ਪ੍ਲਾਸਟਿਕ ਦੀ ਗੱਡੀ
ਲੇਖਕ
ਟੀਪੂ ਸਲਮਾਨ ਮਖ਼ਦੂਮ
ਪ੍ਲਾਸਟਿਕ ਦੀ ਟੁੱਟੀ ਗੱਡੀ, ਧੁੱਪੇ ਸੜਦੀ ਰਹਿੰਦੀ ਏ। ਪਿਸ਼ਲੇ ਟੈਰ ਵਿਛੋੜ ਗਏ ਨੇਂ। ਨਾ ਕੋਈ ਚੁਕਦਾ ਏ, ਨਾ ਕੋਈ ਸੁਟਦਾ ਏ। ਸਾਫ਼ ਵੀ ਨਈਂ ਕਰਦੇ ਤੇ ਨਾ ਈ ਰੱਦੀ ਆਲੇ ਨੂੰ ਵੇਚਦੇ ਨੇ।
ਨਵੀਂ ਨਵੀਂ ਆਈ ਸੀ ਤੇ ਲਸ਼ਕਾਰੇ ਮਾਰਦੀ ਸੀ। ਹਰ ਬਾਲ ਬਾਲੜੀ ਦੇ ਇਸ਼ਾਰੇ ਤੇ ਐਂਜ ਭਜਦੀ ਸੀ ਜੀਵੇਂ ਜੀ-ਏਮ ਦੀ ਘੈਂਟੀ ਤੇ ਔਪ੍ਰੇਸ਼ਨਲ ਮੈਨੇਜਰ।
ਹੁਣ ਤੇ ਪ੍ਰਾਈਵੇਟ ਕੰਪਨੀ ਦੀ "ਰਾਈਟ ਸਾਈਜ਼ਡ" ਇੰਪ੍ਲੌਈ ਲਗਦੀ ਏ, ਜਿਹਨੂੰ ਪੈਨਸ਼ਨ ਦੀ ਵੀ ਉਡੀਕ ਨਈਂ ਹੋਂਦੀ।
ਕਦੀ ਬਿਜਲੀ ਚਲੇ ਜਾਏ, ਜਿਸਤੋਂ ਬਾਲਾਂ ਨੂੰ ਮਜਬੂਰਨ ਸ੍ਕ੍ਰੀਨਾਂ ਛਡਕੇ ਬਾਹਰ ਖੇਡਣਾ ਪਵੇ ਤੇ ਐਂਜ ਦਿਸਦੀ ਏ ਜੀਵੇਂ ਉਂਮ੍ਰਾਂ ਲੰਗੀ ਸ੍ਵਾਣੀ ਘਰ ਰਿਸ਼ਤਾ ਆਇਆ ਹੋਵੇ। ਢਿੱਡ ਥੱਲੋਂ ਉਠਦੀਆਂ ਲੋੜਾਂ, ਛਾਤੀ ਥੱਲੋਂ ਉਠਦੀਆਂ ਹੂਕਾਂ ਤੇ ਸਿਰੋਂ ਲਹਿੰਦੇ ਪਿਸ਼ਲੇ ਧੁਤਕਾਰਿਆਂ ਦੇ ਚੇਤੇ ਜਿਵੇਂ ਐਸ ਤੀਵੀਂ ਦੇ ਹੋਠਾਂ ਉੱਤੇ ਉਮੀਦਾਂ ਭਰੀ ਉਦਾਸ ਤੇ ਡਰੀ ਡਰੀ ਮੁਸਕਾਨ ਲੈਕੇ ਆਂਦੇ ਨੇਂ, ਔਸੇਤਰਹਾਂ ਮੁਸਕਾੰਦੀ ਜਾਪਦੀ ਏ ਐਹ ਨੀਲੀ ਗੱਡੀ।
ਟੁੱਟੇ ਟੈਰਾਂ ਨਾਲ ਵੀ ਕਿਸੇ ਨੂੰ ਨਾ ਨਈਂ ਕਰਦੀ। ਖ਼ਵਰੇ ਸ਼ੁਕਰ ਈ ਕਰਦੀ ਹੋਵੇ ਕਿ ਓਹਦੀ ਵੀ ਕਿਸੇ ਨੂੰ ਲੋੜ ਪਈ ਏ।
ਖ਼ਵਰੇ ਮੈਰੇ ਵਾਂਗ ਐਹਨੂੰ ਵੀ ਆਪਣੀ ਹੋਂਦ ਬਾਲਾਂ ਵਿੱਚ ਕੈਦ ਦਿਸਦੀ ਹੋਵੇ?
No comments:
Post a Comment