Sunday, 21 February 2021

ਅਰਬੀ ਬੰਦਾ ਤੇ ਗੁਰਮੁਖੀ ਲਿੱਪੀ

 


ਵਰ੍ਹਿਆਂ ਦੀ ਗਲ ਏ, ਕੋਲੰਬੋ ਵਿਚ ਬੈਠੇ ਸਾਂ। ਇਕ ਗੋਰੇ ਨੇ ਕਿਹਾ ਉਹਨੂੰ ਸਾਡਾ ਹੱਥ ਜੋੜ ਕੇ ਗ੍ਰੀਟ ਕਰਨਾ ਬਹੁਤ ਚੰਗਾ ਲਗਦਾ ਏ। ਮੈਂ ਖਿਜ ਗਿਆ। 

  • ਨਹੀਂ, ਓਹ ਸਾਡਾ ਨਹੀਂ ਹਿੰਦੂਆਂ ਦਾ ਤਰੀਕਾ ਏ। 

ਮੈਂ ਤੁਨਕ ਕੇ ਬੋਲਿਆ। 

  • ਤੂੰ ਸਾਊਥ ਏਸ਼ਿਅਨ ਨਹੀਂ? 

ਮੈਨੂੰ ਹੋਰ ਕਾਵੜ ਚੜ੍ਹੀ। ਮੈਂ ਉਹਨੂੰ ਦਸ ਚੁਕਿਆ ਸਾਂ ਮੈਂ ਪਾਕਿਸਤਾਨੀ ਸਾਂ।

  • ਹਾਂ, ਪਰ ਮੈਂ ਪਾਕਿਸਤਾਨੀ ਆਂ, ਅਸੀਂ ਮੁਸਲਮਾਨ ਹੋਂਦੇ ਆਂ, ਇਹ ਸਾਡਾ ਤਰੀਕਾ ਨਹੀਂ।

  • ਪਰ ਇਹ ਤੇ ਤੁਹਾਡੇ ਰੀਜਨ ਦਾ ਤਰੀਕਾ ਏ। ਉੱਥੇ ਦੇ ਤੇ ਹਰ ਮਜ਼ਹਬ ਨੇ ਇਹੀ ਤਰੀਕਾ ਅਪਨਾਇਆ ਏ, ਜੈਨ ਮਤ, ਬੁਧ ਮਤ, ਹਿੰਦੂ ਮਤ ਤੇ ਸਿਖ ਮਤ, ਸਭ ਇਹੋ ਤਰਹਾਂ ਗ੍ਰੀਟ ਕਰਦੇ ਨੇਂ।

ਮੈਨੂੰ ਕੁਝ ਨਾ ਸੁਝਿਆ।

  • ਤੁਹਾਡੇ ਕ੍ਲਾਈਮੈਂਟ ਮੁਤਾਬਿਕ ਇਹ ਬੜਾ ਹਾਈਜਿਨਿਕ ਤਰੀਕਾ ਏ।

ਗੋਰੇ ਨੇਂ ਮੈਨੂੰ ਚੁਪ ਵੱਟੀ ਵੇਖੀ ਤੇ ਗਲ ਮੁਕਾ ਦਿੱਤੀ। 

ਉਹਨੇ ਤੇ ਮੁਕਾ ਦਿੱਤੀ, ਪਰ ਮੈਨੂੰ ਉਹ ਚੁਭ ਗਈ ਸੀ। ਕਿੰਨੇ ਈ ਵਰ੍ਹਿਆਂ ਪਿੱਛੋਂ ਪੱਲੇ ਪਿਆ ਬਈ ਗਲ ਓਹ ਠੀਕ ਪਿਆ ਕਰਦਾ ਸੀ। ਮੈਂ ਈ ਮਜ਼ਹਬ ਤੇ ਕਲਚਰ ਦੀ ਸਰਹਦ ਘਿਚ ਮਿਚ ਕਰ, ਦੋਵਾਂ ਦੀ ਚਟਨੀ ਬਣਾ ਛੱਡੀ ਸੀ। 



ਮੈਂ ਮਦੀਨੇ ਵਿਚ ਫਿਰਦਾ ਪਿਆ ਸਾਂ, ਸਿਰ ਤੇ ਅਰਬੀਆਂ ਵਾਲਾ ਰੁਮਾਲ ਤੇ ਟਾਇਰ ਪਾਇਆ ਹੋਇਆ ਸੀ। ਅਖ਼ੀਰ ਮੈਂ ਵੀ ਤੇ ਕੁਰੈਸ਼ੀ ਅਰਬੀ ਆਂ। ਹਜ਼ਾਰ ਵਰ੍ਹਿਆਂ ਪਹਿਲਾਂ ਸਾਡੇ ਵੱਡੇ ਅਰਬ ਤੋਂ ਈ ਤੇ ਪੰਜਾਬ ਆਏ ਸਨ।

ਇਕ ਸਊਦੀ ਅਰਬੀ ਨੇ ਮੈਨੂੰ ਡਕ ਲਿਆ।

  • ਤੂੰ ਸਿਰ ਤੇ ਸਾਡਾ ਰੁਮਾਲ ਕਿਓਂ ਪਾਇਆ ਏ?

ਉਹਨੇ ਇੰਜ ਝਿੜਕ ਕੇ ਮੈਨੂੰ ਪੁਛਿਆ ਕਿ ਮੇਰੇ ਅੰਦਰ ਦਾ ਅਰਬੀ ਥਿੜਕ ਗਿਆ।

  • ਇਹ ਮੈਂ ਉਥੋਂ ਮੁਲ ਲਈ ਏ।

ਮੈਂ ਪਿੱਛੇ ਨੂੰ ਹੱਟੀ ਵਲ ਇਸ਼ਾਰਾ ਕਰਦਿਆਂ ਆਖਿਆ। ਹੋਰ ਮੈਨੂੰ ਕੁਝ ਸੁਝਿਆ ਈ ਨਾ।

  • ਇਹ ਸਿਰਫ਼ ਅਰਬੀ ਪਾ ਸਕਦੇ ਨੇਂ। ਤੂੰ ਲਗਦਾ ਪਹਿਲੀ ਵਾਰ ਇੱਥੇ ਆਇਆਂ ਏਂ ਇਸ ਲਈ ਛਡ ਰਿਹਾਂ, ਨਹੀਂ ਤੇ ਤੈਨੂੰ ਜੇਲ ਕਰਾ ਦਿੰਦਾ। 

ਉਹ ਸਿਰ ਮਾਰ ਕੇ ਟੁਰ ਗਿਆ ਤੇ ਮੇਰੇ ਮੂਹੋਂ ਇਹ ਨਾ ਨਿਕਲਿਆ ਕਿ ਮੈਂ ਤੇ ਆਪ ਕੁਰੈਸ਼ੀ ਅਰਬੀ ਆਂ।

ਲਹੌਰ ਪਰਤ ਕਿ ਮੈਂ ਸੋਚਿਆ ਬਈ ਆਪਣੇ ਇਕ ਵਿਛੜੇ ਭਰਾ ਨੂੰ ਵੇਖ ਕੇ ਓਸ ਅਰਬੀ ਦੇ ਖੂਨ ਨੇ ਜੋਸ਼ ਕਿਓਂ ਨਹੀਂ ਮਾਰਿਆ, ਜ਼ਰਾ ਹਿਸਾਬ ਲਾਵਾਂ ਮੇਰੇ ਵਿਚ ਕਿੰਨਾ ਕੂ ਅਰਬੀ ਖੂਨ ਬਚ ਗਿਆ ਹੋਇਆ ਏ?



ਬਾਲ ਵਿਚ ਅੱਧੇ ਜੀਨ ਮਾਂ ਵਲੋਂ ਆਂਦੇ ਨੇਂ ਤੇ ਅੱਧੇ ਪਿਓ ਵਲੋਂ। ਯਾਨੀ ਇਕ ਅਰਬੀ ਸਾਬ ਪੰਜਾਬ ਆ ਵਸਦੇ ਨੇਂ, ਈਥੇ ਪੰਜਾਬੀ ਕੁੜੀ ਨਾਲ ਵਿਆਹ ਕਰ ਲੈਂਦੇ ਨੇਂ ਤੇ ਉਨ੍ਹਾਂ ਦੇ ਬਾਲ ਦੇ ਅੱਧੇ ਜੀਨ ਅਰਬੀ ਹੋਣ ਗੇ ਤੇ ਅੱਧੇ ਪੰਜਾਬੀ। ਫ਼ੇਰ ਜਦੋਂ ਈਸ ਅੱਧੇ ਪੰਜਾਬੀ ਅੱਧੇ ਅਰਬੀ ਦਾ ਵਿਆਹ ਪੰਜਾਬੀ ਕੁੜੀ ਨਾਲ ਹੋਵੇ ਗਾ ਤੇ ਬਾਲ ਨੂੰ ਅੱਧੇ ਜੀਨ ਮਾਂ ਵਲੋਂ ਆਣ ਗੇ ਜਿਹੜੇ ਸਾਰੇ ਪੰਜਾਬੀ ਹੋਣ ਗੇ। ਦੂਜੇ ਅੱਧੇ ਜੀਨ, ਜਿਹੜੇ ਪਿਓ ਵਲੋਂ ਆਣ ਗੇ, ਅੱਧੇ ਅਰਬੀ ਹੋਣ ਗੇ ਤੇ ਅੱਧੇ ਪੰਜਾਬੀ। ਯਾਨੀ 50% ਮਾਂ ਵਲੋਂ ਪੰਜਾਬੀ ਜੀਨ, ਤੇ ਪਿਓ ਵਲੋਂ 25% ਪੰਜਾਬੀ ਜੀਨ ਤੇ 25% ਅਰਬੀ ਜੀਨ। ਇਹਦਾ ਮਤਲਬ ਕਿ ਹਰ ਪੀੜ੍ਹੀ ਨਾਲ ਅਰਬੀ ਜੀਨ ਪਿਛਲੀ ਪੀੜ੍ਹੀ ਤੋਂ ਅੱਧੇ ਹੋਈ ਜਾਣ ਗੇ। 

ਗਲ ਸਮਝਣ ਲਈ ਮੈਂ ਸੋਚਿਆ ਜੇ ਇਕ ਖ਼ਿਆਲੀ ਅਰਬੀ 1899 ਵਿਚ ਪੰਜਾਬ ਆਏ ਤੇ ਇੱਥੇ ਈ ਵਸ ਜਾਏ, ਤੇ ਕਿੰਨੇ ਚਿਰ ਤੀਕਰ ਉਹਦੇ ਜੀਨ ਅਰਬੀ ਰਹਿਣ ਗੇ। 1899 ਵਿਚ ਅਰਬੀ ਸਾਬ ਪੰਜਾਬੀ ਕੁੜੀ ਨਾਲ ਵਿਆਹ ਕਰ ਲੈਂਦੇ ਨੇਂ, 1900 ਵਿਚ ਬਾਲ ਜੰਮ ਪੈਂਦਾ ਏ। 1919 ਵਿਚ ਈਸ ਬਾਲ ਦਾ ਵਿਆਹ ਇਕ ਪੰਜਾਬੀ ਕੁੜੀ ਨਾਲ ਹੋਂਦਾ ਏ ਤੇ 1920 ਵਿਚ ਉਨ੍ਹਾਂ ਦਾ ਬਾਲ ਜੰਮਦਾ ਏ। ਤੇ ਅਰਬੀ ਦੀ ਪੰਜਾਬ ਵਿਚ ਇਸੇ ਤਰਹਾਂ ਨਸਲ ਚਲਦੀ ਰਹਿੰਦੀ ਏ, ਤੇ ਹਰ ਪਿੜ੍ਹੀ ਵਿਚ ਅਰਬੀ ਜੀਨ ਪਿਛਲੀ ਤੋਂ ਅੱਧ ਰਹਿ ਜਾਂਦੇ ਨੇਂ। ਇਸ ਗਲ ਦਾ ਟੇਬਲ ਬਣਾਈਏ ਤੇ ਗਲ ਸੌਖੀ ਹੋ ਜਾਵੇ ਗੀ।


1899 ---------- ਅਰਬੀ ਬੰਦਾ ------------ ਅਰਬੀ ਜੀਨ 100%

1900 ---------- ਪਹਿੱਲੀ ਪੀੜ੍ਹੀ ----------- ਅਰਬੀ ਜੀਨ 50%

1920 ---------- ਦੂਜੀ ਪੀੜ੍ਹੀ -------------- ਅਰਬੀ ਜੀਨ 25%

1940 ---------- ਤੀਜੀ ਪੀੜ੍ਹੀ ------------- ਅਰਬੀ ਜੀਨ 12.5%

1960 ---------- ਚੌਥੀ ਪੀੜ੍ਹੀ ------------- ਅਰਬੀ ਜੀਨ 6.25%

1980 ---------- ਪੰਜਵੀਂ ਪੀੜ੍ਹੀ ----------- ਅਰਬੀ ਜੀਨ 3%

2000 ---------- ਛੇਵੀਂ ਪੀੜ੍ਹੀ ------------- ਅਰਬੀ ਜਨ 1.5%

2020 ---------- ਸਤਵੀਂ ਪੀੜ੍ਹੀ ----------- ਅਰਬੀ ਜੀਨ 0.75%


ਸਵਾ ਸਦੀ ਵਿਚ ਈ ਅਰਬੀ ਜੀਨ ਇਕ ਫ਼ੀਸਦ ਵੀ ਨਹੀਂ ਰਹਿ ਜਾਂਦੇ। ਪਰ ਮੈਂ ਤੇ ਇਕ ਹਜ਼ਾਰ ਵਰ੍ਹਿਆਂ ਤੋਂ ਪੰਜਾਬ ਦੀ ਕਣਕ ਪਿਆ ਖਾਂਨਾ ਵਾਂ, ਫ਼ੇਰ ਵੀ ਕੁਰੈਸ਼ੀ ਅਰਬੀ ਅਖਵਾਨਾਂ ਵਾਂ।



ਪੰਜਾਬ ਵਿਚ ਨਿਰੇ ਜੀਨ ਈ ਅਰਬ ਤੋਂ ਨਹੀਂ ਆਏ, ਅੱਖਰ ਵੀ ਆਏ ਨੇਂ।


650 ਵਿਚ ਜਦੋਂ ਅਰਬਾਂ ਨੇ ਈਰਾਨ ਉੱਤੇ ਕਬਜ਼ਾ ਕੀਤਾ ਤੇ ਉੱਥੇ ਫ਼ਾਰਸੀ ਲਿੱਖੀ ਜਾਂਦੀ ਸੀ, ਆਪਣੇ ਫ਼ਾਰਸੀ ਅਖਰਾਂ ਵਿਚ। ਜਦੋਂ ਅਰਬ ਉੱਥੇ ਆਵੜੇ ਤੇ ਨਾਲ ਆਪਣੇ ਅਖੱਰ ا، ب، پ ਵੀ ਲੈ ਆਏ। ਫ਼ਾਰਸੀ ਆਪਣੇ ਅਖਰਾਂ ਨੂੰ ਦੋ ਸੌ ਵਰ੍ਹੇ ਸੀਨੇ ਨਾਲ ਲਾਈ ਰਖਿਆ, ਪਰ ਅਖ਼ੀਰ ਹਰ ਗਈ। ਫ਼ਾਰਸੀ ਲਿੱਪੀ ਮਰ ਗਈ, ਤੇ ਫ਼ਾਰਸੀ ਵੀ ਹੁਣ ਅਰਬੀ ਅਖਰਾਂ ਵਿਚ ਈ ਲਿਖੀ ਜਾਣ ਲਗ ਪਈ।


ਧਾੜਵਿਆਂ ਨਾਲ ਫ਼ਾਰਸੀ ਪੰਜਾਬੇ ਆਈ ਤੇ ਨਾਲ ਈ ਅਰਬੀ ਅਖਰ ਵੀ ਆ ਵੜੇ। ਹਿੰਦਵੀ ਅਰਬੀ ਅਖਰਾਂ ਵਿਚ ਲਿਖੀ ਜਾਣ ਲਗ ਪਈ ਤੇ ਉਰਦੂ ਬਣ ਗਈ। ਹੁਣ ਅਸੀਂ ਪੰਜਾਬੀ ਵੀ ਅਰਬੀ ਅਖਰਾਂ ਵਿਚ ਈ ਲਿਖਣਾ ਚਾਹੁੰਦੇ ਆਂ, ਜਿਹਦਾ ਫ਼ੈਨ੍ਸੀ ਨਾਂ ਅਸੀਂ ਸ਼ਾਹਮੁਖੀ ਰਖ ਲਿਆ ਏ; ਤਾਂ ਕਿਸੇ ਨੂੰ ਪਤਾ ਨਾ ਲੱਗੇ ਇਹ ਅਸਲੋਂ ਅਰਬੀ ਅਖਰ ਨੇਂ ਜਿਹਨਾਂ ਨੂੰ ਅਸੀਂ ਫ਼ਾਰਸੀ ਤੇ ਉਰਦੂ ਬਾਅਦੋਂ ਹੁਣ ਪੰਜਾਬੀ ਤੇ ਵੀ ਮਿਥਣਾ ਚਾਹੁੰਦੇ ਆਂ!


ਜਰਨਲ ਜ਼ਿਆ ਨੇ 1984 ਵਿਚ ਲਾਅ ਆਫ਼ ਐਵੀਡੈਂਸ ਨੂੰ ਥੋੜਾ ਬਹੁਤ ਬਦਲ ਕੇ ਉਹਦਾ ਨਾਂ ਕਨੂਨ ਏ ਸ਼ਹਾਦਤ ਰਖ ਦਿਤਾ। ਉਸ ਵੇਲੇ ਇਕ ਵਕੀਲ ਨੇ ਕਿਹਾ ਹੁਣ ਲਾਅ ਆਫ਼ ਐਵੀਡੈਂਸ ਨੇ ਇਸਲਾਮ ਕਬੂਲ ਕਰ ਲਿਆ ਏ ਤੇ ਮੁਸਲਮਾਨ ਹੋਗਿਆ ਏ।

ਅਸੀਂ ਵੀ ਖ਼ਵਰੇ ਡਰਦੇ ਆਂ ਕਿ ਜੇ ਪੰਜਾਬੀ ਗੁਰਮੁਖੀ ਵਿਚ ਲਿਖੀ ਤੇ ਸਿਖ ਹੋ ਜਾਏ ਗੀ। ਇਸ ਲਈ ਅਸੀਂ ਅਰਬੀ ਅਖਰਾਂ ਵਿਚ ਲਿਖ ਕੇ ਪੰਜਾਬੀ ਨੂੰ ਮੁਸਲਮਾਨ ਕਰਨਾ ਚਾਹੁੰਦੇ ਆਂ।

ਜੇ ਪੰਜਾਬੀ ਦੀ ਲਿੱਪੀ ਅਸੀਂ ਇੱਕੋ ਨਾ ਕੀਤੀ ਤੇ ਦੋਵੇਂ ਪੰਜਾਬ ਇਕ ਦੂਜੇ ਲਈ ਅਨਪੜ੍ਹ ਹੋ ਜਾਣ ਗੇ। ਮੈਂ ਅਜ ਗੁਰਮੁਖੀ ਦੀ ਕਿਤਾਬ ਪੜ੍ਹਨਾ ਵਾਂ ਤੇ 25% ਮੇਰੇ ਪੱਲੇ ਨਹੀਂ ਪੈਂਦੀ, ਇਹਨੇ ਸੰਸਕ੍ਰਿਤ ਲਫ਼ਜ਼ ਹੋਂਦੇ ਨੇਂ। ਚੜ੍ਹਦੇ ਦੇ ਪੰਜਾਬੀ ਸਾਡੀਆਂ ਲਿਖਤਾਂ ਬਾਰੇ ਇਹੋ ਕਹਿੰਦੇ ਨੇਂ, ਇੰਨੀ ਫ਼ਾਰਸੀ ਤੇ ਅਰਬੀ ਹੋਂਦੀ ਏ। 

ਜੇ ਅਸੀਂ ਪੰਜਾਬੀ ਦੀ ਲਿੱਪੀ ਇਕ ਨਾ ਕੀਤੀ ਤੇ ਕੁਝ ਈ ਵਰ੍ਹਿਆਂ ਵਿਚ ਇਕ ਦੀਆਂ ਦੋ ਪੰਜਾਬੀਆਂ ਬਣ ਜਾਣ ਗੀਆਂ। 

ਤੇ ਇਹ ਪੰਜਾਬ ਦੀ ਅਸਲ ਵੰਡ ਹੋ ਜਾਵੇ ਗੀ!


(ਲਹੌਰ ਦੇ ਇਕ ਪ੍ਰੋਗਰਾਮ ਵਿਚ ਕੀਤੀ ਗਈ ਗਲ ਬਾਤ)

ਟੂਸਮ








1 comment: