਦੇ ਖ਼ਿਲਾਫ਼ ਇਹਤਿਜਾਜ ਕਰਦੇ ਹੋਏ ਜਿਨਾਹ ਨੇ ਲੈਜਿਸਲੇਟਿਵ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ।

1913 ਤੋਂ ਲੈ ਕੇ 1919 ਤੀਕਰ ਪੰਜਾਬ ਦਾ ਗਵਰਨਰ ਮਾਈਕਲ ਅਡਵਾਇਰ ਸੀ। ਮਾਈਕਲ ਅਡਵਾਇਰ ਨੇ 1885 ਵਿਚ ਇੰਡੀਅਨ ਸਿਵਲ ਸਰਵਿਸ ਵਿਚ ਕੰਮ ਸ਼ੁਰੂ ਕੀਤਾ ਤੇ 1919 ਤੀਕਰ ਦਾ ਤਕਰੀਬਨ ਸਾਰਾ ਅਰਸਾ ਪੰਜਾਬ ਵਿਚ ਹੀ ਰਿਹਾ। ਮਾਈਕਲ ਅਡਵਾਇਰ ਦੇ ਮੁਤਾਬਿਕ ਨਾ ਤੇ ਹਿੰਦੁਸਤਾਨੀ ਲੋਕਾਈ ਨੂੰ ਹਕੂਮਤ ਕਰਨ ਦੀ ਮੱਤ ਸੀ ਤੇ ਨਾ ਹੀ ਇਹ ਉਨ੍ਹਾਂ ਦੀ ਮੰਗ ਸੀ। ਉਹਦਾ ਮੰਨਣਾ ਸੀ ਕਿ ਹਿੰਦੋਸਤਾਨੀਆਂ ਵੱਲੋਂ ਹਰ ਤਰ੍ਹਾਂ ਦੇ ਜਲਸੇ ਜਲੂਸਾਂ ਨੂੰ ਸਖ਼ਤੀ ਨਾਲ਼ ਕੁਚਲ ਦੇਣਾ ਚਾਹੀਦਾ ਏ।

6 ਫ਼ਰਵਰੀ 1919 ਨੂੰ ਗਾਂਧੀ ਤੇ ਵੀਹ ਵੱਡੇ ਲੋਕਾਂ ਨੇ, ਜਿਹਨਾਂ ਵਿਚ ਸਿਖ, ਹਿੰਦੂ ਤੇ ਮੁਸਲਮਾਨ ਸਾਰੇ ਈ ਸ਼ਾਮਿਲ ਸਨ, ਐਲਾਨ ਕੀਤਾ ਕਿ ਜੇ ਰੋਲਟ ਕਨੂੰਨ ਪਾਸ ਹੋ ਗਿਆ ਤੇ ਉਹ ਕੋਈ ਦੰਗਾ ਫ਼ਸਾਦ ਤੇ ਨਹੀਂ ਕਰਨ ਗੇ, ਪਰ ਇਸ ਕਨੂੰਨ ਦੀ ਖੁੱਲਮ ਖੁੱਲਾ ਖ਼ਿਲਾਫ਼ ਵਰਜ਼ੀ ਕਰਨ ਗੇ। 1857 ਪਿੱਛੋਂ ਇਹ ਪਹਿਲੀ ਵਾਰ ਹੋ ਰਿਹਾ ਸੀ ਕਿ ਹਿੰਦੁਸਤਾਨੀ, ਅੰਗਰੇਜ਼ ਰਾਜ ਨੂੰ ਇੰਜ ਧੜੱਲੇ ਨਾਲ਼ ਪਏ ਲਲਕਾਰਦੇ ਸਨ। ਫ਼ਿਰ ਜਦੋਂ 18 ਮਾਰ੍ਚ 1919 ਨੂੰ ਰੋਲਟ ਕਨੂੰਨ ਪਾਸ ਹੋ ਕੇ ਨਾਫ਼ਿਜ਼ ਹੋ ਗਿਆ, ਤੇ ਗਾਂਧੀ ਨੇ 6 ਅਪ੍ਰੈਲ ਨੂੰ ਮੁਲ੍ਕ ਗੀਰ ਹੜਤਾਲ਼ ਦੀ ਕਾਲ਼ ਦੇ ਦਿੱਤੀ।

ਰੋਲਟ ਐਕਟ ਦੇ ਖ਼ਿਲਾਫ਼ ਗਾਂਧੀ ਦੀ ਕਾਲ਼ ਉੱਤੇ ਅੰਮ੍ਰਿਤਸਰ ਵਿਚ 30 ਮਾਰ੍ਚ ਨੂੰ ਕਾਮਯਾਬ ਹੜਤਾਲ਼ ਕੀਤੀ ਗਈ ਸੀ। ਇਸ ਦਿਨ ਤੀਹ ਹਜ਼ਾਰ ਲੋਕਾਂ ਦਾ ਇਕ ਇਕੱਠ ਵੀ ਹੋਇਆ ਸੀ, ਜਿਹਦੇ ਲੀਡਰ ਡਾਕਟਰ ਸੈਫ਼ ਉੱਦ ਦੀਨ ਕਿਚਲੂ ਤੇ ਡਾਕਟਰ ਸੱਤਿਆ ਪਾਲ਼ ਸਨ। ਡਾਕਟਰ ਕਿਚਲੂ ਬੈਰਿਸਟਰ ਸਨ ਤੇ ਉਨ੍ਹਾਂ ਫ਼ਿਲੌਸੋਫ਼ੀ ਵਿਚ ਡਾਕਟਰੇਟ ਦੀ ਡਿਗਰੀ ਲਈ ਹੋਈ ਸੀ, ਜਦ ਕਿ ਡਾਕਟਰ ਸੱਤਿਆ ਪਾਲ਼ ਇਕ ਮੈਡੀਕਲ ਡਾਕਟਰ ਸਨ।

ਗਾਂਧੀ ਜੀ ਦੀ ਕਾਲ਼ ਤੇ 6 ਅਪ੍ਰੈਲ ਨੂੰ ਲਹੌਰ ਵਿਚ ਹੜਤਾਲ਼ ਦੇ ਨਾਲ਼ ਰੋਲਟ ਐਕਟ ਦੇ ਖ਼ਿਲਾਫ਼ ਇਕ ਵੱਡਾ ਇਕੱਠ ਹੋਇਆ। ਨਾਲ ਅੰਮ੍ਰਿਤਸਰ, ਲਹੌਰ, ਗੁਜਰਾਂਵਾਲਾ, ਪਿੰਡੀ, ਹਾਫ਼ਿਜ਼ ਆਬਾਦ, ਬਟਾਲਾ, ਸਿਆਲਕੋਟ, ਜਲੰਧਰ, ਲੁਧਿਆਣੇ ਤੇ ਅੰਬਾਲੇ ਵਿਚ ਵੀ ਹੜਤਾਲ਼ ਤੇ ਇਕੱਠ ਹੋਏ।

ਇਹ ਸਾਰੇ ਇਕੱਠ ਪੂਰੀ ਤਰ੍ਹਾਂ ਪੁਰ ਅਮਨ ਰਹੇ, ਜਿਸ ਗੱਲ ਦੀ ਅਖ਼ਬਾਰਾਂ ਵਿਚ ਵਾਹਵਾ ਚਰਚਾ ਵੀ ਹੋਈ। ਪਰ ਇਸ ਗਲ ਦੀ ਕਦਰ ਕਰਣ ਦੀ ਥਾਂਂ ਅੰਗਰੇਜ਼ ਸਰਕਾਰ ਨੇ ਇਹਨੂੰ ਆਪਣੀ ਹਕੂਮਤ ਦੇ ਖ਼ਿਲਾਫ਼ ਬਗ਼ਾਵਤ ਮਿਥਿਆ। 7 ਅਪ੍ਰੈਲ ਨੂੰ ਪੰਜਾਬ ਦੇ ਗਵਰਨਰ ਮਾਈਕਲ ਅਡਵਾਇਰ ਦਾ ਬਿਆਨ ਆਇਆ ਕਿ ਜਦ ਉਹਨੇ ਪਹਿਲੀ ਜੰਗ-ਏ-ਅਜ਼ੀਮ ਦੇ ਦੌਰਾਨ ਪੰਜਾਬ ਵਿਚ ਕੋਈ ਗੜਬੜ ਨਹੀਂ ਹੋਣ ਦਿੱਤੀ ਤੇ ਹੁਣ ਜੰਗ ਦੇ ਬਾਅਦ ਉਹ ਪੰਜਾਬ ਵਿਚ ਕਿਸੇ ਕਿਸਮ ਦੀ ਗੜਬੜ ਬਰਦਾਸ਼ਤ ਨਹੀਂ ਕਰੇ ਗਾ। ਇਹ ਗਲ ਪੰਜਾਬੀਆਂ ਨੂੰ ਜਿਵੇਂ ਲੜ ਹੀ ਗਈ ਤੇ ਉਹ ਫੱਟੜ ਸ਼ੀਹਾਂ ਵਾਂਗ ਲੜਨ ਮਰਨ ਨੂੰ ਤਿਆਰ ਹੋ ਗਏ।

9 ਅਪ੍ਰੈਲ 1919 ਨੂੰ ਲਹੌਰ ਵਿਚ ਰਾਮ ਨੌਮੀ ਦਾ ਮੇਲਾ ਮਨਾਇਆ ਗਿਆ, ਜਿਹਦੇ ਵਿਚ ਵੀਹ ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੇਲੇ ਵਿਚ ਸਿੱਖਾਂ ਤੇ ਮੁਸਲਮਾਨਾਂ ਨੇ ਵੀ ਵੱਡੀ ਤਾਅਦਾਦ ਵਿਚ ਸ਼ਿਰਕਤ ਕੀਤੀ ਤੇ ਅੰਗਰੇਜ਼ ਸਰਕਾਰ ਦੇ ਖ਼ਿਲਾਫ਼ ਆਪਣੀ ਏਕਤਾ ਦਾ ਪਰਚਾਰ ਕਰਨ ਵਾਸਤੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਇਕੋ ਭਾਂਡੇ ਵਿਚੋਂ ਪਾਣੀ ਵੀ ਪੀਤਾ ਤੇ ਆਪਣੀਆਂ ਪੱਗਾਂ ਵੀ ਵਟਾਈਆਂ।

ਪੰਜਾਬ ਦਾ ਅੰਗਰੇਜ਼ ਸਰਕਾਰ ਖ਼ਿਲਾਫ਼ ਇੰਨਾ ਜ਼ੋਰਦਾਰ ਰੱਦ-ਏ-ਅਮਲ ਵੇਖ ਕੇ ਗਾਂਧੀ ਜੀ ਨੇ ਪੰਜਾਬ ਦਾ ਦੌਰਾ ਕਰਨਾ ਮਿਥਿਆ। ਪਰ ਮਾਈਕਲ ਅਡਵਾਇਰ ਨੇ 9 ਅਪ੍ਰੈਲ ਦੀ ਰਾਤ ਨੂੰ ਉਨ੍ਹਾਂ ਦਿੱਲੀ ਤੋਂ ਪਰ੍ਹਾਂ ਹੀ ਗ੍ਰਿਫ਼ਤਾਰ ਕਰਵਾ ਕੇ ਮਾਲ ਗੱਡੀ ਉੱਤੇ ਮੁੰਬਈ ਘੱਲ ਦਿੱਤਾ। 10 ਅਪ੍ਰੈਲ ਦੀ ਸਵੇਰ ਨੂੰ ਮਾਈਕਲ ਅਡਵਾਇਰ ਨੇ ਡਾਕਟਰ ਕਿਚਲੂ ਤੇ ਡਾਕਟਰ ਸੱਤਿਆ ਪਾਲ਼ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਵਾ ਕੇ ਕਿਸੇ ਨਾਮਾਲੂਮ ਥਾਂ ਤੇ ਘੱਲ ਦਿੱਤਾ। ਇਨ੍ਹਾਂ ਗ੍ਰਿਫ਼ਤਾਰੀਆਂ ਦੇ ਖ਼ਿਲਾਫ਼ 10 ਅਪ੍ਰੈਲ ਨੂੰ ਲਹੌਰ ਤੇ ਅੰਮ੍ਰਿਤਸਰ ਵਿਚ ਇੰਨੇ ਵੱਡੇ ਇਕੱਠ ਹੋਏ ਕਿ ਮਾਈਕਲ ਅਡਵਾਇਰ ਨੇ ਘਾਬਰ ਕੇ ਪੰਜਾਬ ਪੁਲਿਸ ਨੂੰ ਹੁਕਮ ਦੇ ਦਿੱਤਾ ਕਿ ਜੇ ਗੜਬੜ ਡੱਕਣ ਲਈ ਉਨ੍ਹਾਂ ਨੂੰ ਲੋਕਾਈ ਤੇ ਗੋਲੀ ਵੀ ਚਲਾਣੀ ਪਵੇ ਤੇ ਉਹ ਖੁੱਲ ਕੇ ਚਲਾਣ। ਇਨ੍ਹਾਂ ਇਕੱਠਾਂ ਦੀ ਖ਼ਾਸ ਗੱਲ ਇਹ ਸੀ ਕਿ ਇਨ੍ਹਾਂ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਰਲ਼ ਕੇ ਸ਼ਿਰਕਤ ਪਏ ਕਰਦੇ ਸਨ।

ਲੀਡਰਾਂ ਦੀ ਗ੍ਰਿਫ਼ਤਾਰੀ ਦੇ ਗ਼ੁੱਸੇ ਤੇ ਲੋਕਾਈ ਨੂੰ ਕਾਬੂ ਕਰਨ ਵਾਲੇ ਲੀਡਰਾਂ ਦੇ ਨਾ ਹੋਣ ਭਾਰੋਂ 10 ਅਪ੍ਰੈਲ ਦੇ ਲਹੌਰ ਤੇ ਅੰਮ੍ਰਿਤਸਰ ਦੇ ਇਕੱਠ ਪੁਰ ਅਮਨ ਨਾ ਰਹਿ ਸਕੇ। ਅੰਮ੍ਰਿਤਸਰ ਵਿਚ ਲੋਕਾਂ ਨੇ ਬੈਂਕਾਂ ਤੇ ਰੇਲਵੇ ਸਟੇਸ਼ਨਾਂ ਤੇ ਹਮਲੇ ਕਰ ਕੇ ਪੰਜ ਗੋਰੇ ਮਾਰ ਸੁੱਟੇ। ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸਤੋਂ ਕਈ ਬੰਦੇ ਮਾਰੇ ਗਏ, ਬਹੁਤ ਸਾਰੇ ਫੱਟੜ ਹੋ ਗਏ। 11 ਅਪ੍ਰੈਲ 1919 ਨੂੰ ਜੁਮਾ ਦਾ ਦਿਨ ਸੀ। ਲਹੌਰ ਦੀ ਬਾਦਸ਼ਾਹੀ ਮਸਜਿਦ ਤੇ ਪੈਂਤੀ ਹਜ਼ਾਰ ਲੋਕਾਂ ਦਾ ਇਕ ਵੱਡਾ ਇਕੱਠ ਹੋਇਆ, ਜਿਹਦੇ ਵਿਚ ਮੁਸਲਮਾਨਾਂ ਦੇ ਨਾਲ਼ ਹਿੰਦੂ ਤੇ ਸਿੱਖ ਵੀ ਸ਼ਾਮਿਲ ਸਨ। 12 ਅਪ੍ਰੈਲ ਨੂੰ ਮਿਲਟਰੀ ਨੇ ਲਹੌਰ ਵਿਚ ਗੋਲੀ ਚਲਾ ਦਿੱਤੀ ਤੇ ਦੱਸ ਬੰਦੇ ਕੋਹ ਛੱਡੇ। 13 ਅਪ੍ਰੈਲ ਨੂੰ ਐਤਵਾਰ ਦਾ ਦਿਨ ਸੀ ਤੇ ਵਿਸਾਖੀ ਦਾ ਮੇਲਾ। ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਵਿਚ ਦਸ ਹਜ਼ਾਰ ਬੰਦੇ ਦਾ ਇਕੱਠ ਸੀ। ਕੁੱਝ ਲੋਕੀ ਲੀਡਰਾਂ ਦੇ ਬੁਲਾਵੇ ਤੇ ਸਿਆਸੀ ਇਕੱਠ ਕਰਨ ਆਏ ਸਨ ਪਰ ਜ਼ਿਆਦਾ ਤਰ ਵਿਸਾਖੀ ਪਏ ਮਨਾਂਦੇ ਸਨ, ਇਸ ਲਈ ਬਾਗ਼ ਵਿਚ ਸਵਾਣੀਆਂ ਤੇ ਬਾਲ ਵਾਹਵਾ ਸਨ।

ਅੰਮ੍ਰਿਤਸਰ ਦੇ ਇੰਚਾਰਜ ਬ੍ਰਿਗੇਡੀਅਰ-ਜਨਰਲ ਰੈਜੀਨੌਲ੍ਡ ਡਾਇਰ ਨੇ ਅੰਮ੍ਰਿਤਸਰ ਵਿਚ ਇਕੱਠਾਂ ਤੇ ਰੋਕ ਲਾਈ ਹੋਈ ਸੀ। ਉਹਨੂੰ ਜਦੋਂ ਜਲਿਆਂਵਾਲਾ ਬਾਗ਼ ਦੇ ਇਕੱਠ ਦੀ ਖ਼ਬਰ ਮਿਲੀ ਤੇ ਉਹਨੇ ਪੰਜਾਬੀਆਂ ਨੂੰ ਸਬਕ ਸਿਖਾਣ ਦੀ ਠਾਣੀ।

ਜਲਿਆਂਵਾਲਾ ਬਾਗ਼ ਸ਼ਹਿਰ ਦੇ ਵਿਚਕਾਰ ਸੀ, ਇਸ ਲਈ ਚਾਰੇ ਪਾਸਿਓਂ ਇਮਾਰਤਾਂ ਤੇ ਕੰਧਾਂ ਭਾਰੋਂ ਬੰਦ ਸੀ। ਆਣ ਜਾਣ ਦਾ ਇੱਕੋ ਰਾਹ ਸੀ। ਲੌਢੇ ਵੇਲੇ, ਸ਼ਾਮੀ ਸਾਢੇ ਚਾਰ ਵਜੇ, ਜਨਰਲ ਡਾਇਰ ਨੇ ਬਾਗ਼ ਦਾ ਇਹ ਰਾਹ ਡੱਕ ਲਿਆ। ਉਹਦੇ ਨਾਲ਼ ਨੱਵੇ ਗੋਰਖੇ, ਸਿੱਖ ਤੇ ਮੁਸਲਮਾਨ ਫ਼ੌਜੀ ਸਨ। ਜਨਰਲ ਡਾਇਰ ਨੇ ਆਂਦਿਆਂ ਈ ਨਹੱਤਿਆਂ ਉੱਤੇ ਗੋਲੀ ਚਲਾਨ ਦਾ ਹੁਕਮ ਦੇ ਦਿੱਤਾ। ਫ਼ੌਜੀਆਂ ਕੋਲ਼ 1650 ਗੋਲੀਆਂ ਸਨ ਜਿਹੜੀਆਂ ਉਨ੍ਹਾਂ ਦਸ ਮਿੰਟ ਦੇ ਅੰਦਰ ਅੰਦਰ ਚਲਾ ਦਿੱਤੀਆਂ। ਦਸ ਹਜ਼ਾਰ ਦਾ ਨਿਹੱਤਾ ਡੱਕਿਆ ਹੋਇਆ ਮਜਮਾ ਸਾਹਮਣੇ ਸੀ, ਇਕ ਵੀ ਗੋਲੀ ਖ਼ਾਲੀ ਨਾ ਗਈ। ਅੰਗਰੇਜ਼ ਸਰਕਾਰ ਮੁਤਾਬਿਕ 379 ਮਾਰੇ ਗਏ ਤੇ ਹਜ਼ਾਰ ਤੋਂ ਵੱਧ ਫੱਟੜ ਹੋਏ। ਲੋਕੀ ਕਹਿੰਦੇ ਸਨ ਹਜ਼ਾਰ ਤੋਂ ਵੱਧ ਮਾਰੇ ਗਏ ਤੇ ਪੰਜ ਸੌ ਤੋਂ ਵੱਧ ਫੱਟੜ ਹੋਏ, ਜਿਹਨਾਂ ਵਿਚ ਬੰਦੇ, ਸਵਾਣੀਆਂ ਤੇ ਨਿੱਕੇ ਨਿੱਕੇ ਬਾਲ ਵੀ ਸਨ। ਕਤਲਾਮ ਨਾਲ਼ ਹੀ ਜਨਰਲ ਡਾਇਰ ਨੇ ਕਰਫ਼ਿਊ ਲਾ ਦਿੱਤਾ ਤੇ ਲੋਕਾਂ ਨੂੰ ਲਾਸ਼ਾਂ ਵੀ ਨਾ ਚੁੱਕਣ ਦਿੱਤੀਆਂ। ਰਾਤ ਨੂੰ ਲਾਸ਼ਾਂ ਉੱਤੇ ਗਿੱਧਾਂ ਤੇ ਕੁੱਤਿਆਂ ਨੇ ਭੋਜਨ ਕੀਤਾ।

14 ਅਪ੍ਰੈਲ ਨੂੰ ਜਲਿਆਂਵਾਲਾ ਬਾਗ਼ ਕਤਲਾਮ ਦੇ ਖ਼ਿਲਾਫ਼ ਗੁਜਰਾਂਵਾਲਾ ਵਿਚ ਮੁਜ਼ਾਹਿਰੇ ਹੋਏ ਜਿਹਦੇ ਉੱਤੇ ਮਾਈਕਲ ਅਡਵਾਇਰ ਦੇ ਹੁਕਮ ਤੇ ਹਵਾਈ ਜਹਾਜ਼ਾਂ ਤੋਂ ਬੰਮ ਡੇਗੇ ਗਏ ਤੇ ਮਸ਼ੀਨ ਗਨਾਂ ਤੋਂ ਗੋਲੀਆਂ ਵਰਸਾਈਆਂ ਗਈਆਂ। ਬਾਰ੍ਹਾਂ ਬੰਦੇ ਮਾਰੇ ਗਏ ਤੇ ਦਰਜਨਾਂ ਫੱਟੜ ਹੋਏ। 16 ਅਪ੍ਰੈਲ ਨੂੰ ਪੰਜਾਬ ਵਿਚ ਅੰਦੋਲਨ ਭਾਰੋਂ ਮਾਰਸ਼ਲ ਲਾਅ ਲਾ ਦਿੱਤਾ ਗਿਆ।

ਅਜੇ ਅੰਗਰੇਜ਼ ਸਰਕਾਰ ਦਾ ਕੌੜ ਲੱਥਾ ਨਹੀਂ ਸੀ। ਅੰਮ੍ਰਿਤਸਰ ਸ਼ਹਿਰ ਦੀ ਬਿਜਲੀ ਤੇ ਪਾਣੀ ਕੱਟ ਦਿੱਤੇ ਗਏ। ਇਕ ਗਲੀ, ਜਿਥੇ ਮੁਜ਼ਾਹਿਰੀਨ ਨੇ 10 ਅਪ੍ਰੈਲ ਦੇ ਮੁਜ਼ਾਹਿਰਾਂ ਦੌਰਾਨ ਇਕ ਅੰਗਰੇਜ਼ ਸਵਾਣੀ ਤੇ ਹਮਲਾ ਕੀਤਾ ਸੀ, ਉਹਦੇ ਬਾਰੇ ਆਡਰ ਹੋਇਆ ਕਿ ਇਥੋਂ ਜਿਹੜਾ ਵੀ ਹਿੰਦੁਸਤਾਨੀ ਲੰਘੇ ਉਹਨੂੰ ਦੋ ਸੌ ਗਜ਼ ਤੀਕਰ ਕੁੱਤਿਆਂ ਵਾਂਗ ਹੱਥਾਂ ਪੈਰਾਂ ਤੇ ਰਿੜ੍ਹ ਕੇ ਜਾਣਾ ਪਵੇ ਗਾ। ਗੁਜਰਾਂਵਾਲਾ ਵਿਚ ਮਾਰਸ਼ਲ ਲਾਅ ਨੋਟਿਸ ਨੰਬਰ-2 ਦੇ ਤਹਿਤ ਆਡਰ ਹੋਇਆ ਕਿ ਜਿਹੜਾ ਦੁਕਾਨਦਾਰ ਸਿਪਾਹੀਆਂ ਯਾਂ ਫ਼ੌਜੀਆਂ ਨੂੰ ਸੌਦਾ ਦੇਣ ਤੋਂ ਇਨਕਾਰ ਕਰੇ ਗਾ ਉਹਨੂੰ ਕੋੜੇ ਮਾਰੇ ਜਾਣ ਗੇ। ਮਾਰਸ਼ਲ ਲਾਅ ਨੋਟਿਸ ਨੰਬਰ-7 ਦੇ ਥੱਲੇ ਆਡਰ ਹੋਇਆ ਕਿ ਜਿਹੜਾ ਵੀ ਹਿੰਦੁਸਤਾਨੀ ਕਿਸੇ ਅੰਗਰੇਜ਼ ਅਫ਼ਸਰ ਨੂੰ ਵੇਖੇ, ਫ਼ੌਰਨ ਖਲੋ ਕੇ ਉਹਨੂੰ ਸਲੂਟ ਕਰੇ। ਲਹੌਰ ਵਿਚ ਕਾਲਜਾਂ ਦੇ ਪੜ੍ਹਾਕੂ ਮੁੰਡਿਆਂ ਨੂੰ ਆਡਰ ਹੋਏ ਕਿ ਉਹ ਹਰ ਰੋਜ਼ ਮੀਲਾਂ ਦੂਰ ਬਣੀਆਂ ਮਿਲ੍ਟਰੀ ਚੌਕੀਆਂ ਤੇ ਜਾ ਕੇ ਆਪਣੀਆਂ ਹਾਜ਼ਰੀਆਂ ਲਵਾਣ। ਸਾਰੇ ਪੰਜਾਬ ਵਿਚ ਮਾਰਸ਼ਲ ਲਾਅ ਅਦਾਲਤਾਂ ਨੇ ਦਰਜਨਾਂ ਪੰਜਾਬੀਆਂ ਨੂੰ ਮੁਜ਼ਾਹਿਰਿਆਂ, ਕਤਲ ਤੇ ਤੋੜ ਫੋੜ ਦੇ ਇਲਜ਼ਾਮਾਂ ਉੱਤੇ ਮੌਤ ਤੇ ਕੈਦ ਦੀਆਂ ਸਜ਼ਾਵਾਂ ਸੁਣਾਈਆਂ।

ਇਨ੍ਹਾਂ ਸਾਰੇ ਜ਼ੁਲਮਾਂ ਭਾਰੋਂ ਮੁਜ਼ਾਹਿਰੇ ਤੇ ਡੱਕੇ ਗਏ, ਪਰ ਹਾਹਾ ਕਾਰ ਇੰਨੀ ਕੂ ਪਈ ਕਿ ਮਾਈਕਲ ਅਡਵਾਇਰ ਤੇ ਜਨਰਲ ਡਾਇਰ, ਦੋਵਾਂ ਨੂੰ ਹਿੰਦੁਸਤਾਨ ਛੱਡ ਕੇ ਇੰਗਲਿਸਤਾਨ ਪਰਤਣਾ ਪਿਆ। ਇੰਗਲਿਸਤਾਨ ਵਿਚ ਜਨਰਲ ਡਾਇਰ ਨੇ ਅਸਤੀਫ਼ਾ ਦੇ ਦਿੱਤਾ। ਇੰਗਲਿਸਤਾਨ ਦੀ ਪਾਰਲੀਮੈਂਟ ਨੇ ਜਨਰਲ ਡਾਇਰ ਦੇ ਅਸਤੀਫ਼ੇ ਬਾਅਦ ਕਿਸੇ ਹੋਰ ਸਜ਼ਾ ਦੀ ਮੁਖ਼ਾਲਫ਼ਤ ਕਰ ਦਿੱਤੀ, ਪਰ ਜਨਰਲ ਡਾਇਰ ਦੇ ਜਲਿਆਂਵਾਲਾ ਕਤਲਾਮ ਨੂੰ ਗ਼ਲਤ ਕਰਾਰ ਦਿੱਤਾ। ਅੰਗਰੇਜ਼ ਅਫ਼ਸਰਾਂ ਤੇ ਲੋਕਾਈ ਵਿਚ ਬਹਿਰਹਾਲ ਉਹ ਬੜਾ ਮਸ਼ਹੂਰ ਰਿਹਾ, ਜਿਹਨਾਂ ਦਾ ਖ਼ਿਆਲ ਸੀ ਕਿ ਜਲਿਆਂਵਾਲਾ ਕਤਲਾਮ ਹਿੰਦੁਸਤਾਨ ਵਿਚ ਰਹਿਣ ਵਾਲਿਆਂ ਅੰਗਰੇਜ਼ਾਂ ਦੀ ਹਿਫ਼ਾਜ਼ਤ ਲਈ ਬਹੁਤ ਜ਼ਰੂਰੀ ਸੀ। ਲੋਕਾਂ ਨੇ ਚੰਦਾ ਇਕੱਠਾ ਕਰ ਕੇ ਜਨਰਲ ਡਾਇਰ ਨੂੰ ਛੱਬੀ ਹਜ਼ਾਰ ਪੌਂਡ ਦੀ ਰਕਮ ਵੀ ਦਿੱਤੀ, ਜਿਹੜੀ ਅੱਜ ਦੇ ਦਸ ਕਰੋੜ ਰੁਪਏ ਤੋਂ ਵੀ ਵਾਧੂ ਬਣਦੀ ਏ। ਇਸ ਚੰਦਾ ਮੁਹਿੰਮ ਵਿਚ ਮਸ਼ਹੂਰ ਅੰਗਰੇਜ਼ ਲਿਖਾਰੀ ਰੁਡਯਾਰਡ ਕਿਪਲਿੰਗ ਨੇ ਵੱਧ ਵੱਧ ਕੇ ਹਿੱਸਾ ਲਿਆ। ਦੂਜੇ ਪਾਸੇ ਜਲਿਆਂਵਾਲਾ ਕਤਲਾਮ ਵਿਚ ਮਾਰੇ ਜਾਣ ਵਾਲੇ ਲੋਕਾਂ ਦੇ ਵਾਰਸਾਂ ਨੂੰ ਅੰਗਰੇਜ਼ ਸਰਕਾਰ ਨੇ ਪੰਜ ਸੌ ਰੁਪਿਆ ਫ਼ੀ ਲਾਸ਼ ਦਾ ਮੁਆਵਜ਼ਾ ਦਿੱਤਾ। ਇਸ ਤੇ ਬੰਗਾਲ ਦੇ ਨੋਬਲ ਇਨਾਮ ਯਾਫ਼ਤਾ ਲਿਖਾਰੀ ਰਾਬਿੰਦਰ ਨਾਥ ਟੈਗੋਰ ਨੇ ਅਪਣਾ "ਸਰ" ਦਾ ਖ਼ਿਤਾਬ ਅੰਗਰੇਜ਼ ਸਰਕਾਰ ਨੂੰ ਮੋੜ ਦਿੱਤਾ।

13 ਮਾਰਚ 1940 ਨੂੰ ਪੰਜਾਬ ਦੇ ਪੁੱਤਰ ਉਧਮ ਸਿੰਘ ਨੇ ਲੰਦਨ ਵਿਚ ਮਾਈਕਲ ਅਡਵਾਇਰ ਨੂੰ ਗੋਲੀਆਂ ਮਾਰ ਕੇ ਮਾਰ ਸੁੱਟਿਆ ਤੇ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ। ਮੁਕੱਦਮੇ ਵਿਚ ਉਧਮ ਸਿੰਘ ਨੇ ਬਿਆਨ ਦਿੱਤਾ ਕਿ ਉਹਨੇ ਮਾਈਕਲ ਅਡਵਾਇਰ ਨੂੰ ਇਸ ਲਈ ਮਾਰਿਆ ਕਿ ਉਹਨੇ ਜਲਿਆਂਵਾਲਾ ਬਾਗ਼ ਵਿਚ ਪੰਜਾਬੀਆਂ ਦਾ ਕਤਲਾਮ ਕੀਤਾ ਸੀ। ਉਧਮ ਸਿੰਘ ਨੂੰ ਫਾਏ ਲਾ ਦਿੱਤਾ ਗਿਆ। ਉਧਮ ਸਿੰਘ ਭਗਤ ਸਿੰਘ ਦਾ ਪਰਸਤਾਰ ਤੇ ਗ਼ਦਰ ਪਾਰਟੀ ਦਾ ਮੈਂਬਰ ਸੀ।

ਪੰਜਾਬੀਆਂ ਬਾਰੇ ਅੰਗਰੇਜ਼ਾਂ ਨੇ ਬੜੀਆਂ ਕਹਾਣੀਆਂ ਘੜੀਆਂ ਹੋਈਆਂ ਸਨ ਕਿ ਪੰਜਾਬੀ ਲੜਦੇ ਨਹੀਂ। ਪਰ ਅੰਦਰੋਂ ਉਹਨਾਂ ਪਤਾ ਸੀ ਕਿ ਪੰਜਾਬੀ ਅੰਗਰੇਜ਼ਾਂ ਤਰ੍ਹਾਂ ਦੂਜੀਆਂ ਕੌਮਾਂ ਨੂੰ ਲੁੱਟਣ ਲਈ ਉਹਨਾਂ ਤੇ ਹਮਲਾ ਨਹੀਂ ਕਰਦੇ। ਪਰ ਜੇ ਆਪਣੀ ਧਰਤੀ ਦੀ ਗਲ ਹੋਵੇ ਤੇ ਪੰਜਾਬੀ ਜਿੰਨਾ ਕੋਈ ਵੀ ਨਹੀਂ ਲੜ ਸਕਦਾ। ਮੈਹਮੂਦ ਗ਼ਜ਼ਨਵੀ ਨੇ ਹਿੰਦੋਸਤਾਨ ਉੱਤੇ ਸਤਾਰ੍ਹਾਂ ਹਮਲੇ ਲੁਟ ਮਾਰ ਵਾਸਤੇ ਕੀਤੇ ਸਣ, ਇੱਥੇ ਕਬਜ਼ਾ ਕਰਣ ਲਈ ਨਹੀਂ। ਪਰ ਕਬਜ਼ਾ ਉਹਨੇ ਨਿਰੇ ਪੰਜਾਬ ਉੱਤੇ ਹੀ ਕੀਤਾ। ਇਹਦੀ ਵਜ੍ਹਾ ਇਹ ਸੀ ਕਿ ਹਿੰਦੁਸਤਾਨ ਉੱਤੇ ਹਮਲਾ ਕਰਨ ਵਾਸਤੇ ਉਹਨੂੰ ਪੰਜਾਬ ਤੋਂ ਲੰਘਣਾ ਪੈਂਦਾ ਸੀ। ਉਹਦੀ ਫੌਜ ਇੰਨੀ ਵੱਡੀ ਸੀ ਕਿ ਈਰਾਨ, ਅਫਗਾਨਿਸਤਾਨ, ਹਿੰਦੋਸਤਾਨ, ਸੈਂਟ੍ਰਲ ਏਸ਼ੀਆ ਦੀ ਕੋਈ ਵੀ ਫੌਜ ਉਹਦੇ ਅੱਗੇ ਨਹੀਂ ਟਿਕਦੀ ਸੀ। ਉਹ ਹਰ ਵਾਰੀ ਪੰਜਾਬ ਨੂੰ ਤਬਾਹ ਕਰ ਕੇ ਹਿੰਦੁਸਤਾਨ ਜਾਂਦਾ, ਤੇ ਹਰ ਵਾਰੀ ਹੀ ਪੰਜਾਬੀ ਉਹਦੇ ਨਾਲ ਲੜਨ ਖਲੋ ਜਾਂਦੇ। ਤੰਗ ਆਕੇ ਉਹਨੂੰ ਪੰਜਾਬ ਵਿਚ ਆਪਣੀ ਫੌਜੀ ਛਾਉਣੀ ਬਨਾਣੀ ਪਈ, ਕਿਉਂਕਿ ਜਿੰਨਾ ਮਰਜ਼ੀ ਉਹ ਪੰਜਾਬ ਵਿਚ ਕਤਲਾਮ ਕਰਦਾ, ਅਗਲੀ ਵਾਰ ਪੰਜਾਬੀ ਫ਼ੇਰ ਲੜਨ ਖਲੋ ਜਾਂਦੇ। ਅੰਗਰੇਜ਼ ਸਰਕਾਰ ਪੰਜਾਬ ਦੇ ਇਤਿਹਾਸ ਦੀ ਚੰਗੀ ਤਰ੍ਹਾਂ ਜਾਨੂ ਸੀ, ਇਸ ਲਈ ਉਹ ਪੰਜਾਬੀਆਂ ਦੇ ਕਰੋਧ ਤੋਂ ਖ਼ੌਫ਼ ਖਾਂਦੇ ਸਣ ਤੇ ਉਹਨਾਂ ਪੰਜਾਬ ਨੂੰ ਦੱਬ ਕੇ ਰੱਖਣ ਦੀ ਪਾਲਿਸੀ ਲਾਈ ਹੋਈ ਸੀ। ਪਰ ਇਤਿਹਾਸ ਗੁਆਹ ਹੈ ਕਿ ਪੰਜਾਬ ਨੂੰ ਅੱਜ ਤੀਕਰ ਕੋਈ ਦੱਬ ਕੇ ਨਹੀਂ ਰੱਖ ਸਕਿਆ, ਭਾਂਵੇ ਉਹ ਕਿੰਨਾ ਹੀ ਵੱਡਾ ਤੁੱਰਮ ਖਾਂ ਕਿਉਂ ਨਾ ਹੋਵੇ!


No comments:

Post a Comment