(Download Complete Book)
ਸਮਹ ਦੁਆਰ
ਪੰਜਾਬ ਤੇ ਓਹਦੇ
ਰੰਗ
ਪਹਿਲਾ ਅੰਗ
ਟੀਪੂ ਸਲਮਾਨ ਮਖ਼ਦੂਮ
(ਸ਼ਾਹਮੁਖੀ ਪੰਜਾਬੀ ਤੋਂ
ਅਨੁਵਾਦਿਤ)
ਹੜੱਪਾ
ਵਾਸੀਆਂ ਦੇ ਨਾਂ
ਅੰਗ - ੧
ਪਹਿਲੀ ਗੱਲ
ਜੁਆਨ ਘੋੜੇ 'ਤੇ
ਬੈਠਿਆ ਜਾ ਰਿਹਾ ਸੀ। ਰਾਹ ਵਿੱਚ ਰੁੱਕ ਕੇ ਉਹਨੇ ਖੇਤਾਂ ਵਿੱਚੋਂ ਮੂਲੀਆਂ ਪੱਟ ਕੇ ਖਾਧੀਆਂ 'ਤੇ ਫੇਰ ਘੋੜੇ 'ਤੇ
ਜਾ ਚੜ੍ਹਿਆ। ਘਰ ਅੱਪੜ ਕੇ ਉਹਨੇ ਪੱਗ ਲਾਹੀ, ਘੜੇ
ਵਿੱਚੋਂ ਪਾਣੀ ਪੀਤਾ 'ਤੇ ਮੰਜੀ ਉੱਤੇ ਲੰਮਾ ਪੈ ਗਿਆ।
ਜੇ ਕੋਈ ਮੈਨੂੰ ਕਹੇ ਕਿ ਇਹ ਮੰਜ਼ਰ ਪੰਜਾਬ ਦੇ ਇੱਕ
ਪਿੰਡ ਦਾ ਏ, ਤੂੰ ਦੱਸ ਭਾਈ ਇਹ ਕਿਸ ਜ਼ਮਾਨੇ
ਦਾ ਏ, 'ਤੇ ਮੈਂ ਫੱਸੂੜੀ ਵਿੱਚ ਪੈ
ਜਾਵਾਂਗਾ। ਪੰਜਾਬ ਦੇ ਪਿੰਡ ਵਿੱਚ ਇਹ ਪੰਜਾਹ ਵਰ੍ਹੇ ਪਹਿਲਾਂ ਵੀ ਹੁੰਦਾ ਸੀ, ਸੌ ਵਰ੍ਹੇ ਪਹਿਲਾਂ ਵੀ, ਪੰਜ ਸੌ ਵਰ੍ਹੇ ਪਹਿਲਾਂ ਵੀ, ਹਜ਼ਾਰ ਵਰ੍ਹੇ ਪਹਿਲਾਂ ਵੀ 'ਤੇ ਦੋ ਹਜ਼ਾਰ ਵਰ੍ਹੇ ਪਹਿਲਾਂ ਵੀ। ਹਜ਼ਾਰਾਂ
ਵਰ੍ਹਿਆਂ ਤੋਂ ਪੰਜਾਬ ਦੇ ਹਾਲਾਤ ਇੱਕੋ ਜਿਹੇ ਨੇਂ। ਓਹੀ ਕਿਸਾਨ, ਓਹੀ ਖੇਤ, ਓਹੀ
ਹਲ, ਓਹੀ ਬੈਲ, ਓਹੀ ਘੋੜੇ, ਓਹੀ
ਘੜੇ, ਓਹੀ ਬਰਾਦਰੀਆਂ 'ਤੇ ਓਹੀ ਸ਼ਰੀਕੇ। ਹਜ਼ਾਰਾਂ ਵਰ੍ਹਿਆਂ ਤੋਂ ਪੰਜਾਬ
ਵਿੱਚ ਇੱਕੋ ਜਿਹੇ ਹਾਲਾਤ ਦੇ ਕਾਰਨ ਜੀਵਨ ਵੀ
ਇੱਕੋ ਜਿਹਾ ਸੀ। ਐੱਸ ਕਰਕੇ ਹਜ਼ਾਰਾਂ ਵਰ੍ਹਿਆਂ ਤੋਂ ਪੰਜਾਬ ਦੀਆਂ ਕਹਾਣੀਆਂ ਵੀ ਇੱਕੋ ਜਿਹੀਆਂ
ਹੁੰਦੀਆਂ ਸਨ। ਫਸਲਾਂ 'ਤੇ ਪਾਣੀ ਦੀ ਵੰਡ ਦੇ ਵੈਰ।
ਘੁੜ-ਦੌੜਾਂ, 'ਤੇ ਮੇਲਿਆਂ ਠੇਲਿਆਂ ਦੇ
ਮੁਆਸ਼ਕੇ। ਵਿਆਹਵਾਂ ਦੀਆਂ ਖ਼ੁਸ਼ੀਆਂ 'ਤੇ ਜਨਾਜ਼ਿਆਂ ਦੇ ਵੈਣ।