Wednesday, 24 February 2021

ਸ਼ਾਹਕਾਰ। ਕਹਾਣੀ

 ਸ਼ਾਹਕਾਰ

ਲੇਖਕ

ਮਖ਼ਦੂਮ ਟੀਪੂ ਸਲਮਾਨ



ਦੋ ਉੰਗਲਾਂ ਵਿਚ ਸਿਗਰਟ ਦਾ ਐਂਗਲ ਦਾਗ਼ੀ ਗਈ ਤੋਪ ਦਾ ਸੀ। ਗੋਲਾ ਥੁੱਕਣ ਪਿੱਛੋਂ ਜਿਵੇਂ ਗਾਲ੍ਹਾਂ ਦਾ ਧੂਆਂ ਈ ਰਹਿ ਜਾਂਦਾ ਏ, ਸਿਗਰਟ ਦੇ ਮੂਹੋਂ ਪੁੰਗਰ ਪੁੰਗਰ ਕੇ ਮੌਲਾਨਾ ਰੂਮੀ ਦੇ ਚਿੱਟੇ ਦਰਵੇਸ਼ਾਂ ਵਾੰਗ ਗੇੜੇ ਲਾਂਦਾ ਨਚਦਾ ਪਿਆ ਸੀ। ਕਲ੍ਹ ਦਾ ਕੰਮ ਛੋਹਣ ਤੋਂ ਪਹਿਲਾਂ ਵਕੀਲ ਸਾਬ ਸਾਰੇ ਦਿਨ ਦੀ ਖੱਜਲ ਖਾਰੀ ਅਨਵਾਈੰਡ ਪਏ ਕਰਦੇ ਸਨ। ਜਿਸਰਾਂ ਅਦਾਲਤਾਂ ਦੀ ਸਾਰੀ ਕਿਲ ਕਿਲ ਤੇ ਕਨੂਨੀ ਲੜਾਈਆਂ ਦਮਾਗ਼ ਤੋਂ ਰਤ ਵਿਚ ਵਗ ਰਿਹੀਆਂ ਹੋਣ, ਉੱਥੋਂ ਫਿਫੜੇਆਂ ਵਿਚ, ਜਿੱਥੋਂ ਸਿਗਰਟ ਦੇ ਧੂੰਏਂ ਨਾਲ ਓਹ ਇਹ ਸਾਰੀਆਂ ਟੌਕਜ਼ਿਕ ਸੋਚਾਂ ਬਾਹਰ ਨੂੰ ਪਏ ਫੂਕਦੇ ਹੋਣ। ਕੇਸਾਂ ਦਿਆਂ ਫ਼ਾਈਲਾਂ ਦਾ ਢੇਰ ਮੁਨਸ਼ੀ ਮੇਜ਼ ਤੇ ਲਾਹ ਗਿਆ ਸੀ। ਬਹੁਤੇ ਪਾਟੇ ਪੁਰਾਣੇ, ਹੰਡੇ ਹੋਏ, ਤੇ ਕੁਝ ਨਵੇਂ ਲਫ਼ਾਫ਼ੇ। ਚਾਲ੍ਹੀ ਵਰ੍ਹਿਆਂ ਦੀ ਰੁਟੀਨ ਸੀ, ਕੋਈ ਸਿਆਪਾ ਨਹੀਂ ਸੀ। ਕੇਸ ਸਾਰੇ ਤਿਆਰ ਸਨ, ਬਸ ਇਕ ਨਜ਼ਰ ਮਾਰਨੀ ਸੀ, ਚੇਤਾ ਰਿਫ਼ਰੈੱਸ਼ ਕਰਨ ਲਈ। ਦੂਜਾ ਸਿਗਰਟ ਬਾਲ੍ਹ ਕੇ ਫ਼ਾਈਲਾਂ ਖੋਲ ਲਈਆਂ। ਸੂਟੇ ਤੇ ਸੂਟਾ ਮਾਰਦੇ ਪੱਨੇ ਪਲਟੀ ਜਾਂਦੇ ਤੇ ਇਕ ਇਕ ਕਰਕੇ ਫ਼ਾਈਲਾਂ ਪਰਾਂ ਮਾਰੀ ਜਾਂਦੇ। 


ਮੁਨਸ਼ੀ ਕੰਮਰੇ 'ਚ ਵੜਿਆ। ਕੋਈ ਨਵਾਂ ਕਲਾਇੰਟ ਆਇਆ ਸੀ। ਵਕੀਲ ਸਾਬ ਨੇ ਪੁਛਿਆ ਕਿਸੇ ਕਲਾਇੰਟ ਨੇ ਘਲਿਆ ਸੀ ਯਾਂ ਐਵੇਂ ਈ ਟੁਰਦਾ ਫਿਰਦਾ ਆ ਵਜ੍ਹਿਆ ਸੀ। ਕਲਾਇੰਟ ਨੇ ਘਲਿਆ ਸੀ। ਵਕੀਲ ਸਾਬ ਨੂੰ ਦੂਣੀ ਖ਼ੁਸ਼ੀ ਹੋਈ। ਇਕ ਤੇ ਆਣ ਆਲਾ ਮਾਈਂਡ ਬਣਾ ਕੇ ਉਹਨਾ ਵਾਸਤੇ ਈ ਆਇਆ ਸੀ, ਕੇਸ ਬੁਕ ਹੋਣ ਦਾ ਚਾਂਸ ਵਾਧੂ ਸੀ, ਤੇ ਦੂਜਾ ਪੁਰਾਣੇ ਕਲਾਇੰਟ ਉਹਨਾ ਦੇ ਕੰਮ ਤੋਂ ਰਾਜ਼ੀ ਸਨ, ਮਤਲਬ ਫਾਏ ਕੁਕੜ ਆਂਡੇ ਪਏ ਦੇਂਦੇ ਸਣ। ਮੁਨਸ਼ੀ ਨੂੰ ਕਿਹਾ ਥੋੜੀ ਦੇਰ ਪਿੱਛੋਂ ਘਲ ਦਈਂ। ਫ਼ਾਈਲਾਂ ਹੋਰ ਖਲਾਰ ਕੇ ਨਵਾਂ ਸਿਗਰਟ ਲਾਲਿਆ। ਕਲਾਇੰਟ ਨੂੰ ਫ਼ਟਾ ਫ਼ਟ ਮਿਲ ਲਵੋ ਤੇ ਸਮਝਦਾ ਏ ਵਕੀਲ ਫ਼ਾਰਿਗ਼ ਈ ਏ।


ਹੌਲੀ ਜਿਹੀ ਉਮਰ ਦਾ ਮੁਂਡਾ ਸੀ, ਤੀਹ ਦਾ ਵੀ ਨਹੀਂ ਹੋਣਾ। ਕੁਂਡਲਾਂ ਆਲੇ ਵਾਲ ਮੋਢਿਆਂ ਤੇ ਡਿਗਦੇ ਸਣ ਤੇ ਦਾੜ੍ਹੀ ਮੁਛ ਵੀ ਖੁੱਲੀ ਛੱਡੀ ਸੀ। ਮੂੰਹ ਡਿੰਗਾ ਕਰਕੇ ਅੰਗਰੇਜ਼ੀ ਬੋਲੀ ਤੇ ਵਕੀਲ ਸਾਬ ਹੋਰ ਹੁਸ਼ਿਆਰ ਹੋਗਏ।


- ਮਲਿਕ ਸਾਬ ਮੇਰੇ ਅੰਕਲ ਨੇਂ, ਤੁਹਾਡੀ ਬੜੀ ਤਾਅਰੀਫ਼ ਕਰਦੇ ਨੇਂ।

- ਮਹਿਰਬਾਨੀ ਏ ਔਹਨਾਂ ਦੀ। ਔਹਨਾ ਦੇ ਪਰਾਪਰਟੀ ਦੇ ਸਾਰੇ ਕੇਸ ਮੈਂ ਈ ਕਰ ਰਿਹਾਂ। ਅਜੇ ਪਿਛਲੇ ਮਹੀਨੇ ਈ ਔਹਨਾ ਦਾ ਪਲਾਜ਼ੇ ਵਾਲਾ ਕੇਸ ਜਿੱਤਿਆ ਏ, ਬੜੇ ਖ਼ੁਸ਼ ਸਣ।

- ਜੀ ਤੁਹਾਡੀ ਬੜੀ ਤਾਅਰੀਫ਼ ਕਰਦੇ ਨੇਂ। ਮੈਂ ਵੀਹ ਵਰ੍ਹਿਆਂ ਪਿੱਛੋਂ ਇਟਲੀ ਤੋਂ ਮੁੜਿਆਂ। ਅਸੀਂ ਔਥੇ ਈ ਸੈਟਲ ਆਂ, ਐਸ ਲਈ ਮੈਨੂੰ ਅੰਕਲ ਦੇ ਕੇਸਾਂ ਦਾ ਤੇ ਨਈਂ ਪਤਾ, ਪਰ ਔਹ ਤੁਹਾਡੀ ਬੜੀ ਤਾਅਰੀਫ਼ ਕਰਦੇ ਨੇਂ।

- ਅੱਛਾ ਅੱਛਾ, ਐਥੇ ਪਰਾਪਰਟੀ ਲੈਣੀ ਜੇ?

- ਨਈਂ ਸਰ, ਮੈਂ ਲਹੌਰ ਇਚ ਆਰ੍ਟ ਗੈਲਰੀ ਖੋਲਨ ਦਾ ਸੋਚਨਾ ਪਿਆਂ।

- ਆਰ੍ਟ ਗੈਲਰੀ! ਵਧੀਆ ਸੋਚ ਏ। ਕੰਮਪਨੀ ਰਜਿਸਟਰ ਕਰਾਓ ਗੇ ਯਾਂ ਪਾਰ੍ਟਨਰਸ਼ਿਪ ਡੀਡ? ਸ਼ੁਰੂ ਇਚ ਪਾਰਟ੍ਨਰਸ਼ਿਪ ਈ ਚੰਗੀ ਏ, ਬੌਹਤੀ ਖੇਚਲ ਨਈਂ, ਫ਼ੇਰ ਜੇ ਕੰਮ ਚਲ ਜਾਏ ਤੇ ਜਦੋਂ ਆਖੋ ਗੇ ਕੰਮਪਨੀ ਰਜਿਸਟਰ ਕਰਾ ਦਿਆਂ ਗਾ, ਕੋਈ ਮਸਅਲਾ ਈ ਨਈਂ।

- ਜੀ ਸਰ। ਨਈਂ ਸਰ, ਅਜੇ ਕੰਮਪਨੀ ਬਾਰੇ ਤੇ ਫ਼ੈਸਲਾ ਨਈਂ ਕੀਤਾ। ਨਈਂ ਪਾਰਟ੍ਨਰਸ਼ਿਪ ਤੇ ਨਈਂ ਕਰਨੀ। ਫ਼ਾਇਨੈਨਸਿਜ਼ ਦਾ ਕੋਈ ਰੌਲ਼ਾ ਨਈਂ। ਬਾਕੀ ਨੈਟਵਰਕਿੰਗ ਦਾ ਕੰਮ ਮੈਂ ਏਜੈਂਟ੍ਸ ਥਾਨੀ ਕਰਾਲਾਂ ਗਾ। ਮੈਂ ਪੁੱਛਣ ਐਹ ਆਇਆ ਸਾਂ, ਆਰ੍ਟ ਗੈਲਰੀ ਖੋਲਨ ਵਿਚ ਕੋਈ ਕਨੂਨੀ ਹਿੱਚ ਤੇ ਨਈਂ?

ਵਕੀਲ ਸਾਬ ਨੇ ਸੂਟਾ ਖਿਚਦੇ ਜ਼ਰਾ ਕੂ ਢੂੰਘੀ ਨਜ਼ਰ ਮਾਰੀ। ਲੀੜੇ ਬ੍ਰੈਂਡਿਡ ਸਨ ਤੇ ਫ਼ੋਨ ਮਹਿੰਗਾ।

ਤੁਹਾਡਾ ਜਨਮ ਐਥੋਂ ਦਾ ਏ ਯਾਂ ਇਟਲੀ ਦਾ?

ਜੀ ਜਨਮ ਐਥੋਂ ਦਾ ਈ ਏ, ਔਂਜ ਮੈਂ ਹੁਣ ਇਟੈਲੀਅਨ ਸ਼ੈਹਰੀ ਆਂ।

ਹਾਂ ਹਾਂ, ਕੋਈ ਮਸਅਲਾ ਨਈਂ। ਪਾਕਿਸਤਾਨੀ ਕਨੂਨ ਭਾਰੋਂ ਤੁਸੀ ਪਾਕਿਸਤਾਨੀ ਸ਼ੈਹਰੀ ਵੀ ਓ ਤੇ ਤੁਹਾਨੂੰ ਸਾਰੇ ਹਕੂਕ ਹਾਸਿਲ ਨੇਂ। ਪਾਕਿਸਤਾਨ ਦੇ 1973 ਦੇ ਆਈਨ ਭਾਰੋਂ ਤੁਸੀ ਬੌਹਤ ਸਾਰੇ ਬੁਨਯਾਦੀ ਹਕੂਕ ਵੀ ਐਂਜੌਏ ਕਰਦੇ ਓ। ਆਈਨ ਦੇ ਆਰਟਿਕਲ 18 ਤਹਿਤ ਬਤੌਰ ਪਾਕਿਸਤਾਨੀ ਸ਼ੈਹਰੀ ਪਾਕਿਸਤਾਨ ਦੀ ਹਦੂਦ ਅੰਦਰ ਤੁਸੀ ਕੋਈ ਵੀ ਕਨੂਨੀ ਕਾਰੋਬਾਰ ਕਰ ਸਕਦੇ ਜੇ, ਐਹ ਤੁਹਡਾ ਫ਼ੰਡਾਮੈਂਟਲ ਰਾਈਟ ਏ।

ਮੁੰਡਾ ਕੁਝ ਨਾ ਬੋਲਿਆ। ਦੋ ਕੂ ਮਿੰਟ ਇੰਜ ਈ ਲੰਘ ਗਏ।

ਪੁੱਤਰ ਮੈਂ ਖ਼ਵਰੇ ਕਨੂਨੀ ਜ਼ਬਾਨ ਜ਼ਿਆਦਾ ਈ ਵਰਤ ਗਿਆ ਆਂ। ਜਟਕੀ ਗਲ ਐਹ ਏ ਬਈ ਕੋਈ ਰੁਕਾਵਟ ਨਈਂ, ਜੰਮ ਜੰਮ ਖੋਲੋ ਆਰ੍ਟ ਗੈਲਰੀ, ਬਸ ਕਨੂਨੀ ਤਕਾਜ਼ੇ ਪੂਰੇ ਹੋਣੇ ਚਾਹਿਦੇ ਨੇਂ।

ਕਨੂਨੀ ਤਕਾਜ਼ੇ ਕੀ ਨੇਂ ਸਰ।

ਇਸ ਵਾਰੀ ਮੁੰਡੇ ਦੀ ਵਾਜ ਮੱਠੀ ਜਿਹੀ ਸੀ।

ਔਹਦੀ ਤੁਸੀ ਕੋਈ ਫ਼ਿਕਰ ਨਾ ਕਰੋ, ਔਹ ਸਭ ਮੇਰੀ ਜ਼ਿੱਮੇਵਾਰੀ ਏ। ਤੁਸੀ ਮਲਿਕ ਸਾਬ ਦੇ ਪੁਤਰਾਂ ਬਜਾ ਓ ਤੇ ਮੇਰੇ ਵੀ ਪੁੱਤਰ ਈ ਓ। ਫ਼ੀਸ ਜਿਸਰਾਂ ਮਲਿਕ ਸਾਬ ਕਹਿਣ ਗੇ ਕਰ ਲਵਾਂ ਗੇ।

ਮੇਹਰਬਾਨੀ ਸਰ। ਪਰ….ਔਹ ਕਨੂਨੀ ਤਕਾਜ਼ੇ ਕੀ ਹੈਣ ਆਰ੍ਟ ਗੈਲਰੀ ਲਈ?

ਕਾਫ਼ੀ ਸਾਰੀ ਖੇਚਲਾਂ ਹੋਂਦੀਆਂ ਨੇਂ, ਪਰ ਡੋਂਟ ਯੂ ਵਰੀ, ਮੈਂ ਸਭ ਸਾਂਭ ਲਵਾਂ ਗਾ। ਨਾਦਰਾ ਵਿਚ ਵੇਖਣਾ ਹੋਏ ਗਾ ਤੁਹਾਡਾ ਇੰਦਰਾਜ ਪਾਕਿਸਤਾਨੀ ਸ਼ੈਹਰੀ ਤੌਰ ਤੇ ਮੁਕਮਲ ਤੇ ਐਕਟਿਵ ਏ, ਤੁਹਾਡੀ ਟੈਕ੍ਸ ਲੌਜ਼ ਮੁਤਾਬਿਕ ਰਜਿਸਟ੍ਰੇਸ਼ਨ ਕਰਾਣੀ ਹੋਏ ਗੀ, ਵਗ਼ੈਰਾ ਵਗ਼ੈਰਾ। ਔਹ ਮੈਂ ਸਭ ਹੈਂਡਲ ਕਰ ਲਵਾਂ ਗਾ। ਫ਼ਾਇਨੈਨਸਿਜ਼ ਤੁਹਾਡੇ ਇਟਲੀ ਵਿਚ ਡਿਕਲੇਅਰਡ ਹੇਗੇ ਨੇਂ ਨਾ?

ਜੀ ਸਰ, ਔਹ ਤੇ ਕੋਈ ਮਸਅਲਾ ਨਈਂ। ਪਰ…..ਬੁਤਾਂ ਦਾ ਕਾਰੋਬਾਰ ਕਰਨ ਵਿਚ ਕੋਈ ਕਨੂਨੀ ਖੇਚਲ ਤੇ ਨਈਂ?

ਬੁਤਾਂ ਦਾ ਕਾਰੋਬਾਰ? ਵਕੀਲ ਸਾਬ ਦੀ ਮਾਰਕਿਟਿੰਗ ਨੂੰ ਬਰੇਕਾਂ ਵਜ ਗਈਆਂ। 

ਬੁਤਾਂ ਦਾ ਕਾਰੋਬਾਰ? ਮੈਂ ਸਮਝਿਆ ਨਈਂ। ਤੁਸੀ ਤੇ ਆਰ੍ਟ ਗੈਲਰੀ ਦੀ ਗਲ ਪਏ ਕਰਦੇ ਸੋ।

ਜੀ ਮੈਂ ਅਸਲ ਇਚ ਸ੍ਕਲਪ੍ਟਰ ਆਂ, ਬੁਤ ਬਣਾਨਾ ਆਂ। ਪਾਕਿਸਤਾਨ ਇਚ ਮੈਂ ਦੁਨੀਆ ਦੇ ਮਸ਼ਹੂਰ ਬੁਤਾਂ ਦੀਆਂ ਕੌਪੀਆਂ ਆਪਣੇ ਹੱਥੀਂ ਬਣਾ ਕੇ ਵੇਚਣਾ ਚਾਹੰਦਾ ਆਂ।

ਵਕੀਲ ਸਾਬ ਪਰਿਸ਼ਾਨ ਜਏ ਤਾਸੂਰਾਤ ਨਾਲ ਚੁਪ ਚਾਪ ਉਹਨੂੰ ਵੇਖ਼ਦੇ ਰਹੇ।

ਸਰ ਐਹ ਕੰਮ ਸਾਰੀ ਦੁਨੀਆਂ ਵਿਚ ਬੜਾ ਬਿਜ਼ਨਸ ਏ। ਪਾਕਿਸਤਾਨ ਐਹਦੀ ਅਨਟੈਪ੍ਡ ਮਾਰਕਿਟ ਏ ਸਰ।

ਵਕੀਲ ਸਾਬ ਨੇ ਨਵਾਂ ਸਿਗਰਟ ਲਾਲਿਆ। ਦੋ ਸੂਟੇ ਖਿੱਚੇ, ਫ਼ੇਰ ਆਖਣ ਲੱਗੇ।

ਪਰ ਬੁਤ ਬਨਾਣਾ ਤੇ ਹਰਾਮ ਏ, ਵੇਖਣਾ ਪਵੇ ਗਾ ਸ਼ਰੀਅਤ ਕੋਰ੍ਟ ਨੇ ਐਹਦੇ ਉੱਤੇ ਕੋਈ ਜਜਮੈਂਟ ਤੇ ਨਈਂ ਦਿੱਤੀ ਹੋਈ?

ਜੀ ਸਰ, ਮੈਂ ਐਹੋ ਸਲਾਹ ਲੈਣ ਆਇਆਂ ਤੁਹਾਡੇ ਕੋਲ। ਔਂਜ ਲਹੋਰ ਦੇ ਮਿਊਜ਼ਿਅਮ ਵਿਚ ਬਥੇਰੇ ਬੁਤ ਨੇਂ, ਤੇ ਲੋਕੀ ਬੜੇ ਸ਼ੌਕ ਨਾਲ ਵੇਖ਼ਦੇ ਨੇਂ।

ਓਹ...ਅਜਾਇਬ ਘਰ ਦੀ ਤੇ ਹੋਰ ਗਲ ਏ ਨਾ!

ਨਈਂ ਸਰ, ਮਿਊਜ਼ਿਅਮ ਦੇ ਸਾਹਮਣੇ ਸੜਕ ਉੱਤੇ ਵੀ ਇਕ ਬੁਤ ਲਗਿਆ ਏ, ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੂਲਨਰ ਦਾ, ਕਿਸੇ ਨੂੰ ਕੋਈ ਪ੍ਰੌਬਲਮ ਨਈਂ ਸਰ।

ਹਾਂ…..ਗਲ ਤੇ ਠੀਕ ਏ। ਫ਼ੇਰ ਤੇ ਕੋਈ ਮਸਅਲਾ ਨਈਂ ਹੋਣਾ ਚਾਹੀਦਾ। ਪਰ ਮੈਂ ਫ਼ੇਰ ਵੀ ਥੌਰੋ ਲੀਗਲ ਰਿਸਰ੍ਚ ਕਰ ਲਵਾਂ ਗਾ।

ਇਕ ਹੋਰ ਮਸਅਲਾ ਵੀ ਏ ਸਰ।

ਔਹ ਕੀ?

ਸਰ ਆਮ ਜਏ ਕਿਸੇ ਬੰਦੇ ਦਾ ਬੁਤ ਬਨਾਣ ਉੱਤੇ ਤੇ ਖ਼ਵਰੇ ਕੋਈ ਛਿੰਜ ਨਾ ਹੋਏ ਪਰ ਅਜ਼ੀਮ ਹਸਤੀਆਂ ਦੇ ਬੁਤਾਂ ਬਾਰੇ ਤੁਹਾਡੇ ਕੋਲੋਂ ਪੁਛਣਾ ਸੀ।

ਮਸ਼ਹੂਰ ਬੰਦੇ? ਜਿਸਰਾਂ ਇਕਬਾਲ ਤੇ ਜਿਨਾਹ? ਮੈਰਾ ਖ਼ਿਆਲ ਏ ਔਹਨਾਂ ਦਾ ਵੀ ਕੋਈ ਮਸਅਲਾ ਨਈਂ ਹੋਏ ਗਾ।

ਸਰ ਮੈਂ ਮਜ਼ਹਬੀ ਹਸਤੀਆਂ ਦੀ ਗਲ ਕਰਦਾ ਪਿਆਂ।

ਮਜ਼ਹਬੀ ਹਸਤੀਆਂ! ਕੇਹੜੀਆਂ?

ਸਰ ਜਿਸਰਾਂ ਨਾਟ ਰਾਜਾ ਸ਼ਿਵਾ ਦਾ ਬੁਤ ਏ ਯਾਂ ਹਜ਼ਰਤ ਮੂਸਾ ਦਾ ਬੁਤ ਜਿਹੜਾ ਮਾਈਕਲ ਐਂਜਲੋ ਨੇ ਸੋਹਲਵੀਂ ਸਦੀ ਵਿਚ ਬਣਾਇਆ ਸੀ, ਔਹਦੀ ਨਕਲ।

ਵਕੀਲ ਸਾਬ ਨੇ ਫ਼ੇਰ ਨਵਾਂ ਸਿਗਰਟ ਬਾਲ੍ਹ ਲਿਆ।

ਪੁੱਤਰ ਕਿਸ ਕੰਮ ਪਿਆਂ ਹੋਇਆ ਏਂ। ਸ਼ਿਵਾ ਦਾ ਬੁਤ ਐਥੇ ਕਿਸੇ ਲੈਣਾ ਨਈਂ ਤੇ ਹਜ਼ਰਤ ਮੂਸਾ ਦਾ ਬੁਤ ਬਨਾਣਾ ਯਾਂ ਰਖਣਾ ਤੇ ਬ੍ਲਾਸਫ਼ੈਮੀ ਬਣ ਜਾਏ ਗੀ।

ਸਰ ਐਹਦਾ ਕੋਈ ਹਲ ਕੱਢੋ। ਤੁਹਾਨੂੰ ਨਈਂ ਪਤਾ ਐਥੇ ਮਾਰਕਿਟ ਕਿੱਨੀ ਏ। ਇਕ ਇਕ ਬੁਤ ਮਿਲਿਅਨਜ਼ ਦਾ ਵਿਕੇ ਗਾ, ਤੇ ਹੱਥੋਂ ਹੱਥ। ਐਹ ਤੁਸੀ ਮੇਰੇ ਤੇ ਛਡ ਦਿਓ। ਆਰ੍ਟ ਲਵਰ੍ਜ਼ ਪਾਕਿਸਤਾਨ ਵਿਚ ਬਥੇਰੇ ਨੇਂ ਤੇ ਪੈਸੇ ਖ਼ਰਚ ਕਰਨ ਲਈ ਵੀ ਤਿਆਰ ਨੇਂ, ਜੇ ਸ਼ੈ ਚੰਗੀ ਹੋਵੇ। ਤੁਸੀ ਪੈਸਿਆਂ ਦੀ ਕੋਈ ਫ਼ਿਕਰ ਨਾ ਕਰੋ ਸਰ, ਜੋ ਫ਼ੀਸ ਆਖੋ ਗੇ ਮੈਂ ਦਿਆਂ ਗਾ।

ਵਕੀਲ ਸਾਬ ਕੁਰਸੀ ਨਾਲ ਟੇਕ ਲਾਲਈ। ਕੇਸ ਤੇ ਕਈ ਵਰ੍ਹੇ ਚਲਦੇ ਨੇ ਪਰ ਐਹ ਰਿਸਰ੍ਚ ਆਲਾ ਕੰਮ ਮਜ਼ੇਦਾਰ ਸੀ। ਕੁਝ ਦਿਨਾਂ ਵਿਚ ਈ ਫ਼ੀਸ ਖਰੀ ਹੋਜਾਂਦੀ। ਤੇ ਇਸ ਕੇਸ ਵਿਚ ਤੇ ਕਲਾਇੰਟ ਵੀ ਯੋਰੋ ਵਾਲਾ ਸੀ।

ਪਰ ਪੁੱਤਰ ਐਥੇ ਤੇ ਸਾਰੇ ਮੁਸਲਮਾਨ ਨੇਂ, ਐਥੇ ਸ਼ਿਵਾ ਦਾ ਬੁਤ ਕੋਣ ਮੁਲ ਲਵੇ ਗਾ?

ਸਰ, ਆਰ੍ਟ ਲਵਰ ਬੁਤ ਮਜ਼ਹਬ ਲਈ ਨਈਂ ਸਗੋਂ ਆਰ੍ਟ ਲਈ ਲੈਂਦਾ ਏ। ਲੌਰ੍ਡ ਸ਼ਿਵਾ ਦਾ ਨਚਦੇ ਦਾ ਬੁਤ ਆਰ੍ਟ ਦਾ ਕਮਾਲ ਨਮੂਨਾ ਏ ਸਰ। ਇਕ ਹਥ ਵਿਚ ਵਾਜ, ਯਾਨੀ ਦੁਨੀਆ ਬਨਾਣ ਦਾ ਸਮਾਨ, ਦੂਜੇ ਵਿਚ ਅੱਗ-ਦੁਨਿਆ ਤਬਾਹ ਕਰਨ ਦਾ ਸਮਾਨ। ਦੋਵਾਂ ਨੂੰ ਬੈਲੰਸ ਕਰਦਾ ਨਚਦਾ ਪਿਆ ਨਾਟ ਰਾਜ। ਤੀਜਾ ਹਥ ਚੁੱਕੇ ਪੈਰ ਵਲ ਇਸ਼ਾਰਾ ਕਰਦਾ, ਮਤਲਬ ਮੇਰੀ ਮੁਰੀਦੀ ਕਰੋ ਤੇ ਚੌਥਾ ਹਥ ਮੁਰੀਦੀ ਕਰਨ ਆਲਿਆਂ ਨੂੰ ਆਸ਼ਿਰਬਾਦ ਦੇਂਦਾ। ਤੇ ਐਹ ਸਾਰਾ ਨਾਚ ਜਹਾਲਤ ਦੇ ਸ਼ੈਤਾਨ ਨੂੰ ਮਿਧਦੇ ਹੋਏ ਹੋਰਿਹਾ। ਐਸ ਇੱਕੋ ਬੁਤ ਵਿਚ ਪੁਰਾ ਫ਼ਲਸਫ਼ਾ ਏ ਸਰ, ਪੂਰੀ ਮਾਇਥੋਲੋਜੀ ਏ।

ਤੇ ਹਜ਼ਰਤ ਮੂਸਾ ਦਾ ਬੁਤ? ਔਹ ਕੋਈ ਵੀ ਮੁਸਲਮਾਨ ਨਈਂ ਖ਼ਰੀਦੇ ਗਾ?

ਸਰ ਐਂਜਿਲੋ ਨੇ ਕਹਿੜਾ ਔਹਨਾਂ ਨੂੰ ਵੇਖਿਆ ਸੀ। ਔਹਨੇ ਤੇ ਇਕ ਬੁਤ ਬਣਾਇਆ ਸੀ ਗ੍ਰੀਕ ਦੇਵਤਾਂ ਵੰਗ੍ਰਾ, ਗ਼ੁਸੀਲਾ, ਰੋਅਬਦਾਰ। ਕੀ ਕਮਾਲ ਬੁਤ ਏ ਸਰ। ਅਸੀ ਔਹਨੂੰ ਹਜ਼ਰਤ ਮੂਸਾ ਦਾ ਬੁਤ ਨਈਂ, ਐਂਜਲੋ ਦੇ ਕੰਮ ਦੀ ਨਕਲ ਕਹਿ ਕੇ ਵੇਚਾਂ ਗੇ।

ਵਕੀਲ ਸਾਬ ਸਿਗਰਟ ਵਾਂਗ ਬਲਣ ਲਗ ਪਏ, ਚੁਪ ਚਾਪ, ਰਿਮਕੇ ਰਿਮਕੇ। ਬੁਤਾਂ ਦਾ ਕਾਰੋਬਾਰ, ਓਹ ਵੀ ਸ਼ਿਵਾ ਤੇ ਹਜ਼ਰਤ ਮੂਸਾ ਦੇ, ਤੋਬਾਹ ਤੋਬਾਹ, ਸ਼ਿਰ੍ਕ, ਗੁਨਾਹ। ਆਖ਼ਰਤ ਦੀ ਤਬਾਹੀ। ਯੋਰੋਆਂ ਵਿਚ ਫ਼ੀਸ, ਮੌਜਾਂ। ਮੇਰਾ ਕੀ ਗੁਨਾਹ, ਮੈਂ ਥੋੜੀ ਬੁਤ ਬਨਾਣੇ? ਜੋ ਕਰੇਗਾ ਓਹੀ ਭਰੇਗਾ। ਮੇਰਾ ਕੰਮ ਤੇ ਕਨੂਨ ਵੇਖ਼ਕੇ ਦਸਨਾਂ ਏ ਬਈ ਇਹ ਕਰਨ ਦੀ ਇਜਾਜ਼ਤ ਹੈ ਯਾਂ ਨਹੀਂ। ਬਾਕੀ ਇਜਾਜ਼ਤ ਦੇਣ ਵਾਲੇ ਜਾਨਣ ਤੇ ਕਰਨ ਵਾਲੇ, ਮੇਰਾ ਕੀ ਦੋਸ਼? ਫ਼ੇਰ ਵੀ ਇਹ ਨਿਰਾ ਕਨੂਨ ਨਾਲ ਖੇਡਣ ਦੀ ਗਲ ਨਹੀਂ ਸੀ, ਮਸਅਲਾ ਖ਼ੁਦਾ ਦੀ ਰਜ਼ਾ ਤੇ ਜੱਨਤ ਦੋਜ਼ਖ਼ ਦਾ ਸੀ। ਕਿੱਥੇ ਜਨੱਤ ਦੀਆਂ ਹੂਰਾਂ ਤੇ ਕਿੱਥੇ ਇਹ ਪੱਥਰ ਦੇ ਬੁਤ। ਵਕੀਲ ਸਾਬ ਨੂੰ ਮੌਲਵੀਆਂ ਦੇ ਵਾਅਜ਼ ਚੇਤੇ ਆਣ ਲਗ ਪਏ। ਦਫ਼ਾ ਦੂਰ, ਮੈਂ ਕਿਉਂ ਕੁਫ਼ਰ ਤੋਲਾਂ? ਰਬ ਨੇ ਸਭ ਕੁਝ ਤੇ ਦਿੱਤਾ ਏ, ਨਾਸ਼ੁਕਰੀ ਕਿਉਂ ਕਰਾਂ? ਯੋਰੋਆਂ ਪਿੱਛੇ ਆਪਣੀ ਆਕਬਤ ਤੇ ਖ਼ਰਾਬ ਨਹੀਂ ਨਾ ਕਰਨੀ! ਇਹ ਸੋਚਾਂ ਸੋਚਕੇ ਵਕੀਲ ਸਾਬ ਦਾ ਜਜ਼ਬਾਏ ਇਮਾਨੀ ਤਾਜ਼ਾ ਹੋਗਿਆ। 

ਪੁੱਤਰ ਇਹ ਬੁਤਾਂ ਦਾ ਕੰਮ ਨਿਰਾ ਗੁਨਾਹ ਏ। ਐਹ ਕੰਮ ਦਿਲੋਂ ਕੱਢਦੇ। ਤੂੰ ਤਸਵੀਰਾਂ ਦੀ ਆਰ੍ਟ ਗੈਲਰੀ ਬਣਾ, ਮੈਂ ਤੇਰਾ ਸਭ ਕੁਝ ਦੋ ਦਿਨਾਂ ਵਿਚ ਸਿੱਧਾ ਕਰਾ ਦਿਆਂ ਗਾ। 

ਮੁੰਡੇ ਨੇ ਹਾਰ ਨਾ ਮੱਨੀ। 

ਸਰ ਇਹ ਗਲ ਹੇਗੀ ਏ ਮੇਰੇ ਦਮਾਗ਼ ਵਿਚ। ਪਰ ਇਹ ਗੱਲਾਂ ਤੇ ਬੰਦਾ ਤਦ ਸੋਚੇ ਨਾ ਜਦੋਂ ਕਨੂਨ ਵਿਚ ਇਹਦੀ ਇਜਾਜ਼ਤ ਹੋਵੇ। ਤੁਸੀ ਰਿਸਰ੍ਚ ਕਰ ਕੇ ਇਹ ਦਸ ਦਿਓ ਬਈ ਕਨੂਨ ਇਹਦੇ ਬਾਰੇ ਕੀ ਕਹਿੰਦਾ ਏ? ਜੇ ਕਾਰੋਬਾਰ ਗ਼ੈਰ ਕਨੂਨੀ ਏ ਤੇ ਗਲ ਔਥੇ ਈ ਠੱਪੀ ਦਾਏ ਗੀ। ਜੇ ਇਜਾਜ਼ਤ ਹੋਈ ਤੇ ਮੌਲਵੀ ਸਾਬ ਨਾਲ ਵੀ ਸਲਾਹ ਕਰ ਲਵਾਂ ਗੈ। ਤੁਸੀ ਬਸ ਕਨੂਨੀ ਪੋਜ਼ੀਸ਼ਨ ਚੰਗੀ ਤਰਹਾਂ ਵੇਖ਼ ਲਵੋ। ਫ਼ੀਸ ਦਾ ਕੋਈ ਮਸਅਲਾ ਨਈਂ ਸਰ। ਕੰਮ ਕਰਨਾ ਏ ਯਾਂ ਨਈਂ, ਐਹ ਬਾਅਦ ਦੀਆਂ ਗੱਲਾਂ ਨੇਂ।

ਵਕੀਲ ਸਾਬ ਫ਼ੇਰ ਥਿੜਕ ਗਏ। ਗਲ ਮੁੰਡੇ ਦੀ ਮਾਅਕੂਲ ਸੀ। ਕਿਹੜਾ ਓਹਨਾ ਦੇ ਕਹਿਣ ਤੇ ਕਾਰੋਬਾਰ ਛੋਹ ਪੈਣਾ ਸੀ? ਓਹਨਾ ਤੇ ਰਿਸਰ੍ਚ ਈ ਕਰਨੀ ਸੀ ਨਾਂ! ਜੇ ਇਜਾਜ਼ਤ ਨਾ ਨਿਕਲੀ ਤੇ ਸੱਤੇ ਖ਼ੈਰਾਂ, ਤੇ ਜੇ ਨਿਕਲ ਆਈ ਤੇ ਮੁੰਡੇ ਨੂੰ ਮੱਤ ਦਿਆਂ ਗਾ ਬਈ ਬੰਦਾ ਬਣ, ਕਿਹਨਾ ਚਕਰਾਂ ਇਚ ਪਿਆ ਏਂ। ਪਹਿਲਾਂ ਫ਼ੀਸ ਤੇ ਖਰੀ ਕਰਾਂ।

ਠੀਕ ਏ ਪੁੱਤਰ, ਜੀਵੇਂ ਤੇਰੀ ਮਰਜ਼ੀ। ਇਕ ਹਫ਼ਤਾ ਦੇ ਮੈਨੂੰ, ਮੈਂ ਸਾਰੀ ਰਿਸਰ੍ਚ ਕਰ ਦਿਆਂ ਗਾ। ਪਰ ਕੰਮ ਬੌਹਤਾ ਏ।

ਬੜੀ ਮਹਿਰਬਾਨੀ ਸਰ। ਐਹ ਲੱਖ ਰੁਪੇ ਦਾ ਚੈੱਕ ਤੁਸੀ ਐਡਵਾਂਸ ਰੱਖੋ, ਬਾਕੀ ਫ਼ੀਸ ਕੰਮ ਹੋਂਦੇ ਈ।

ਸਲਾਮ ਦੁਆ ਕਰਕੇ ਟੁਰਗਿਆ। ਵਕੀਲ ਸਾਬ ਨੇ ਖ਼ੁਸ਼ੀ ਖ਼ੁਸ਼ੀ ਚੈੱਕ ਬਟਵੇ 'ਚ ਪਾਇਆ ਤੇ ਬਾਕੀ ਦੀਆਂ ਫ਼ਾਈਲਾਂ ਫਰੋਲਣ ਲਗ ਪਏ। ਉਹਨਾਂ ਤੇ ਸੋਚਿਆ ਸੀ ਸਾਰੇ ਕੰਮ ਦੀ ਫ਼ੀਸ ਇੱਕ ਲਖ ਮੰਗਾ ਗਾ, ਜਿੱਥੇ ਵੀ ਸੌਦਾ ਹੋਜਾਏ। ਇਥੇ ਤੇ ਨਿਰਾ ਐਡਵਾਂਸ ਈ ਲਖ ਦਾ ਆਗਿਆ ਸੀ। ਫ਼ਾਈਲਾਂ ਵਿਚ ਧਿਆਨ ਹੁਣ ਘੱਟ ਹੋਗਿਆ ਸੀ ਤੇ ਵਾਰ ਵਾਰ ਯੋਰੋ, ਬਾਕੀ ਕਿੱਨੀ ਫ਼ੀਸ ਲੈਣੀ ਏ, ਤੇ ਕਹਿੜੇ ਕਹਿੜੇ ਕਨੂਨ ਵੇਖਣੇ ਨੇ ਦੇ ਖਿਆਲ ਦਮਾਗ਼ ਇਚ ਘੁੱਮੀ ਜਾਂਦੇ ਸਣ। ਕੰਮ ਨਿਬਟਾਕੇ ਘਰ ਆਏ, ਅਨ ਪਾਣੀ ਕੀਤਾ, ਘਰ ਆਲਿਆਂ ਨਾਲ ਗਪ ਸ਼ਪ ਲਾਈ, ਥੋੜਾ ਟੀਵੀ ਵੇਖਿਆ ਤੇ ਸੌਣ ਟੁਰ ਪਏ। ਪਲਸੇਟਿਆਂ ਮਾਰਨ ਲਗਪਏ, ਨੀਂਦਰ ਨਾ ਆਵੇ। ਹਨੇਰੇ ਵਿਚ ਕਬਰ ਦਾ ਹਨੇਰਾ ਚੇਤੇ ਆਗਿਆ। ਰੱਬ ਚੇਤੇ ਆਗਿਆ। ਸੋਚਣ ਲਗਪਏ ਪੈਸਿਆਂ ਲਈਂ ਬਦਬਖ਼੍ਤ ਬੁਤਾਂ ਦਾ ਕੰਮ ਕਰਨ ਲੱਗਾਂ ਵਾਂ! ਮੌਲਵੀਆਂ ਦੇ ਵਾਅਜ਼ ਚੇਤੇ ਆਣ ਲਗਪਏ। ਬੁਤ ਹਰਾਮ ਨੇਂ। ਨਹੀਂ, ਉਹ ਇਹ ਕੰਮ ਨਹੀਂ ਕਰਣ ਗੇ। ਉਹ ਰੱਬ ਦੇ ਹੁਕਮ ਖ਼ਿਲਾਫ਼ ਇਹ ਰਿਸਰ੍ਚ ਨਹੀਂ ਕਰਣ ਗੇ। ਫ਼ੀਸ ਖੁਸਦੀ ਏ ਤੇ ਖੁਸ ਜਾਏ। ਖਸਮਾਂ ਨੂੰ ਖਾਏ। ਉਹ ਸਵੇਰੇ ਈ ਫ਼ੀਸ ਮੋੜ ਦੇਣ ਗੇ।

ਫ਼ਟਾ ਫ਼ਟ ਰਬ ਨੂੰ ਯਾਦ ਕੀਤਾ। ਬੁਤਾਂ ਉੱਤੇ ਹਜ਼ਾਰ ਲਾਅਨਤ ਭੇਜੀ। ਜੀ ਖ਼ੁਸ਼ ਹੋਗਿਆ। ਇੰਜ ਲਗਿਆ ਜਿਵੇਂ ਰੱਬ ਨੇ ਥਾਪੜੀ ਦਿੱਤੀ ਹੋਵੇ। ਡੂੰਘੀ ਪੁਰਸਕੂਨ ਨੀਂਦਰ ਸੌਂ ਗਏ।

ਸਵੇਰੇ ਅਦਾਲਤ ਗਏ ਤੇ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਸਿਰ ਤੇ ਤਾਜ ਪਿਆ ਹੋਵੇ। ਹਰ ਬੰਦਾ ਉਹਨਾਂ ਦੇ, ਰੱਬ ਦੀ ਖ਼ਾਤਿਰ ਫ਼ੀਸ ਮੋੜਨ ਤੇ ਤਾੜੀਆਂ ਮਾਰਦਾ ਹੋਵੇ। ਜਜ ਦੇ ਸਾਹਮਣੇ ਆਕੜ ਕੇ ਬੈਹ ਗਏ, ਮੂੰਹ ਤੇ ਫ਼ਾਤਿਹਾਨਾ ਮੁਸਕਾਨ। ਨਾਲ ਬੈਠੇ ਵਕੀਲਾਂ ਨਾਲ ਹਸ ਹਸ ਕੇ ਇਸ਼ਾਰਿਆਂ ਵਿਚ ਸਲਾਮ ਦੁਆ ਕਰਦੇ ਕੇਸ ਕਾਲ ਹੋਣ ਨੂੰ ਉਡੀਕਦੇ ਰਹੇ।


ਕੇਸ ਕਾਲ ਹੋਇਆ, ਵਕੀਲ ਸਾਬ ਬੜੇ ਜੋਸ਼ ਨਾਲ ਉਠ ਖਲੋਤੇ। ਦੂਜੀ ਨੁੱਕਰ ਤੋਂ ਦੂਜਾ ਵਕੀਲ ਵੀ ਉਠ ਆਇਆ। ਓਥੇ ਰੋਸਟ੍ਰਮ ਤੇ ਅਪੜ ਕੇ ਦੂਜੇ ਵਕੀਲ ਨੇ ਫ਼ਾਈਲ ਖੋਲ ਲਈ, ਇੱਥੇ ਵਕੀਲ ਸਾਬ ਦੇ ਪੈਰ ਗੁੰਜਲ ਜਹੇ ਹੋ ਗਏ, ਫ਼ਾਈਲ ਫੜ ਕੇ ਕੁਰਸੀ ਲੱਤਾਂ ਦੀ ਧਿੱਕ ਨਾਲ ਪਿੱਛੇ ਕਰ ਕੇ ਸੈਡ ਤੋਂ ਨਿਕਲ ਆਣਾ ਰੋਜ਼ ਦੀ ਗਲ ਸੀ, ਪਰ ਉਸ ਵੇਲੇ, ਖ਼ਵਰੇ ਕਿਸਰਾਂ, ਸਭ ਕੁਝ ਈ ਰਲ ਮਿਲ ਜਿਹਾ ਗਿਆ। ਤਿਨ ਚਾਰ ਸਕਿੰਡ ਇਸੇ ਕੰਮ ਤੇ ਲਗ ਗਏ। ਦੂਜਾ ਵਕੀਲ ਜਜ ਸਾਬ ਸਾਹਮਣੇ ਤਿਆਰ ਖਲੋਤਾ ਸੀ ਤੇ ਹੁਣ ਜਜ ਸਾਬ ਵੀ ਉਹਨਾਂ ਵਲ ਈ ਪਏ ਵੇਖਦੇ ਸਨ ਕਿ ਵਕੀਲ ਸਾਬ ਆਣ ਤੇ ਕਾਰਵਾਈ ਛੋਹੀ ਜਾਵੇ। ਵਕੀਲ ਸਾਬ ਨੂੰ ਹੋਰ ਘਾਬਰ ਪੈ ਗਏ। ਨਾਲ ਦੀ ਕੁਰਸੀ ਵਾਲੇ ਵਕੀਲ ਨੇ ਮਦਦ ਕੀਤੀ ਤੇ ਵਕੀਲ ਸਾਬ ਕੁਰਸੀਆਂ ਦੇ ਗੁੰਜਲ ਵਿੱਚੋਂ ਨਿਕਲ ਕੇ ਜਜ ਸਾਬ ਵਲ ਵਧੇ। ਕੁਝ ਹਿਰਾਨ ਹੋਏ। ਜਿੱਨੀ ਤੇਜ਼ੀ ਨਾਲ ਟੁਰਨਾ ਪਏ ਚਾਹੁੰਦੇ ਸਣ, ਉੱਨੀ ਤੇਜ਼ੀ ਨਾਲ ਟੁਰਨਾ ਨਹੀਂ ਸੀ ਪਿਆ ਹੋਂਦਾ। ਸਗੋਂ ਇਕ ਵਾਰੀ ਤੇ ਲੜਖੜਾ ਵੀ ਗਏ। ਇੰਜ ਕਦੇ ਨਹੀਂ ਸੀ ਹੋਇਆ, ਪਰ ਇਹ ਵੇਲਾ ਇਹਨਾਂ ਨਿਕਿਆਂ ਨਕਿਆਂ ਗਲਾਂ ਉੱਤੇ ਧਿਆਣ ਦੇਣ ਦਾ ਨਹੀਂ ਸੀ। ਯੁੱਧ ਦਾ ਤਬਲ ਵਜ ਚੁਕਿਆ ਸੀ। ਰੋਸਟ੍ਰਮ 'ਤੇ ਅਪੜ ਕੇ ਹੌਲੀ ਜਿਹੀ ਸਿਰ ਝੁਕਾ ਕੇ ਜਜ ਸਾਬ ਨੂੰ ਸਲਾਮ ਕੀਤਾ। ਜਜ ਸਾਬ ਵਕੀਲਾਂ ਦੀ ਰੋਜ਼ ਦਿਹਾੜੇ ਦੀ ਕਿਲ ਕਿਲ ਸੁਣ ਕੇ ਅਵਾਜ਼ਾਰ ਬੈਠੇ ਸਨ, ਉਹਨਾਂ ਦੂਜੇ ਵਕੀਲ ਨੂੰ ਇਸ਼ਾਰਾ ਕੀਤਾ ਬਈ ਕਾਰਵਾਈ ਸ਼ੁਰੂ ਕਰੋ। ਦੂਜੇ ਵਕੀਲ ਨੇ ਕਨੂਨੀ ਨੁਕਤਿਆਂ ਦੀ ਬੰਬਾਰੀ ਛੋਹ ਦਿੱਤੀ। 

ਵਕੀਲ ਸਾਬ ਨੇ ਲੰਮਾ ਸਾਹ ਖਿਚਦਿਆਂ ਫ਼ਾਈਲ ਦੇ ਲਿਫ਼ਾਫ਼ੇ ਵਿੱਚੋਂ ਕਾਗ਼ਜ਼ ਕੱਢੇ। ਦੂਜਾ ਵਕੀਲ ਖ਼ਵਰੇ ਕੀ ਬੋਲੀ ਜਾਂਦਾ ਸੀ, ਪਰ ਕੋਈ ਸਿਆਪਾ ਨਹੀਂ ਸੀ, ਆਪਣੇ ਸਾਰੇ ਪੁਆਇੰਟ ਵਕੀਲ ਸਾਬ ਨੇ ਤਿਆਰ ਰੱਖੇ ਹੋਏ ਸਨ, ਭਾਵੇਂ ਜੋ ਮਰਜ਼ੀ ਭੌਂਕਦਾ ਰਹਿਵੇ, ਉਹਨਾਂ ਤੇ ਕੇਸ ਆਪਣੀਆਂ ਦਲੀਲਾਂ ਤੇ ਜਿਤਨਾ ਸੀ। ਓਹ ਗਲ ਕਰ ਲਵੇ ਫ਼ੇਰ ਆਪਣੀ ਵਾਰੀ ਤੇ ਵਕੀਲ ਸਾਬ ਨੇ ਬਹਿਸ ਕਰਣੀ ਸੀ। ਇਕ ਪੰਨੇ ਉੱਤੇ ਵਕੀਲ ਸਾਬ ਨੇ ਸਾਰੇ ਪੁਆਇੰਟ ਲਿਖ ਰੱਖੇ ਸਨ, ਓਹ ਖ਼ਵਰੇ ਕਿੱਥੇ ਸੀ? ਓਹਨਾਂ ਕਾਗ਼ਜ਼ ਫਰੋਲੇ, ਪਰ ਓਹ ਕਾਗ਼ਜ਼ ਨਾ ਲੱਭਾ। ਇਕ ਦਮ ਪਰਿਸ਼ਾਨ ਹੋਗਏ। ਜ਼ਰਾ ਤੇਜ਼ੀ ਨਾਲ ਪੰਨੇ ਇੱਧਰ ਉੱਧਰ ਕਰਨ ਦੀ ਕੀਤੀ ਤੇ ਕਾਗ਼ਜ਼ਾਂ ਵਿਚ ਗੁੰਜਲ ਪੈਣ ਲਗ ਪਏ। ਹੁਣ ਤੇ ਭਾਜੜ ਪੈ ਗਈ। ਹੁਣੇ ਬਹਿਸ ਕਰਨੀ ਸੀ ਤੇ ਤਿਆਰੀ ਈ ਗਵਾਚੀ ਪਈ ਸੀ। ਖਲੋਤੇ ਪੈਰੀਂ ਬਹਿਸ ਕਿਸਰਾਂ ਹੋਵੇ ਗੀ? ਤੜ੍ਫ਼ੜਾਹਟ ਵਿਚ ਪੰਨੇ ਫਰੋਲੇ ਤੇ ਕਿੰਨੇ ਸਾਰੇ ਥੱਲੇ ਜਾ ਡਿੱਗੇ। ਇਹ ਅੱਜ ਹੋਂਦਾ ਕੀ ਪਿਆ ਸੀ? ਖ਼ੈਰ ਹੋਈ ਜਜ ਸਾਬ ਨੇ ਪੰਨਿਆਂ ਦੇ ਡਿੱਗਨ ਦਾ ਕੋਈ ਨੋਟਸ ਨਹੀਂ ਲਿਆ, ਓਹ ਦੂਜੇ ਵਕੀਲ ਸਾਬ ਦੀ ਬਹਿਸ ਵਿਚ ਡੁੱਬੇ ਸਨ। ਸ਼ਰਮਿੰਦਗੀ ਤੇ ਘਬਰਾਹਟ ਨਾਲ ਪੁੰਗਰੀ ਐੰਗਜ਼ਾਈਟੀ ਨਾਲ ਵਕੀਲ ਸਾਬ ਕਾਗ਼ਜ਼ ਚੁੱਕਣ ਲਈ ਝੁਕੇ। 

ਦੂਜੇ ਵਕੀਲ ਸਾਬ ਦੀ ਬਹਿਸ ਵਿਚਕਾਰ ਈ ਰਹਿ ਗਈ। ਥੜਾਪ ਦੀ ਵਾਜ ਨਾਲ ਰੋਸਟ੍ਰਮ ਵਿਚ ਜਿਵੇਂ ਭੋਂਚਾਲ ਜਿਹਾ ਆਗਿਆ ਸੀ। ਸਾਰੇ ਵਕੀਲ ਇਕੱਠੇ ਹੋਗਏ। ਜਜ ਸਬ ਵੀ ਖਲੋ ਗਏ। ਵਕੀਲ ਸਾਬ ਬੇਹੋਸ਼ ਪਏ ਸਨ।


ਪਹਿਲਾ ਹਫ਼ਤਾ ਤੇ ਵਕੀਲ ਸਾਬ ਨੂੰ ਕੁਝ ਸਮਝ ਈ ਨਾ ਆਇ। ਦਵਾਈਆਂ, ਟੀਕਿਆਂ ਦੇ ਅਸਰ ਤੋਂ ਸੁੱਤੇ ਜਾਗਦੇ ਈ ਰਹੇ। ਅੱਖ ਖੁਲਦੀ ਤੇ ਹੱਥਾਂ ਉੱਤੇ ਤਾਰਾਂ ਤੇ ਨੱਕ ਵਿਚ ਨਾਲੀਆਂ ਛੇੜਦੇ ਡਾਕਟਰ ਤੇ ਨਰਸਾਂ ਦਿਸਦੀਆਂ, ਫ਼ੇਰ ਸੌਂ ਜਾਂਦੇ। ਕੁਝ ਵਲ ਹੋਏ, ਨਾਲੀਆਂ, ਤਾਰਾਂ ਘਟ ਹੋਈਆਂ, ਤੇ ਪਤਾ ਲੱਗਾ ਬਈ ਸੱਜੇ ਪਾਸੇ ਫ਼ਾਲਿਜ ਡਿਗ ਪਿਆ ਸੀ। ਟੁਰਨ ਫਿਰਨ ਤੋਂ ਵੀ ਰਹਿ ਗਏ ਸਨ, ਮਸਾਂ ਈ ਜਾਨ ਬਚੀ ਸੀ। ਕਿੱਥੇ ਰੋਜ਼ ਅਦਾਲਤਾਂ ਵਿਚ ਭਜ ਨਸ ਕਰਨੀ ਤੇ ਕਿੱਥੇ ਹੁਣ ਬਿਸਤਰੇ ਤੇ ਪੈਗਏ ਸਨ। ਜਿੰਦੜੀ ਖਲੋ ਜਿਹੀ ਗਈ ਸੀ। ਠਾਠਾਂ ਮਾਰਦੇ ਦਰਯਾ ਤੋਂ ਇਕ ਦਮ ਛੱਪੜ ਬਣ ਗਈ ਸੀ। ਤਿਨ ਹਫ਼ਤੇ ਪਿੱਛੋਂ ਹਸਪਤਾਲ ਤੋਂ ਛੁੱਟੀ ਹੋਗਈ। ਜਿਹੜਾ ਥੋੜਾ ਬਹੁਤ ਆਰ ਡਾਕਟਰਾਂ ਨਰਸਾਂ ਦੇ ਆਣ ਜਾਣ ਨਾਲ ਲਗਿਆ ਰਹਿੰਦਾ ਸੀ ਓਹ ਵੀ ਮੁਕ ਗਿਆ। ਸਾਕ ਬੇਲੀ ਵੀ ਸਾਰੇ ਹਸਪਤਾਲ ਵਿਚ ਈ ਭੁਗਤਾ ਗਏ ਸਨ। ਘਰ ਆਕੇ ਤੇ ਜਿਵੇਂ ਵੇਲਾ ਜੰਮ ਈ ਗਿਆ ਸੀ। ਬੰਦਾ ਵੀ ਬੜਾ ਈ ਹਰਾਮਦਾ ਹੁੰਦਾ ਏ। ਕਹਿੰਦਾ ਰਹਿੰਦਾ ਏ, ਇਹ ਹੋਗਿਆ ਤੇ ਮਰ ਜਾਂ ਗਾ, ਓਹ ਨਾ ਹੋਇਆ ਤੇ ਮਰ ਜਾਂ ਗਾ, ਪਰ ਵੇਲੇ ਸਿਰ ਸਭ ਕੁਝ ਈ ਜਰ ਜਾਂਦਾ ਏ। ਦੋ ਮਹੀਨੇ ਲੰਘ ਗਏ, ਹੁਣ ਚੌਲ ਸ਼ੋਰਾ ਖਾਣ ਲਗ ਪਏ ਸਨ। ਸਾਰਾ ਦਿਨ ਇਕੱਲੇ ਪਏ ਰਹਿਣ ਦੀ ਆਦਤ ਵੀ ਹੋਗਈ ਸੀ। ਕਦੀ ਕਦਾਰ ਕੋਈ ਆ ਜਾਂਦਾ ਤੇ ਕੁਝ ਗਪ ਸ਼ਪ ਹੋ ਜਾਂਦੀ, ਨਹੀਂ ਤੇ ਸਾਰਾ ਦਿਨ ਟੀ ਵੀ ਅੱਗੇ ਪਏ ਰਹਿੰਦੇ, ਕਦੀ ਕੋਈ ਪ੍ਰੋਗਰਾਮ ਵੇਖ ਲੈਂਦੇ, ਕਦੀ ਆਪਣੀਆਂ ਸੋਚਾਂ ਵਿਚ ਡੁੱਬੇ ਰਹਿੰਦੇ। ਸੋਚਾਂ ਵੀ ਕੀ ਸਨ, ਸਾਰੀ ਉਮਰ ਕੰਮ ਦੇ ਇਲਾਵਾਹ ਤੇ ਕੁਝ ਕੀਤਾ ਈ ਨਹੀਂ ਸੀ, ਨਾ ਕੋਈ ਸ਼ੌਕ ਪਾਲਿਆ ਸੀ ਨਾ ਕਦੀ ਖ਼ਿਆਲ ਆਇਆ ਸੀ ਇਹ ਦੁਨੀਆ ਕੀ ਜਾਦੂ ਨਗਰੀ ਏ ਜਿਹਦੇ ਵਿਚ ਜੰਮ ਪਿਆ ਵਾਂ ਤੇ ਇਹਦੇ ਬਾਜੋਂ ਕੀ ਹੋਂਣਾ? ਸੋਚਾਂ ਆਂਦੀਆਂ ਵੀ ਤੇ ਆਪਣੇ ਕੇਸਾਂ ਬਾਰੇ। ਕਿਹੜਾ ਔਖਾ ਕੇਸ ਜਿਤਿਆ ਸੀ ਤੇ ਕਿੱਨੀ ਵਾਹਵਾਹ ਹੋਈ ਸੀ, ਤੇ ਕਹਿੜਾ ਹਰ ਗਿਆ ਸਾਂ। 


ਇਕ ਦਿਨ ਬੈਠੇ ਸਨ, ਸੱਜੇ ਗੋਡੇ ਤੇ ਸੱਜਾ ਹਥ ਧਰਿਆ ਸੀ, ਦੋਵੇਂ ਬੇਜਾਨ, ਓਹਨਾਂ ਨੂੰ ਵੇਖਦੇ ਵੇਖਦੇ ਖ਼ਿਆਲ ਆਇਆ ਹਥ ਪੈਰ ਤੇ ਜਿਵੇਂ ਪੱਥਰ ਦੇ ਈ ਬਣ ਗਏ ਨੇਂ। ਪੱਥਰ ਤੋਂ ਸੋਚ ਆਈ ਕਿ ਓਹਨਾਂ ਦਾ ਸੱਜਾ ਪਾਸਾ ਤੇ ਬੁਤ ਈ ਬਣ ਗਿਆ ਹੋਇਆ ਏ। ਓਹ ਤੇ ਅੱਧੇ ਬੁਤ ਬਣ ਗਏ ਹੋਏ ਸਨ! ਬਿਜਲੀ ਦੇ ਲਸ਼ਕਾਰੇ ਵਾਂਗ ਓਹਨਾਂ ਨੂੰ ਓਹ ਬੁਤਾਂ ਵਾਲਾ ਮੁੰਡਾ ਚੇਤੇ ਆਗਿਆ। ਫ਼ੇਰ ਓਹ ਮੁੰਡਾ ਜਿਵੇਂ ਵਕੀਲ ਸਾਬ ਦੇ ਦਮਾਗ਼ ਨਾਲ ਚੰਬੜ ਈ ਗਿਆ। 

ਵਕੀਲ ਸਾਬ ਨੂੰ ਚੇਤੇ ਆਣ ਲਗ ਪਿਆ ਕਿਸਰਾਂ ਓਹ ਬੜੇ ਈ ਜੋਸ਼ ਤੇ ਅਕੀਦਤ ਨਾਲ ਮੂਰਤੀਆਂ ਦੀਆਂ ਗੱਲਾਂ ਕਰਦਾ ਸੀ। ਜਦ ਸ਼ਿਵਾ ਦੇ ਬੁਤ ਦੀ ਗਲ ਕਰਦਾ ਤੇ ਇਂਜ ਝੁਕ ਜਿਹਾ ਜਾਂਦਾ ਜਿਵੇਂ ਨਾਟ ਰਾਜਾ ਓਹਦੇ ਸਾਹਮਣੇ ਈ ਹੋਣ ਤੇ ਓਹ ਉਹਨਾਂ ਦੇ ਚਰਨ ਪਿਆ ਛੂੰਦਾ ਹੋਵੇ। ਅਤੇ ਹਜ਼ਰਤ ਮੂਸਾ ਦੇ ਬੁਤ ਦੀ ਗਲ ਕਰਦੇ ਇੰਜ ਸਿਰ ਝੁਕਾਂਦਾ ਜਿਵੇਂ ਹਜ਼ਰਤ ਮੂਸਾ ਓਹਦੇ ਸਾਹਮਣੇ ਖਲੋਤੇ ਹੋਣ ਤੇ ਮੁੰਡਾ ਓਹਨਾਂ ਨੂੰ ਸ਼ਲੋਮ ਪਿਆ ਕਰਦਾ ਹੋਵੇ। ਸੋਚਦੇ ਸੋਚਦੇ ਵਕੀਲ ਸਾਬ ਦੇ ਖੱਬੇ ਹੱਥ ਵਿਚ ਖੁਜਲੀ ਹੋਈ। ਕੀ ਕਰਦੇ? ਖੱਬਾ ਹੱਥ ਈ ਪੱਥਰ ਦੇ ਹਥ ਨਾਲ ਰਗੜਨ ਲਗ ਪਏ। ਮੁੰਡਾ ਜਦ ਵੀ ਕਿਸੇ ਬੁਤ ਦੀ ਗਲ ਕਰਦਾ ਸੀ ਓਹਦੀਆਂ ਅੱਖਾਂ ਵਿੱਚੋਂ ਅਗ ਦੀਆਂ ਲਾਟਾਂ ਨਿਕਲਦੀਆਂ ਸਨ। ਰਗੜ ਨਾਲ ਪੱਥਰ ਦਾ ਹੱਥ ਗੋਡੇ ਤੋਂ ਡਿਗ ਪਿਆ। ਵਕੀਲ ਸਾਬ ਦੀਆਂ ਸੋਚਾਂ ਨੂੰ ਡੱਕਾ ਲਗ ਗਿਆ। ਬੁਤਾਂ ਨੇ ਬੁਤ ਬਣਾ ਛੱਡਿਆ ਸੀ! ਓਹ ਜਿਵੇਂ ਪੂਰੇ ਦੇ ਪੂਰੇ ਪੱਥਰ ਦੇ ਹੋਗਏ। ਬੁਤ ਬਣ ਗਏ। ਓਸੇ ਵੇਲੇ ਓਹਨਾਂ ਦੀ ਵੌਹਟੀ ਅੰਦਰ ਵੜੀ।

ਐਹ ਦਵਾਈ ਖਾਲਵੋ, ਟੈਮ ਹੋਗਿਆ ਜੇ। ਨਈਂ ਤੇ ਪਤਾ ਏ ਨਾ ਫ਼ੇਰ ਕਿਸਰਾਂ ਰੋਣ ਲਗ ਪੈਂਦੇ ਜੇ। 

ਵਕੀਲ ਸਾਬ ਨੇ ਚੁਪ ਚੁਪੀਤੇ ਗੋਲੀ ਮੂੰਹ ਵਿਚ ਪਾਕੇ ਪਾਣੀ ਨਾਲ ਨਿਗਲ ਲਈ। ਓਹਨਾਂ ਦੇ ਦਮਾਗ਼ ਵਿਚ ਝਕੜ ਪਏ ਚਲਦੇ ਸਨ। ਗੋਲੀ ਨੇ ਜਦੋਂ ਤੀਕਰ ਓਹਨਾਂ ਸੁਆਂ ਨਹੀਂ ਦਿੱਤਾ, ਓਹ ਬੁਤਾਂ ਬਾਰੇ ਈ ਸੋਚਦੇ ਰਹੇ।

ਅਗਲਾ ਸਾਰਾ ਦਿਨ ਓਹਨਾਂ ਦੇ ਚਾਰ ਚੁਫ਼ੇਰੇ ਬੁਤ ਈ ਨਚਦੇ ਗਜਦੇ ਰਹੇ। ਜਿਵੇਂ ਜਿਵੇਂ ਓਸ ਦਿਨ ਦਿਆਂ ਗੱਲਾਂ ਓਹਨਾਂ ਚੇਤੇ ਆਂਦਿਆਂ, ਓਹਨਾਂ ਪਕ ਹੋਈ ਜਾਂਦਾ ਕਿ ਬੁਤ ਵੱਡੇ ਦੇਵਤਾ ਨੇਂ, ਤੇ ਓਹ ਮੁੰਡਾ ਬੁਤਾਂ ਦਾ ਪੁਜਾਰੀ ਸੀ --- ਜਿਹਨੂੰ ਵਕੀਲ ਸਾਬ ਨੇ ਨਰਾਜ਼ ਕਰ ਦਿੱਤਾ ਸੀ। ਵੌਹਟੀ ਨੇ ਇਕ ਹੋਰ ਗੋਲੀ ਖਵਾਈ ਤੇ ਓਹਨਾਂ ਸਮਝ ਆਈ ਬਈ ਬੁਤ ਤੇ ਓਹਨਾਂ ਦੀਆਂ ਸੋਚਾ ਵੀ ਪੜ੍ਹ ਲੈਂਦੇ ਨੇਂ। ਓਸ ਦਿਨ ਜੋ ਕੁਝ ਓਹਨਾਂ ਸੋਚਿਆ ਸੀ, ਬੁਤਾਂ ਦੇ ਕਾਫ਼ਿਰ ਹੋਣ ਬਾਰੇ ਤੇ ਫ਼ੀਸ ਪੁਜਾਰੀ ਨੂੰ ਮੋੜਨ ਬਾਰੇ, ਓਹ ਸਭ ਕੁਝ ਓਹਨਾਂ ਪਤਾ ਲਗ ਗਿਆ ਸੀ। ਤੇ ਓਸ ਸਾਰੀ ਗੁਸਤਾਖ਼ੀ ਦੀ ਸਜ਼ਾ ਵਿਚ ਬੁਤਾਂ ਵਕੀਲ ਸਾਬ ਨੂੰ ਅੱਧਾ ਬੁਤ ਬਣਾ ਛੱਡਿਆ ਸੀ। ਵਕੀਲ ਸਾਬ ਦਾ ਰਤ ਜੰਮ ਗਿਆ। ਇਹ ਓਹ ਕੀ ਕਰ ਬੈਠੇ ਸਨ? ਗੁਨਾਹ ਦੇ ਇਸ ਭਾਰ ਥੱਲੇ ਓਹ ਫ਼ੇਰ ਸੌਂ ਗਏ।


ਉੱਠੇ ਤੇ ਸਭ ਗ਼ੈਬ ਸੀ। ਕੋਈ ਬੁਤ ਨਹੀਂ ਸੀ, ਨਾ ਨਚਦਾ, ਨਾ ਗਜਦਾ। ਚਾਰ ਚੁਫ਼ੇਰੇ ਹਨੇਰਾ ਤੇ ਇਕਲਾਪਾ। ਵਕੀਲ ਸਾਬ ਨੂੰ ਪਕ ਹੋਗਿਆ ਕਿ ਬੁਤਾਂ ਨੇ ਪਹਿਲਾਂ ਆਪਣੀ ਬੇ ਇੱਜ਼ਤੀ ਦਾ ਬਦਲਾ ਲੈਣ ਲਈ ਓਹਨਾਂ ਨੂੰ ਅੰਧਾ ਬੁਤ ਬਣਾ ਦਿੱਤਾ, ਫ਼ੇਰ ਦਮਾਗ਼ ਵਿਚ ਵੜ ਕੇ ਇਹ ਗਲ ਓਹਨਾਂ ਨੂੰ ਚੇਤੇ ਕਰਾਈ, ਤੇ ਹੁਣ ਵਕੀਲ ਸਾਬ ਨੂੰ ਤੜਫ਼ਦਾ ਛੱਡ ਕੇ ਗ਼ੈਬ ਹੋਗਏ ਨੇਂ। ਵਕੀਲ ਸਾਬ ਨੂੰ ਡਾਕਟਰਾਂ ਦੇ ਦਲਾਸੇ ਝੂਟ ਲੱਗਣ ਲਗ ਪਏ। 


ਦੋ ਦਿਨ ਏਸੇ ਤਰਹਾਂ ਕਰਬ ਵਿਚ ਲੰਘ ਗਏ। ਇਕ ਦਿਨ ਵਕੀਲ ਸਾਬ ਦਾ ਜੀ ਕੀਤਾ ਓਹ ਆਪਣਾ ਸਿਰ ਫਾੜ ਲੈਣ। ਬੁਤਾਂ ਤੋਂ ਮਾਫ਼ੀ ਓਹਨਾਂ ਦਾ ਪੁਜਾਰੀ ਦਵਾ ਸਕਦਾ ਸੀ। ਇਹ ਖ਼ਿਆਲ ਓਹਨਾਂ ਪਹਿਲਾਂ ਕਿਉਂ ਨਹੀਂ ਆਇਆ? ਓਸੇ ਵੇਲੇ ਚੇੰਬਰ ਫ਼ੋਨ ਕਰਾ ਕੇ ਮੁਨਸ਼ੀ ਸਦਿਆ। ਮੁਨਸ਼ੀ ਨੂੰ ਬੁਤਾਂ ਦਾ ਪੁਜਾਰੀ ਮੁੰਡਾ ਚੇਤੇ ਕਰਾਂਦੇ ਵੀ ਅੱਧਾ ਘੈਂਟਾ ਲੱਗ ਗਿਆ। ਓਹਨੂੰ ਚੇਤੇ ਆਇਆ ਤੇ ਵਕੀਲ ਸਾਬ ਦਾ ਫ਼ੇਰ ਜੀ ਕੀਤਾ ਆਪਣਾ ਗਾਟਾ ਕੱਟ ਲੈਣ। ਮੁਨਸ਼ੀ ਨੇ ਛੁਟਦੇ ਈ ਕਿਹਾ:

ਓਹ ਤੁਹਾਡੇ ਮਲਿਕ ਸਾਬ ਨੇ ਜਿਹੜਾ ਘਲਿਆ ਸੀ?

ਕੇਸ ਤੇ ਸਾਰੇ ਕਲਾਇੰਟ ਈ ਦੂਜੇ ਵਕੀਲਾਂ ਕੋਲ ਲੈ ਗਏ ਸਨ, ਪਰ ਮਲਿਕ ਸਾਬ ਨਾਲ ਤਾਅਲੁਕ ਬੜਾ ਪੁਰਾਣਾ ਸੀ। ਓਹਨਾਂ ਕਿਹਾ ਮੁੰਡਾ ਬਰਖ਼ੁਰਦਾਰ ਏ, ਜੋ ਮਰਜ਼ੀ ਪੁੱਛੋ, ਕਲ ਤੁਹਾਡੇ ਕੋਲ ਹੋਵੇ ਗਾ। 

ਅਗਲੇ ਦਿਨ ਮੁੰਡਾ ਆਗਿਆ।

ਸਰ ਬੜਾ ਦੁਖ ਹੋਇਆ ਸੀ ਤੁਹਾਡੀ ਬਿਮਾਰੀ ਦਾ ਸੁਣ ਕੇ। ਰਬ ਤੁਹਾਨੂੰ ਚੰਗਾ ਕਰੇ।

ਹਾਂ ਪੁੱਤਰ, ਬਸ ਡਾਹਡਿਆਂ ਦੀਆਂ ਓਹੀ ਜਾਣਨ। ਬੰਦਾ ਕੀ ਕਰ ਸਕਦਾ ਏ।

ਜੀ ਸਹੀ ਗਲ ਏ ਸਰ।

ਓਹ ਪੁੱਤਰ ਤੇਰੀ ਆਰ੍ਟ ਗੈਲਰੀ ਦਾ ਕੀ ਬਣ ਰਿਹਾ ਏ?

ਜੀ ਮਲਿਕ ਸਾਬ ਨੇ ਇਕ ਹੋਰ ਵਕੀਲ ਸਾਬ ਦਾ ਦਸਿਆ ਸੀ, ਓਹੀ ਹੁਣ ਵੇਖਦੇ ਪਏ ਨੇਂ ਕਨੂਨੀ ਮੁਆਮਲੇ।

ਚੰਗਾ ਏ, ਚੰਗਾ ਏ। ਫ਼ੇਰ ਕਦੋਂ ਬਣਾਓ ਗੇ ਅਜ਼ੀਮ ਬੁਤ ਸਾਬ?

ਜੀ…? ਓਹ… ਵੇਖਨੇ ਆਂ।

ਤੁਸੀਂ ਦੋ ਬੁਤਾਂ ਦਾ ਤੇ ਜ਼ਿਕਰ ਕੀਤਾ ਸੀ, ਸ਼ਿਵਾ ਜੀ ਤੇ ਹਜ਼ਰਤ ਮੂਸਾ, ਹੋਰ ਕਿਹੜੇ ਬੁਤ ਬਣਾਓ ਗੇ?

ਜੀ … ਕੋਈ ਵੀ ਨਹੀਂ।

ਕਿਉਂ???

ਓਹ ਮੈਂ ਤੁਹਾਡੇ ਨਾਲ ਗਲ ਕਰਨ ਪਿੱਛੋਂ ਇਕ ਮੌਲਵੀ ਸਾਬ ਨੂੰ ਪੁਛਿਆ ਸੀ।

ਫ਼ੇਰ?

ਓਹਨਾਂ ਕਿਹਾ ਬੁਤ ਬਨਾਣਾ ਕੁਫ਼ਰ ਏ।

ਹੁੰਹ! ਫ਼ੇਰ?

ਫੇਰ … ਮੈਂ ਸੋਚਿਆ ਦਫ਼ਾਅ ਕਰਾਂ ਬੁਤਾਂ ਦੇ ਏਸ ਭੈੜੇ ਕੰਮ ਨੂੰ। ਹੁਣ ਮੈਂ ਨਿਰੀ ਤਸਵੀਰਾਂ ਦੀ ਗੈਲਰੀ ਬਣਾਵਾਂ ਗਾ।


ਬੁਤਾਂ ਦਾ ਭੈੜਾ ਕੰਮ? ਦੋ ਕੂ ਮਿੰਟ ਤੇ ਵਕੀਲ ਸਾਬ ਦੇ ਪੱਲੇ ਈ ਨਾ ਪਿਆ ਮੁੰਡਾ ਕਹਿੰਦਾ ਕੀ ਪਿਆ ਸੀ। ਫ਼ੇਰ ਓਹਨਾਂ ਨੂੰ ਇਂਜ ਜਾਪਿਆ ਜਿਵੇਂ ਨਾਟ ਰਾਜਾ ਤੇ ਹਜ਼ਰਤ ਮੂਸਾ ਦੇ ਬੁਤ ਓਹਨਾਂ ਦੇ ਸਾਹਮਣੇ ਖਲੋਤੇ ਠੱਠੇ ਪਏ ਮਾਰਦੇ ਹੋਣ। ਓਹਨਾਂ ਸਮਝ ਈ ਨਾ ਆਈ ਹੁਣ ਕਰਨ ਕੀ? ਠੱਠੇ ਮਾਰਦੇ ਬੁਤਾਂ ਨਾਲ ਹਸਣ ਯਾਂ ਰੋ ਰੋ ਕੇ ਮਾਫ਼ੀ ਮੰਗਣ। ਇੰਜ ਈ ਖ਼ੁਸ਼ੀ ਗ਼ਮੀ ਦੀ ਧੁਵਿਦਾ ਵਿਚ ਫਸੇ ਈ ਏੱਨੀ ਜ਼ੋਰ ਦਾ ਦਿਲ ਦਾ ਦੌਰਾ ਪਿਆ ਕਿ ਇੱਕੋ ਦਮ ਦਿਲ ਬੰਦ ਹੋ ਗਿਆ। ਤੜਫ਼ਨ ਦਾ ਵੇਲ੍ਹ ਵੀ ਨਾ ਲਭਿਆ। ਬੈਠੇ ਬੈਠੇ ਈ ਬਸ ਲੋਥ ਬਣ ਗਏ। ਸਭ ਕੁਝ ਏੱਨੀ ਛੇਤੀ ਹੋਇਆ ਕਿ ਖ਼ੁਸ਼ੀ ਗ਼ਮੀ ਦਾ ਰਲਿਆ ਮਿਲਿਆ ਗੁੰਜਲ ਵੀ ਨਾ ਖ਼ੁਲ ਸਕਿਆ, ਤੇ ਜਜ਼ਬਾਤ ਦਾ ਇਹ ਗੁੰਜਲ ਵਕੀਲ ਸਾਬ ਦੇ ਮੂੰਹ ਤੇ ਜੋਕਰ ਦੇ ਮਾਸ੍ਕ ਵੰਗਰ ਪੱਕਾ ਈ ਹੋਗਿਆ।

ਮੁੰਡੇ ਨੇ ਓਸ ਮੂੰਹ ਵਲ ਵੇਖਿਆ ਤੇ ਓਹਨੂੰ ਜਾਪਿਆ ਜਿਸਰਾਂ ਮਾਈਕਲ ਐਂਜਲੋ ਤੋਂ ਵੀ ਵੱਡੇ ਕਲਾਕਾਰ ਨੇ ਇਕ ਸ਼ਾਹਕਾਰ ਬੁਤ ਬਣਾਇਆ ਹੋਏ। ਓਹਦਾ ਜੀ ਕੀਤਾ ਇਸ ਸ਼ਾਹਕਾਰ ਬੁਤ ਦੀ ਕਾਪੀ ਬਣਾਏ! 



No comments:

Post a Comment