ਸਾਇੰਸ ਬਿਨਾ ਗਿਆਨ ਹੋ ਸਕਦਾ?
ਲੇਖਕ
ਮਖ਼ਦੂਮ ਟੀਪੂ ਸਲਮਾਨ
ਅਜ ਕਲ ਸਾਇੰਸ ਦਾਨਾਂ ਤੇ ਕਹਾਣੀ ਕਾਰਾਂ ਵਿਚ ਬੜਾ ਯੁੱਧ ਪਿਆ ਚਲਦਾ ਏ। ਲਿਖਾਰੀ ਕਹਿੰਦੇ ਸਾਇੰਸ ਬੰਦੇ ਨੂੰ ਬੰਦਾ ਨਹੀਂ ਮਸ਼ੀਨ ਸਮਝਦੀ ਏ। ਨਾ ਉਹ ਜਜ਼ਬਿਆਂ ਦਾ ਕੋਈ ਭਾਰ ਲੈਂਦੀ ਏ, ਨਾ ਹੀ ਇਨਸਾਨੀ ਰਿਸ਼ਤਿਆਂ ਤੇ ਟ੍ਰੈਡਿਸ਼ਨਜ਼ ਨੂੰ ਕੁਝ ਸਮਝਦੀ ਏ। ਸਾਇੰਸ ਇਨਸਾਨ ਨੂੰ ਹੀ ਨਹੀਂ ਸਗੋਂ ਸਾਰੀ ਦੁਨੀਆਂ ਨੂੰ ਹੀ ਤਬਾਹੀ ਵਲ ਧਕੇਲੀ ਜਾਂਦੀ ਏ।
ਉਹ ਕਹਿੰਦੇ ਨੇਂ:
1- ਸਾਇੰਸ ਨੇ ਬੰਦੂਕ ਤੇ ਐਟਮ ਬੰਮ ਬਣਾ ਕੇ ਕਰੋੜਾਂ ਲੋਕਾਂ ਦੇ ਕਤਲਾਮ ਦੀ ਰਾਹ ਬਣਾਈ।
2- ਸਾਈੰਸ ਲੋਕਾਂ ਨੂੰ ਜੰਕ ਫ਼ੂਡ ਤੇ ਸੋਡੇ ਤੇ ਲਾ ਕੇ ਬਿਮਾਰ ਕਰਦੀ ਏ, ਫ਼ੇਰ ਇਲਾਜ ਦੇ ਨਾਂ ਤੇ ਦਵਾਈਆਂ ਖਵਾ ਖਵਾ ਕੇ ਪਹਿਲਾਂ ਉਨ੍ਹਾਂ ਦੇ ਖੀਸੇ ਖ਼ਾਲੀ ਕਰਦੀ ਏ, ਫ਼ੇਰ ਜਾਨੋਂ ਈ ਮਾਰ ਸੁਟਦੀ ਏ।
3- ਸਾਇੰਸ ਨੇ ਦੁਨੀਆ ਦਾ ਇਕੋਲੌਜੀਕਲ ਬੈਲੈਂਸ ਬਰਬਾਦ ਕਰ ਛਡਿਆ ਏ, ਜਿਸ ਭਾਰੋਂ ਦੁਨੀਆ ਵਿਚ ਜਿੰਦੜੀ ਦਾ ਸਾਰਾ ਸਿਸਟਮ ਈ ਕੁਲੈਪ੍ਸ ਹੋਣ ਨੂੰ ਫਿਰਦਾ ਏ।
4- ਸਾਇੰਸ ਤੇ ਇਹਦੀ ਧੀ ਟਿਕਨੌਲੋਜੀ ਨੇ ਅਮੀਰ ਗ਼ਰੀਬ ਦਾ ਫ਼ਰਕ ਇੰਨਾ ਵਧਾ ਦਿੱਤਾ ਏ ਕਿ ਨੱਵੇ ਫ਼ੀਸਦੀ ਰਿਸੋਰਸਿਸ ਦਸ ਫ਼ੀਸਦੀ ਲੋਕਾਂ ਦੀ ਮੁੱਠੀ ਵਿਚ ਬੰਦ ਹੋ ਗਏ ਨੇਂ। ਹਾਲ ਇਹ ਹੋ ਚੁਕਿਆ ਏ ਕਿ ਇਕ ਪਾਸੇ ਲੱਖਾਂ ਲੋਕੀ ਭੁੱਕੇ ਪਏ ਮਰਦੇ ਨੇਂ ਤੇ ਦੂਜੇ ਪਾਸੇ ਕੁਝ ਲੋਕਾਂ ਕੋਲ ਇੰਨੇ ਪੈਸੇ ਨੇਂ ਕਿ ਉਨ੍ਹਾਂ ਨੂੰ ਗਿਨਣ ਲਈ ਕੈਲਕੂਲੇਟਰ ਦੀ ਲੋੜ ਪੈਂਦੀ ਏ।
ਦੂਜੇ ਪਾਸੇ ਸਾਇੰਸ ਦਾਨ ਲੋਕੀ ਕਹਿੰਦੇ ਕਿ ਸਾਇੰਸ ਬਿਨਾ ਗਿਆਨ ਆ ਹੀ ਨਹੀਂ ਸਕਦਾ। ਮਸ਼ਹੂਰ ਸਾਇੰਸ ਦਾਨ ਸਟੀਫ਼ਨ ਹੌਕਿੰਗ ਕਹਿੰਦਾ ਮਰ ਗਿਆ ਕਿ ਸਾਇੰਸ ਦਾਨਾਂ ਦੇ ਇਲਾਵਾਹ ਅਜ ਦੇ ਸਾਰੇ ਫ਼ਿਲੌਸੋਫ਼ਰ ਤੇ ਗਿਆਨੀ ਇਰ ਰੈਲੇਵੈਂਟ ਨੇਂ। ਉਹਦਾ ਕਹਿਣਾ ਸੀ ਪਿਛਲੇ ਸੌ ਵਰ੍ਹਿਆਂ ਵਿਚ ਸਾਇੰਸ ਨੇ ਯੂਨੀਵਰ੍ਸ ਬਾਰੇ ਜੋ ਕੁਝ ਪਤਾ ਕਰ ਲਿਆ ਹੋਇਆ ਏ, ਉਨ੍ਹੇ ਇਨਸਾਨੀ ਸੋਚ ਵਿਚ ਇਕ ਇਨਕਲਾਬ ਬਰਪਾ ਕਰ ਛਡਿਆ ਏ। ਸਿਤਾਰਿਆਂ ਬਾਰੇ, ਜ਼ਵੀਂ ਬਾਰੇ, ਨਾਲੇ ਇਨਸਾਨੀ ਜੁੱਸੇ ਤੇ ਸੋਚ ਬਾਰੇ ਜਿਹੜੇ ਫ਼ੈਕਟ੍ਸ ਹੁਣ ਸਾਇਂਸ ਨੇ ਸਾਨੂੰ ਦੱਸੇ ਨੇਂ, ਉਨ੍ਹਾਂ ਨੇ ਹੋਂਦ ਦਾ ਸਾਰਾ ਪੈਰਾਡਾਈਮ ਹੀ ਸ਼ਿਫ਼੍ਟ ਕਰ ਦਿੱਤਾ ਏ। ਜੋ ਕੁਝ ਵੀ ਇਨਸਾਨ ਹਜ਼ਾਰਾਂ ਵਰ੍ਹਿਆਂ ਤੋਂ ਸਮਝਦਾ ਰਿਹਾ ਸੀ, ਉਹ ਸਭ ਕੁਝ ਹੀ ਗ਼ਲਤ ਨਿਕਲਿਆ ਏ। ਪਰ ਇਹ ਸਾਰੀਆਂ ਸਾਇੰਟਿਫ਼ਿਕ ਡਿਸਕਵਰੀਆਂ ਨਿਰੇ ਸਾਇੰਸ ਦਾਨਾਂ ਨੂੰ ਹੀ ਪਤਾ ਨੇਂ। ਦੂਜੀ ਫ਼ੀਲਡਾਂ ਦੇ ਗਿਆਨੀ ਤੇ ਫ਼ਿਲੌਸੋਫ਼ਰ ਸਾਇੰਸ ਬਾਰੇ ਕੁਝ ਪੜ੍ਹਦੇ ਹੀ ਨਹੀਂ ਇਸ ਲਈ ਉਨ੍ਹਾਂ ਕੋਲ ਦੁਨੀਆ ਦੀ ਜਿਹੜੀ ਤਸਵੀਰ ਏ ਉਹ ਅੱਜ ਦੀ ਨਹੀਂ ਸਗੋਂ ਹਜ਼ਾਰਾਂ ਵਰ੍ਹਿਆਂ ਪੁਰਾਣੀ ਏ।
ਗ਼ਲਤ ਫ਼ੈਕਟ੍ਸ ਤੇ ਕੋਈ ਸੋਸ਼ਲ ਥਿਊਰੀ ਉਸਾਰਨਾ ਇੰਜ ਹੀ ਏ ਜਿਸਰਾਂ ਕੱਖਾਂ ਦੀਆਂ ਕੰਧਾਂ ਉੱਤੇ ਪੱਥਰ ਦੀ ਛਤ ਪਾਣਾ।
ਸਾਇੰਸ ਤੇ ਫ਼ਿਲੌਸੋਫ਼ੀ ਦੋ ਬਿਲਕੁਲ ਵਖਰੀਆਂ ਸ਼ੈਵਾਂ ਨੇਂ, ਪਰ ਅਸੀਂ ਇਨ੍ਹਾਂ ਨੂੰ ਗਡ ਮਡ ਕਰ ਦਿੰਦੇ ਹਾਂ। ਸਾਇੰਸ ਦਾ ਕੰਮ ਬਸ ਇੰਨਾ ਹੀ ਏ ਕਿ ਫ਼ੈਕਟ੍ਸ ਦਾ ਪਤਾ ਲਾਏ। ਇਨ੍ਹਾਂ ਫ਼ੈਕਟਾਂ ਨੂੰ ਧਿਆਨ ਵਿਚ ਰਖਦੇ ਹੋਏ ਸੋਚਣਾ ਕਿ ਸਚ ਦੀ ਕੀ ਤਸਵੀਰ ਹੋ ਸਕਦੀ ਏ, ਇਹ ਥਿਓਰਾਈਜ਼ ਕਰਨ ਦਾ ਕੰਮ ਫ਼ਿਲੌਸੋਫ਼ੀ ਦਾ ਹੁੰਦਾ ਏ। ਇਕ ਫ਼ੈਕ੍ਟ ਉੱਤੇ ਕਈ ਥਿਊਰੀਆਂ ਉਸਾਰੀਆਂ ਜਾ ਸਕਦੀਆਂ ਨੇਂ, ਤੇ ਉਸਾਰੀਆਂ ਜਾਂਦੀਆਂ ਵੀ ਨੇਂ। ਫ਼ੇਰ ਇਹ ਪਤਾ ਕਰਨ ਲਈ ਕਿ ਕਿਹੜੀ ਥਿਊਰੀ ਠੀਕ ਏ, ਤਜਰਬੇ ਕੀਤੇ ਜਾਂਦੇ ਨੇਂ। ਇਹ ਤਜਰਬੇ ਜਿੱਥੇ ਇਕ ਸਵਾਲ ਦਾ ਜਵਾਬ ਦਿੰਦੇ ਨੇਂ ਉੱਥੇ ਚਾਰ ਨਵੇਂ ਸਵਾਲ ਵੀ ਚੁਕ ਦਿੰਦੇ ਨੇਂ। ਇਸਰਾਂ ਇਕ ਥਿਊਰੀ ਦੇ ਪ੍ਰੂਵ ਹੁੰਦੇ ਹੁੰਦੇ ਚਾਰ ਨਵੀਆਂ ਥਿਊਰੀਆਂ ਦੀ ਰਾਹ ਖੁਲ੍ਹ ਜਾਂਦੀ ਏ। ਇਸੇ ਤਰ੍ਹਾਂ ਸਾਇੰਸ ਸੱਚੇ ਤੇ ਸੁੱਚੇ ਗਿਆਨ ਨੂੰ ਅੱਗੇ ਤੋਂ ਅੱਗੇ ਹੀ ਵਧਾਂਦੀ ਜਾਂਦੀ ਏ। ਸਾਇੰਸ ਆਪ ਕੋਈ ਥਿਊਰੀ ਨਹੀਂ ਬਣਾਂਦੀ। ਸਾਇੰਸ ਤੇ ਇਕ ਪ੍ਰੋਸੀਜਰ ਏ, ਇਕ ਤਰੀਕਾ। ਜਿਹੜਾ ਫ਼ੈਕ੍ਟ ਇਸ ਪ੍ਰੋਸੀਜਰ ਦੀ ਛਲਨੀ ਵਿੱਚੋਂ ਲੰਘ ਜਾਏ ਉਨ੍ਹੂੰ ਸਾਇੰਸੀ ਫ਼ੈਕ੍ਟ ਆਖਿਆ ਜਾਂਦਾ ਏ। ਸਾਇੰਸ ਇਹ ਨਹੀਂ ਕਹਿੰਦੀ ਕਿ ਨਿਰੇ ਓਹੀ ਫ਼ੈਕ੍ਟ ਸੱਚੇ ਨੇ ਜਿਹੜੇ ਸਾਇੰਸੀ ਨੇਂ, ਤੇ ਨਾ ਹੀ ਇਹ ਕਿ ਜਿਹੜੇ ਫ਼ੈਕ੍ਟ ਸਾਇੰਸੀ ਪ੍ਰੋਸੀਜਰ ਥਾਨੀ ਚੈਕ ਨਹੀਂ ਹੋ ਸਕਦੇ ਓਹ ਸੱਚੇ ਨਹੀਂ। ਸਾਇੰਸ ਤੇ ਬਸ ਇਹੀ ਕਹਿੰਦੀ ਏ ਕਿ ਜਿਹੜੇ ਫ਼ੈਕਟ ਉਨ੍ਹੇ ਚੈਕ ਕਰ ਲਏ ਨੇਂ, ਉਨ੍ਹਾਂ ਦਾ ਨਾਂ ਉਨ੍ਹੇ ਸਾਇੰਸੀ ਫ਼ੈਕਟ੍ਸ ਰਖ ਦਿੱਤਾ ਏ।
ਹੁਣ ਸਾਇੰਸ ਦੇ ਲੱਭੇ ਹੋਏ ਫ਼ੈਕਟਾਂ ਨੂੰ ਕਿਸਰਾਂ ਵਰਤਾਨਾਂ ਏ, ਇਹ ਕੰਮ ਸਾਇੰਸ ਦਾ ਨਹੀਂ। ਐਟਮ ਨੂੰ ਤੋੜਨ ਨਾਲ ਵਾਧੂ ਐਨਰਜੀ ਨਿਕਲਦੀ ਏ, ਇਹ ਫ਼ੈਕ੍ਟ ਸਾਇੰਸ ਨੇ ਲਭਿਆ। ਹੁਣ ਇਸ ਐਨਰਜੀ ਨਾਲ ਐਟਮ ਬੰਮ ਵੀ ਬਣਾਇਆ ਜਾ ਸਕਦਾ ਸੀ ਤੇ ਬਿਜਲੀ ਘਰ ਵੀ। ਇਨ੍ਹਾਂ ਦੋਵਾਂ ਵਿੱਚੋਂ ਕੀ ਬਨਾਣਾ ਏ, ਇਹ ਫ਼ੈਸਲਾ ਸਾਇੰਸ ਨਹੀਂ ਕਰਦੀ, ਪੌਲਿਟਿਕ੍ਸ ਕਰਦੀ ਏ। ਸਾਇੰਸ ਦੌਲਤ ਵਧਾ ਸਕਦੀ ਏ, ਪਰ ਇਹ ਫ਼ੈਸਲਾ ਕਿ ਇਹ ਦੌਲਤ ਕੁਝ ਲੋਕਾਂ ਦੇ ਹਥ ਵਿਚ ਰਹਿਣੀ ਏ ਯਾਂ ਸਾਰਿਆਂ ਵਿਚ ਬਰਾਬਰ ਵਰਤਾਣੀ ਏ, ਸਾਇੰਸ ਨਹੀਂ ਇਕੋਨੌਮਿਕ ਸਿਸਟਮ ਕਰਦਾ ਏ।
ਯੂਨੀਵਰ੍ਸ ਵਿਚ ਕਹਿੜੀਆਂ ਫ਼ੋਰਸਿਸ ਨੇਂ, ਜ਼ਵੀਂ ਕਿਸਰਾਂ ਬਣੀ ਸੀ, ਦੁਨੀਆ ਵਿਚ ਜਿੰਦੜੀ ਕਿਸਰਾਂ ਫੁੱਟੀ, ਇਨਸਾਨੀ ਦਮਾਗ਼ ਸੋਚਦਾ ਕਿਸਰਾਂ ਏ, ਇਹ ਸਾਰੀਆਂ ਗੱਲਾਂ ਹਜਾਰਾਂ ਵਰ੍ਹਿਆਂ ਤੋਂ ਇਨਸਾਨ ਕੁਝ ਹੋਰ ਸਮਝਦਾ ਸੀ, ਪਰ ਹੁਣ ਸਾਇੰਸ ਨੇ ਪ੍ਰੂਵ ਕੀਤਾ ਏ ਕਿ ਸੱਚਾਈ ਅਸਲ ਵਿਚ ਕੁਝ ਹੋਰ ਏ। ਜਦੋਂ ਤੀਕਰ ਫ਼ਿਲੌਸਫ਼ਰਾਂ ਤੇ ਗਿਆਨੀਆਂ ਨੂੰ ਇਹ ਗੱਲਾਂ ਨਹੀਂ ਪਤਾ ਹੋਣ ਗੀਆਂ, ਓਹ ਗ਼ਲਤ ਥੀਊਰੀਆਂ ਉਸਾਰਦੇ ਰਹਿਣ ਗੇ।
ਜੇ ਇਕ ਟਾਊਨ ਪਲੈਨਰ ਨੂੰ ਇਹ ਨਹੀਂ ਪਤਾ ਹੋਵੇ ਗਾ ਕਿ ਜਿੰਦੜੀ ਦੀ ਐਵੋਲੂਸ਼ਨ ਕਿਸਰਾਂ ਹੋਂਦੀ ਏ ਤੇ ਜਨਾਵਰ ਤੇ ਰੁਖ ਕਿਸਰਾਂ ਜੁੜੇ ਹੋਏ ਨੇਂ, ਤੇ ਓਹ ਸ਼ਹਿਰ ਉਂਜ ਹੀ ਡਿਜ਼ਾਈਨ ਕਰੇ ਗਾ ਜਿਸਰਾਂ ਪੰਜ ਹਜ਼ਾਰ ਵਰ੍ਹੇ ਪਹਿਲਾਂ ਹੜੱਪਾ ਵਾਸੀ ਕਰਦੇ ਸਨ।
ਜੇ ਇਕ ਕਹਾਣੀਕਾਰ ਨੂੰ ਸਾਇਕੌਲੋਜੀ ਤੇ ਨਿਊਰੋ ਸਾਇੰਸ ਦੀਆਂ ਨਵੀਂ ਡਿਸਕਵਰੀਆਂ ਦਾ ਨਹੀਂ ਪਤਾ ਹੋਵੇ ਗਾ ਤੇ ਓਹ ਕਹਾਣੀ ਉੰਜ ਹੀ ਲਿੱਖੇ ਗਾ ਜਿਸਰਾਂ ਤਿਨ ਹਜ਼ਾਰ ਵਰ੍ਹੇ ਪਹਿਲਾਂ ਹੂਮਰ ਲਿਖਦਾ ਸੀ।
ਸਾਇੰਸ ਦੀਆਂ ਡਿਸਕਵਰੀਆਂ ਆਰ੍ਟ, ਹਿਊਮੈਨੇਟੀਜ਼ ਯਾਂ ਲਿਟਰੇਚਰ ਤੋਂ ਵਖਰੀਆਂ ਨਹੀਂ, ਇਹ ਸਾਰੇ ਗਿਆਨ ਜਿੰਦੜੀ ਦੇ ਗਿਆਨ ਨੇਂ। ਜਿਸਰਾਂ ਸਾਇੰਸ ਦਾਨਾਂ ਨੂੰ ਫ਼ਿਲੌਸੋਫ਼ੀ ਤੇ ਲਿਟਰੇਚਰ ਦਾ ਪਤਾ ਨਾ ਹੋਵੇ ਤੇ ਕੋਨਸਨਟ੍ਰੇਸ਼ਨ ਕੈਂਮਪ ਉਸਰ ਆਂਦੇ ਨੇਂ, ਉਂਜ ਹੀ ਜੇ ਗਿਆਨੀਆਂ ਨੂੰ ਸਾਇੰਸ ਦਾ ਪਤਾ ਨਾ ਹੋਵੇ ਤੇ ਅਸਲੀ ਗਿਆਨ ਨਹੀਂ ਲਭਦਾ!
No comments:
Post a Comment