Thursday, 21 May 2020

NuchDay Akkhar- Punjabi Story

ਨੱਚਦੇ ਅੱਖਰ
ਲੇਖਕ
ਸ਼ਹਿਜ਼ਾਦ ਅਸਲਮ


ਉਹਦਾ ਜਨਮ ਕਿਵੇਂ ਤੇ ਕਦ ਹੋਇਆ ਕੋਈ ਵੀ ਨਈਂ ਸੀ ਜਾਣਦਾ । ਜਾਣ ਵੀ ਕਿਵੇਂ ਸਕਦਾ ਸੀ ਕਿਉਂ ਜੇ ਉਹਦੀ ਜਨਮ ਭੂਮੀ ਤੇ ਇਸ ਗੰਦੇ ਮੰਦੇ ਆਦਮੀ ਦਾ ਦਿਮਾਗ਼ ਸੀ ਜਿਹੜਾ ਲੰਮੇ ਲੰਮੇ ਵਾਲ ਤੇ ਦਾੜ੍ਹੀ ਵਿਚ ਮੂੰਹ ਲਕੋ ਕੇ ਸ਼ਹਿਰ ਦੀ ਵੱਡੀ ਸੜਕ ਦੇ ਕੰਢੇ ਪਿਆ ਰਹਿੰਦਾ ਤੇ ਸਵੇਰ ਕਵੇਲ, ਧੁੱਪ ਮੀਂਹ ਤੇ ਸਰਦੀ ਗਰਮੀ ਦੇ ਪਾਲੇ ਸੇਕ ਦੀ ਪ੍ਰਵਾਹ ਈ ਨਾ ਕਰਦਾ ।

ਉਹ ਕਿੱਥੋਂ ਤੇ ਕਦ ਆਇਆ ਕਿਸੇ ਨੂੰ ਵੀ ਨਾ ਤੇ ਪ੍ਰਵਾਹ ਸੀ ਤੇ ਨਾ ਈ ਜਾਨਣ ਦੀ ਲੋੜ ਸੀ । ਲੋਕੀ ਵੀ ਓਨੂੰ ਫ਼ਕੀਰ ਸਮਝ ਕੇ ਇੰਨਾਂ ਈ ਵੇਖਦੇ ਜਿੰਨਾਂ ਉਹ ਫ਼ੁਟਪਾਥ ਨੂੰ ਵੇਖਦੇ ਸਨ । ਫ਼ਕੀਰ ਨੂੰ ਵੀ ਕਿਸੇ ਦੀ ਪ੍ਰਵਾਹ ਨਹੀਂ ਸੀ ਕਿਉਂ ਜੇ ਉਹ ਫ਼ਕੀਰ ਸੀ ।ਏਸ ਕਰਕੇ ਕਿਸੇ ਨੇਂ ਵੀ ਉਹਨੂੰ ਫ਼ੁਟਪਾਥ ਦੀ ਕਜ ਫੁਟ ਥਾਂ ਛੱਡਣ ਦਾ ਨਾਂ ਆਖਿਆ । ਨੁਕਸਾਨ ਨਾਂ ਕਰੇ ਤੇ ਲੋਕੀ ਰਿੱਛ ਨੂੰ ਵੀ ਕੋਲ਼ ਭਾ ਲੈਂਦੇ ਨੇਂ । ਫ਼ਕੀਰ ਜਦੋਂ ਵੀ ਸੌਂ ਜਾਂਦਾ ਉਹਦਾ ਵਜੂਦ ਆਪੇ ਈ ਘੁੰਮਣਘੇਰੀ ਪਾ ਕੇ ਖ਼ਾਬਾਂ ਵਿਚ ਨੱਚਣ ਟੱਪਣ ਲੱਗ ਪੈਂਦਾ ਤੇ ਪੜਛਾਵਾਂ ਬਣ ਕੇ ਨਗਰੀ ਨਗਰੀ ਤੇ ਘਰੋਂ ਘਰ ਫਿਰਦਾ ਫਿਰਾਂਦਾ ਦੂਜੇ ਲੋਕਾਂ ਦੇ ਦਮਾਕਾਂ ਵਿਚ ਸਨ ਲਾ ਕੇ ਉਨ੍ਹਾਂ ਨੂੰ ਆਪਣੀ ਬੋਲੀ ਬੋਲਣ ਲਈ ਅਚੀਰਦਾ । ਕਜ ਚਿਰ ਮਗਰੋਂ ਉਹਦੀ ਬੋਲੀ ਤੇ ਸ਼ਹਿਰ ਦੀਆਂ ਕੰਧਾਂ ਵੀ ਬੋਲਣ ਲੱਗ ਪਈਆਂ । ਜਿਥੇ ਕਦੀ ਸਨਿਆਸੀ ਬਾਬੇ ਦੇ ਟੋਟਕਿਆਂ ਦੀ ਮਸ਼ਹੂਰੀ ਲਈ ਕਾਲੇ ਰੰਗ ਦੇ ਅੱਖਰ ਮੂੰਹ ਅੱਡ ਕੇ ਲੰਮੇ ਪਏ ਰਹਿੰਦੇ ਓਥੇ ਹੁਣ ਫ਼ਕੀਰ ਦੇ ਪੜਛਾਵੇਂ ਦੀ ਬੋਲੀ ਦੇ ਅੱਖਰ ਨੱਚਦੇ ਦਿਸਦੇ । ਇਨ੍ਹਾਂ ਅੱਖਰਾਂ ਦੀ ਹਯਾਤੀ ਵੀ ਕੁਝ ਘੰਟੇ ਈ ਹੁੰਦੀ ਕਿਉਂ ਜੇ ਚਿੱਟੇ ਰੰਗ ਦਾ ਪਾਣੀ ਉਨ੍ਹਾਂ ਨੂੰ ਡੋਬ ਕੇ ਮਾਰ ਦਿੰਦਾ । ਫ਼ਕੀਰ ਜਦ ਵੀ ਹੱਥ ਪੈਰ ਹਿਲਾਣ ਤੋ ਅਗੇਰੇ ਅੱਖਾਂ ਖੋਲ੍ਹਦਾ ਤੇ ਪੜਛਾਵਾਂ ਭੱਜ ਕੇ ਫ਼ਿਰ ਉਹਦੇ ਦਮਾਕ ਵਿਚ ਵੜ ਜਾਂਦਾ ।                                 
ਇਕ ਦਿਨ ਇਹ ਪੜਛਾਵਾਂ ਸ਼ਹਿਰ ਦੀ ਯੂਨੀਵਰਸਿਟੀ ਵੜ ਗਿਆ ਤੇ ਕੁਝ ਚਿਰ ਮਗਰੋਂ ਸਟੂਡੈਂਟ ਗੱਲਾਂ ਕਰਨ ਲੱਗ ਪਏ ਕਿ ਇਥੇ ਕੁਝ ਵੀ ਠੀਕ ਨਈਂ ਤੇ ਜਦ ਉਨ੍ਹਾਂ ਨੇ ਖਲੋ ਕੇ ਅਵਾਜ਼ ਨਾ ਕੱਢੀ ਤੇ ਫ਼ਿਰ ਇੰਜ ਈ ਮਰਦੇ ਰਹਵਾਂਗੇ । ਇਨ੍ਹਾਂ ਜਵਾਨ ਸਟੂਡੈਂਟਾਂ ਨੂੰ ਸਿਰਫ਼ ਜਿੰਦੜੀ ਤੇ ਉਹਦੇ ਖ਼ਾਬ ਈ ਦਿਸਦੇ । ਮੌਤ ਦਾ ਡਰ ਉਨ੍ਹਾਂ ਦੇ ਕੋਲੋਂ ਵੀ ਨਈਂ ਸੀ ਲੰਗਦਾ । ਜਵਾਨੀ ਦੇ ਖ਼ਾਬ ਮੌਤ ਦੀ ਕੰਡ ਲਾਣ ਲਈ ਚੋਖਾ ਜ਼ੋਰ ਲਾਂਦੇ ਨੇਂ । ਯੂਨੀਵਰਸਿਟੀ ਦੇ ਸਟੂਡੈਂਟ ਇਕ ਦਿਨ ਜਦੋਂ ਬਾਹਰ ਨਿਕਲ ਕੇ ਨਾਅਰੇ ਮਾਰਨ ਲੱਗ ਪਏ ਤੇ ਸ਼ਹਿਰ ਵਿਚ ਰੌਲ਼ਾ ਪੇ ਗਿਆ । ਅਖ਼ਬਾਰਾਂ ਵਿਚ ਖ਼ਬਰਾਂ ਛਪਣ ਲੱਗ ਪਈਆਂ ਕਿ ਸਟੂਡੈਂਟ 1968 ਦੇ ਫ਼ਰਾਂਸ ਦੇ ਹੰਗਾਮੇ ਵਾਂਗ ਟੁਰ ਪਏ ਨੇਂ ਤੇ ਉਨ੍ਹਾਂ ਦੀਆਂ ਮਾਂਗਾਂ ਵੀ ਉਹੀ ਨੇਂ । ਹਕੂਮਤ ਵੀ ਇਨ੍ਹਾਂ ਮੁੰਡਿਆਂ ਦਾ ਲਿੱਤਰ ਪੋਲਾ ਕਰਨ ਦਾ ਫ਼ੈਸਲਾ ਕੀਤੀ ਬੈਠੀ ਸੀ। ਪੜਛਾਵਾਂ ਵੀ ਫ਼ਕੀਰ ਦੇ ਦਿਮਾਗ਼ ਵਿਚ ਟੋਭੇ ਲਾਂਦਾ ਤੇ ਓਥੋਂ ਵਣ ਸਵੱਨੇ ਅੱਖਰ ਤੇ ਗੱਲਾਂ ਚਾ ਚਾ ਕੇ ਦੂਜੇ ਲੋਕਾਂ ਦੇ ਜ਼ਿਹਨਾਂ ਵਿਚ ਵੜ ਵੜ ਕੇ ਲੱਦਦਾ ਜਾਂਦਾ । ਉਹਨੂੰ ਆਪ ਵੀ ਡੋਬੇ ਲਾ ਲਾ ਕੇ ਗੱਲਾਂ ਤੇ ਸੋਚਾਂ ਲੱਭਣ ਵਿਚ ਸੁਆਦ ਆਉਂਦਾ। ਯੂਨੀਵਰਸਿਟੀ ਵਿਚ ਪੜਛਾਂਵੇ ਦਾ ਇਕ ਹੋਰ ਫੇਰਾ ਪਿਆ ਤੇ ਸਟੂਡੈਂਟ ਕੁੰਨਦੇਰਾ , ਮਾਰਕੀਜ਼ , ਦੋਸਤੋਵਿਸਕੀ , ਜਾਰਜ ਆਰਵਿਲ, ਟੋਨੀ ਮੌਰੀਸਨ, ਸਾਦਿਕ ਹਯਾਤ, ਇਕਰਾਮ ਉੱਲਾਹ ਤੇ ਸ਼ੌਕਤ ਸਦੀਕੀ ਜਏ ਨਾਵਲ ਨਿਗਾਰਾਂ ਦਾ ਨਾਂ ਲੇਣ ਲੱਗ ਪਏ। ਇਨ੍ਹਾਂ ਨੂੰ ਭੈੜਾ ਸਮਝਣ ਆਲੇ ਵੀ ਕੋਈ ਥੋੜੇ ਨਈਂ ਸਨ। ਕੁਝ ਸਟੂਡੈਂਟ ਤੇ ਇਹ ਵੀ ਕਹਿਣ ਲੱਗ ਪਏ ਕਿ ਮਾਰਕੀਜ਼ ਦੇ ਨਾਵਲਾਂ ਤੇ ਪਾਕ ਕਿਤਾਬਾਂ ਵਿਚ ਜਾਦੂ ਟੂਣੇ ਆਲੀ ਹਕੀਕਤ ਨਿਗਾਰੀ ਸਾਂਝੀ ਏ। ਕਿਸੇ ਨੂੰ ਵੀ ਇਹ ਸਮਝ ਨਹੀਂ ਸੀ ਆ ਰਹੀ ਬਈ ਇੰਨਾਂ ਸਟੂਡੈਂਟਾਂ ਨੂੰ ਪੱਟੀਆਂ ਕੌਣ ਪੜ੍ਹਾ ਰਿਹਾ ਏ। ਸ਼ੱਕ ਦਾ ਸੱਪ ਕੁੰਡਲੀ ਮਾਰ ਮਾਰ ਡਰ ਦਾ ਜ਼ਹਿਰ ਡੋਹਿਲੀ ਜਾਂਦਾ ਤੇ ਲੋਕੀ ਵੜ ਵੜ ਘਰਾਂ ਨੂੰ ਭੱਜੇ ਤੇ ਘਰਾਂ ਆਲੇ ਖੋਲ੍ਹੀਆਂ ਲੱਭਦੇ ਨੱਸਦੇ ਹਫ਼ਨ ਹੋਏ । ਪੜਛਾਵਾਂ ਜੇਲ੍ਹ ਵੜਿਆ ਤੇ ਕੈਦੀ ਸੋਚਣ ਤੇ ਗੱਲਾਂ ਕਰਨ ਲੱਗ ਪਏ । ਪੜਛਾਵਾਂ ਹਲੇ ਜੇਲ੍ਹ ਦੀ ਕੰਦ ਹੀ ਟੱਪਿਆ ਤੇ ਦੋ ਕੈਦੀ ਇਕ ਦੂਜੇ ਨਾਲ਼ ਜੇਲ੍ਹ ਦੇ ਪੌਦਿਆਂ ਦੀ ਗੋਡੀ ਕਰਦਿਆਂ ਹੋਇਆਂ ਦੁੱਖ ਫੋਲਣ ਲੱਗ ਪਏ । ਇਕ ਆਖਣ ਲੱਗਾ ਜਦ ਕਤਲ ਕਰਨਾ ਜੁਰਮ ਏ ਤੇ ਫ਼ਿਰ ਜੇਲ੍ਹ ਆਲੇ ਕਿਉਂ ਫਾਏ ਲਾਂਦੇ ਨੇਂ । ਦੂਜਾ ਖੁਰਪਾ ਸੁੱਟ ਕੇ ਬਹਿ ਗਿਆ ਤੇ ਆਖਣ ਲੱਗਾ ਜਦੋਂ ਜੇਲ੍ਹ ਬੰਦ ਕਰਦੇ ਤੇ ਨੌਕਰੀ ਦੀ ਛੁੱਟੀ ਹੋ ਜਾਂਦੀ, ਬਾਲ ਬੱਚੇ ਛੁੱਟ ਜਾਂਦੇ , ਇੱਜ਼ਤ ਡੁੱਬ ਜਾਂਦੀ ਤੇ ਜੇਲ੍ਹ ਦੀਆਂ ਕਿੱਦਾਂ ਦੀ ਮਿੱਟੀ ਕਿੱਥੇ ਬੰਦੇ ਦੀ ਜਾਨ ਛੱਡਦੀ ਏ । ਤੈਨੂੰ ਪਤਾ ਏ ਪਰਸੋਂ ਅੱਛੂ ਮਰ ਗਿਆ ਏ , ਇਕ ਕੈਦੀ ਫੁਲ਼ ਦੀ ਪੱਤੀਆਂ ਨੂੰ ਆਪਣੀਆਂ ਉਂਗਲਾਂ ਨਾਲ਼ ਮਲਦਿਆਂ ਹੋਇਆਂ ਦੱਸਣ ਲੱਗਾ । ਨਹੀਂ ਮੈਨੂੰ ਤੇ ਪਤਾ ਨਈਂ , ਕੀ ਹੋਇਆ ਏ ਉਹਨੂੰ ? ਕੁਝ ਦਿਨ ਪਹਿਲਾਂ ਈ ਤੇ ਜੇਲ੍ਹ ਤੋਂ ਛੁੱਟਿਆ ਸੀ । ਦੂਜਾ ਬੋਲ ਪਿਆ । ਉਹਨੇ ਜੇਲ੍ਹ ਦੇ ਸਾਮ੍ਹਣੇ ਖ਼ੁਦ ਕੁਸ਼ੀ ਕਰ ਲਈ ਏ । ਇਹ ਦੱਸਦਿਆਂ ਹੋਇਆਂ ਕੈਦੀ ਦੇ ਮੂੰਹ ਉੱਤੇ ਪੀੜ ਦੀਆਂ ਲਕੀਰਾਂ ਸਾਫ਼ ਸਾਫ਼ ਦਿੱਸਣ ਲੱਗ ਪਈਆਂ । ਦੂਜਾ ਕੈਦੀ ਜਦੋਂ ਚੁੱਪ ਰਿਹਾ ਤੇ ਉਹ ਆਪ ਹੀ ਦੱਸਣ ਲੱਗ ਪਿਆ ਕਿ ਜਦੋਂ ਅੱਛੂ ਪੰਝੀ ਵਰ੍ਹੇ ਪੂਰੇ ਕਰ ਕੇ ਕਿਰਾਏ ਆਲੇ ਘਰ ਗਿਆ ਤੇ ਓਥੇ ਤੇ ਸਾਰੇ ਘਰ ਢਾ ਕੇ ਮਿਊਂਸਪਲ ਕਮੇਟੀ ਨੇ ਆਪਣੇ ਦਫ਼ਤਰ ਬੰਨ੍ਹ ਲਏ ਸਨ । ਬੀਵੀ ਤੇ ਪਹਿਲਾਂ ਹੀ ਕਿਸੇ ਹੋਰ ਨਾਲ਼ ਦੂਜੇ ਸ਼ਹਿਰ ਟੁਰ ਗਈ ਸੀ । ਨਾ ਪੈਸੇ ਤੇ ਨਾ ਰਹਿਣ ਨੂੰ ਥਾਂ । ਉਹਨੂੰ ਦਿਸ ਪਿਆ ਬਈ ਇਹ ਦੁਨੀਆ ਉਹਦੇ ਬਗ਼ੈਰ ਚਲੀ ਜਾਂਦੀ ਏ ਤੇ ਕਿਸੇ ਨੂੰ ਵੀ ਉਹਦੇ ਹੋਣ ਨਾ ਹੋਣ ਨਾਲ਼ ਫ਼ਰਕ ਨਈਂ ਪੈਂਦਾ ਤੇ ਉਹਨੂੰ ਸ਼ਹਿਰ ਦੀਆਂ ਸੜਕਾਂ , ਕੋਠਿਆਂ ਤੇ ਬੰਦਿਆਂ ਕੋਲ਼ ਡਰ ਲੱਗਣ ਪੇ ਗਿਆ ਤੇ ਉਹ ਭੱਜ ਕੇ ਜੇਲ੍ਹ ਵੱਲ ਆ ਗਿਆ । ਜੇਲ੍ਹ ਦੇ ਉੱਚੇ ਤੇ ਵੱਡੇ ਗੇਟ ਕੋਲ਼ ਆ ਕੇ ਇਸ ਸੰਤਰੀ ਨੂੰ ਆਖਿਆ ਕਿ ਮੈਨੂੰ ਅੰਦਰ ਜਾਣ ਦੇ । ਪਰ ਕਿਥੋਂ ਉਹ ਜਾਣ ਦਿੰਦੇ । ਅੱਛੂ ਕਿਹੜਾ ਕੋਈ ਜੁਰਮ ਕੀਤਾ ਸੀ । ਸੰਤਰੀ ਨੇ ਗਾਲਾਂ ਕਢ ਕੇ ਭਝਾ ਦਿੱਤਾ ਤੇ ਅੱਛੂ ਜ਼ਾਲਮ ਨੇ ਜੇਲ੍ਹ ਦੇ ਸਾਮ੍ਹਣੇ ਈ ਆਪਣੀ ਨੱਸ ਕੱਟੀ ਤੇ ਦੀਵਾਰ ਨਾਲ਼ ਟੇਕ ਲਾ ਕੇ ਸੌਂ ਗਿਆ । ਹੁਣ ਦੋਵੇਂ ਕੈਦੀ ਆਪਣੀਆਂ ਗੱਲਾਂ ਨਾਲ਼ ਸਹਿਮ ਕੇ ਚੁੱਪ ਹੋ ਗਏ ਤੇ ਉਨ੍ਹਾਂ ਦੀ ਚੁੱਪ ਨੇ ਸਾਰੀ ਜੇਲ੍ਹ ਉੱਤੇ ਅਪਣਾ ਪੜਛਾਵਾਂ ਪਾ ਦਿੱਤਾ । ਅਗਲੇ ਦਿਨ ਈ ਏਸ ਚੁੱਪ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜੇਲ੍ਹ ਅੰਦਰ ਕੈਦੀਆਂ ਤੇ ਸਿਪਾਹੀਆਂ ਵਿਚ ਯੁੱਧ ਪੇ ਗਿਆ । ਸਾਇਆ ਜੇਲ੍ਹ ਤੋਂ ਉੱਡ ਕੇ ਸ਼ਹਿਰ ਦੇ ਅਮੀਰ ਲੋਕਾਂ ਦੀ ਆਬਾਦੀ ਵੱਲ ਟੁਰ ਗਿਆ । ਅਖ਼ਬਾਰਾਂ ਵਿਚ ਖ਼ਬਰਾਂ ਛਪਣ ਲੱਗ ਪਈਆਂ ਬਈ ਸ਼ਹਿਰ ਵਿਚ ਜਿਥੇ ਵੀ ਲੋਕੀ ਇਕੱਠੇ ਹੁੰਦੇ ਨੇਂ ਉਥੇ ਸ਼ੋਰ ਤੇ ਦੁਹਾਈ ਮੱਚ ਜਾਂਦੀ ਏ ਤੇ ਘਰਾਂ ਵਿਚ ਲੋਕੀ ਚੁੱਪ ਚੁਪੀਤੇ ਏਸ ਵੇਲੇ ਦੇ ਗੁਜ਼ਰਨ ਦੀ ਉਡੀਕ ਲਾਈ ਫਿਰਦੇ । ਮਸਜਿਦਾਂ ਵਿਚ ਐਲਾਨ ਹੋ ਗਏ ਕਿ ਕੋਈ ਬੰਦਾ ਨਾ ਤੇ ਕਿਸੇ ਨੂੰ ਮਿਲੇ ਤੇ ਨਾ ਈ ਕਿਸੇ ਕਿਤਾਬ ਨੂੰ ਹੱਥ ਲਾਏ । ਟ੍ਰੈਫ਼ਿਕ , ਸ਼ਾਪਿੰਗ ਪਲਾਜ਼ੇ , ਸਕੂਲ , ਕਾਲਿਜ , ਯੂਨੀਵਰਸਿਟੀਆਂ ਤੇ ਲਾਇਬ੍ਰੇਰੀਆਂ ਵੀ ਬੰਦ ਕਰ ਦਿੱਤੀਆਂ ਗਈਆਂ ।              
ਪੜਛਾਂਵਾਂ ਇਕ ਵੱਡੇ ਘਰ ਦੇ ਡਰਾਇੰਗ ਰੂਮ ਵਿਚ ਵੜਿਆ ਤੇ ਓਥੇ ਘਰ ਦਾ ਮਾਲਿਕ ਜਿਹੜਾ ਵਕੀਲ ਸੀ ਆਪਣੇ ਦੋਸਤਾਂ ਨਾਲ਼ ਏ ਸੀ ਦੀ ਢੰਡੀ ਹਵਾ ਵਿਚ ਸਕਾਟਲੈਂਡ ਦੀ ਮਹਿੰਗੀ ਵਿਸਕੀ ਪੀ ਰਿਹਾ ਸੀ । ਉਹਦੇ ਦੋ ਬੇਲੀ ਲੱਤ ਤੇ ਲੱਤ ਚਾਹੜ ਕੇ ਸੋਫ਼ਿਆਂ ਤੇ ਬੈਠੇ ਸਨ ਤੇ ਤੀਸਰਾ ਬੇਲੀ ਲੱਤਾਂ ਖਲ੍ਹਾਰ ਕੇ ਤੇ ਧੋਣ ਸੁੱਟ ਕੇ ਦੂਜਿਆਂ ਦੀਆਂ ਗੱਲਾਂ ਸੁਣ ਰਿਹਾ ਸੀ । ਉਹ ਸ਼ਾਇਰ ਤੇ ਨਾਵਲ ਨਿਗਾਰ ਸੀ । ਦੂਜੇ ਦੋ ਬੇਲੀਆਂ ਵਿਚ ਇਕ ਡਾਕਟਰ ਤੇ ਦੂਜਾ ਬਿਜ਼ਨਸ ਮੈਨ ਸਿਆਸਤਦਾਨ ਸੀ । ਪੜਛਾਵਾਂ ਵੀ ਆਸ ਲਾਈ ਬੈਠਾ ਸੀ ਬਈ ਇਹ ਪੜ੍ਹੇ ਲਿਖੇ ਤੇ ਰੱਜੇ ਲੋਕ ਵੇਲੇ ਦੇ ਲਾਲਚ ਨੂੰ ਪੈਰਾਂ ਥੱਲੇ ਰੋਲਣ ਦੇ । ਪਰ ਉਥੇ ਤੇ ਲਾਲਚ ਦਾ ਸੱਪ ਕੁੰਡਲੀ ਮਾਰ ਕੇ ਬੈਠਾ ਸੀ । ਵਕੀਲ ਨੇ ਜਾਲ੍ਹੀ ਕਾਗ਼ਜ਼ ਬਣਾ ਕੇ ਸਿਆਸੀ ਦੋਸਤ ਨੂੰ ਕਰੋੜਾਂ ਦਾ ਫ਼ਾਇਦਾ ਦਿੱਤਾ ਤੇ ਆਪ ਵੀ ਲੱਖਾਂ ਛਿੱਲ ਲਏ । ਡਾਕਟਰ ਬੁਕਰਾਤੀ ਕਿਸਮ ਦੀ ਤਾਰੀਖ਼ ਦਸਦਿਆਂ ਹੋਇਆਂ ਆਖਣ ਲੱਗਾ ਪੈਸਾ ਤੇ ਕੈਂਸਰ ਦੇ ਮਰੀਜ਼ ਦਿੰਦੇ ਨੇਂ ਜਿਨ੍ਹਾਂ ਦੇ ਬਚਣ ਦੀ ਵੀ ਕੋਈ ਉਮੀਦ ਨਈਂ ਹੁੰਦੀ ਤੇ ਐਸੇ ਲਈ ਮੈਂ ਹੁਣ ਕੈਂਸਰ ਦਾ ਈ ਹਸਪਤਾਲ ਬਨਾਣ ਲੱਗਾ ਆਂ । ਪੜਛਾਂਵੇਂ ਦੀ ਨਜ਼ਰ ਕਿਤਾਬਾਂ ਦੀ ਅਲਮਾਰੀ ਤੇ ਪਈ ਜਿਥੇ ਕਈ ਸੌ ਕਿਤਾਬਾਂ ਜੁੜੀਆਂ ਹੋਈਆਂ ਸਨ । ਬੋਰ ਖੇਸ , ਦੋਸਤੋਵਿਸਕੀ , ਗ਼ਾਲਿਬ ਤੇ ਫ਼ੈਜ਼ ਦੀਆਂ ਕਿਤਾਬਾਂ ਚਮੜੇ ਦੇ ਕਵਰ ਵਿਚ ਓਪਰੀਆਂ ਲੱਗ ਰਹੀਆਂ ਸਨ। ਦੀਨ ਸਿਆਸਤ ਤੋਂ ਵੱਖ ਬੱਸ ਚੰਗੇਜ਼ੀ ਏ, ਸਿਆਸਤਦਾਨ ਦੇ ਇਹ ਲਫ਼ਜ਼ ਸੁਣ ਕੇ ਪੜਛਾਵੇਂ ਸ਼ਾਇਰ ਵੱਲ ਮੂੰਹ ਫੇਰ ਲਿਆ । ਪੜਛਾਵਾਂ ਉਹਦੇ ਦਿਮਾਗ਼ ਵਿਚ ਵੜਿਆ ਤੇ ਛੇਤੀ ਨਾਲ਼ ਉਲਟੀਆਂ ਕਰਦਾ ਬਾਹਰ ਨੱਸ ਆਇਆ । ਸ਼ਾਇਰ ਓਥੇ ਵਕੀਲ ਦੀ ਮਰਸਡੀਜ਼ ਦੇ ਕਾਲੇ ਸ਼ੀਸ਼ਿਆਂ ਆਲੇ ਬੂਹੇ ਬੰਦ ਕਰਕੇ ਵਿਸਕੀ ਦੀ ਬੋਤਲ ਫੜ ਕੇ ਬੈਠਾ ਸੀ ਤੇ ਬਾਹਰ ਨਿਕਲਣ ਲਈ ਤਿਆਰ ਨਈਂ ਸੀ । ਪੜਛਾਵਾਂ ਓਥੋਂ ਇੰਜ ਨੱਸਿਆ ਜਿਵੇਂ ਉਹਨੂੰ ਵੀ ਚਮੜੇ ਦਾ ਕਵਰ ਚੜ੍ਹਾ ਕੇ ਅਲਮਾਰੀ ਵਿਚ ਸਜਾਣ ਲੱਗੇ ਹੋਣ । ਅਗਲੇ ਤਿੰਨ ਦਿਨ ਫ਼ਕੀਰ ਜਾਗਦਾ ਰਿਹਾ ਤੇ ਪੜਛਾਵਾਂ ਵੀ ਬੁੱਕਲ ਮਾਰ ਕੇ ਸੌਂ ਰਿਹਾ । ਫ਼ਕੀਰ ਸੋਚਦਾ ਰਿਹਾ ਪਈ ਕਦੋਂ ਤੱਕ ਏਸ ਤਰ੍ਹਾਂ ਮਰਨ ਨੂੰ ਉਡੀਕਦਾ ਰਹਿਵਾਂ ਦਾ । ਮਰ ਤੇ ਜਾਣਾ ਏ ਚਲੋ ਹੋਰ ਸੂਲਾਂ ਦਾ ਸਾਲਨ ਚੱਖ ਵੇਖਨੇ ਆਂ । ਸ਼ਹਿਰ ਵਿਚ ਕਰਫ਼ਿਊ ਲੱਗ ਗਿਆ । ਹਰ ਕੋਈ ਡਰਿਆ ਹੋਇਆ ਸੀ ਪਈ ਪੜਛਾਵੇਂ ਦਾ ਅਸਰ ਉਹਦੇ ਤੇ ਨਾਂ ਪੇ ਜਾਵੇ । ਲੋਕੀ ਘਰਾਂ ਵਿਚ ਲੁਕ ਗਏ ਤੇ ਹਕੂਮਤ ਨੇਂ ਵੀ ਬਾਹਰ ਨਿਕਲਣ ਦੀ ਪਾਬੰਦੀ ਲਾ ਦਿੱਤੀ । ਟ੍ਰੈਫ਼ਿਕ ਬੰਦ , ਸੜਕਾਂ ਉੱਜੜਿਆਂ ਉੱਜੜਿਆਂ ਤੇ ਡਰ ਦੇ ਬੱਦਲਾਂ ਦਾ ਹਨੇਰਾ ਚਵਾਂ ਪਾਸੇ । ਪੁਲਿਸ ਆਲੇ ਡੰਡੇ ਲੈ ਕੇ ਹਰ ਪਾਸੇ ਖਲੋ ਗਏ । ਨਾਂ ਕੋਈ ਸ਼ਹਿਰ ਨੂੰ ਅੰਦਰ ਆਵੇ ਤੇ ਨਾਂ ਕੋਈ ਸ਼ਹਿਰ ਤੋ ਬਾਹਰ ਜਾਵੇ । ਬਾਹਰ ਦੇ ਮੁਲਕੋਂ ਐਨਕਾਂ ਵੀ ਆਗਈਆਂ ਜਿਨ੍ਹਾਂ ਨਾਲ਼ ਸਾਇਆ ਨਜ਼ਰ ਆ ਸਕਦਾ ਸੀ । ਪੁਲਿਸ ਨੇ ਜੇਲ੍ਹ , ਯੂਨੀਵਰਸਿਟੀ ,ਥੇਟਰ ਤੇ ਕਈ ਘਰਾਂ ਵਿਚੋਂ ਬੰਦੇ ਫੜ ਫੜ ਕੇ ਕਿਸੇ ਦੂਰ ਸ਼ਹਿਰ ਦੇ ਡਿੱਗੇ ਢੱਟੇ ਕਿਲੇ ਵਿਚ ਬੰਦ ਕਰਦਿੱਤਾ ਜਿਥੇ ਕੋਈ ਵੀ ਨਈਂ ਜਾ ਸਕਦਾ ਸੀ । ਪਤਾ ਹੁੰਦਾ ਤੇ ਕੋਈ ਜਾਂਦਾ । ਫ਼ਕੀਰ ਵੀ ਸੜਕ ਦੇ ਕਿਨਾਰੇ ਰੱਖੀ ਛਾਂਵੇਂ ਬਹਿ ਬਹਿ ਕੇ ਥੱਕ ਗਿਆ ਸੀ । ਉਹਦੇ ਕੋਲੋਂ ਇਕ ਮੌਲਵੀ ਲੰਗਣ ਲੱਗਿਆ ਤੇ ਪਤਾ ਨਹੀਂ ਕਿਵੇਂ ਉਹਦੇ ਕੰਨਾਂ ਵਿਚ ਕੋਈ ਆਵਾਜ਼ ਪਈ ਤੇ ਉਸ ਮੁੜ ਕੇ ਫ਼ਕੀਰ ਵਲ ਵੇਖਿਆ । ਉਹ ਸੌਂ ਰਿਹਾ ਸੀ ਤੇ ਪੜਛਾਵਾਂ ਫ਼ੁੱਟਪਾਥ ਦੇ ਪਿੱਛੇ ਇਕ ਜੰਗਲੇ ਨਾਲ਼ ਜੱਫੀ ਪਾ ਕੇ ਨੱਚ ਟੱਪ ਰਿਹਾ ਸੀ । ਨਿਮੀ ਨਿਮੀ ਹਵਾ ਨਾਲ਼ ਰੁਖ ਦੇ ਪੱਤੇ ਖੜਕ ਰਹੇ ਸਨ । ਮੌਲਵੀ ਫ਼ਕੀਰ ਵਲ ਮੂੰਹ ਕਰ ਕੇ ਗਾਲਾਂ ਕਢਣ ਲੱਗ ਪਿਆ ਤੇ ਜਦ ਕੋਈ ਵੀ ਜਵਾਬ ਨਾਂ ਲੱਭਾ ਤੇ ਆਖਣ ਲੱਗਾ ਕੁੱਤੇ ਦੀ ਮੌਤ ਮਰੇਂ ਦਾ ਮਰਦੂਦਾ । ਪੜਛਾਵਾਂ ਹੋਰ ਜ਼ੋਰ ਨਾਲ਼ ਹਿੱਲਣ ਲੱਗ ਪਿਆ ਜਿਵੇਂ ਹੱਸ ਹੱਸ ਕੇ ਮੂਹਦਾ ਡਿੱਗਦਾ ਹੋਵੇ । ਪੜਛਾਵਾਂ ਵੀ ਸੜਕਾਂ ਟੱਪਦਾ ਟੱਪਦਾ ਦੂਰ ਨਿਕਲ ਗਿਆ । ਹਰ ਪਾਸੇ ਸੱਪ ਸੁੰਗ ਗਿਆ ਸੀ । ਨਾ ਬੰਦਾ ਨਾ ਬੰਦੇ ਦੀ ਜ਼ਾਤ । ਫ਼ਿਰ ਇੱਕੋ ਵਾਰੀ ਪੁਲਿਸ ਦੀਆਂ ਹੂਟਰ ਵਾਲੀਆਂ ਗੱਡੀਆਂ ਸੜਕਾਂ ਤੇ ਨੱਸਣ ਭਜਣ ਲੱਗ ਪਈਆਂ ਤੇ ਲਾਊਡ ਸਪੀਕਰ ਤੇ ਲੋਕਾਂ ਨੂੰ ਬਾਹਰ ਨਿਕਲਣ ਤੋਂ ਠਾਕਣਾ ਸ਼ੁਰੂ ਕਰ ਦਿੱਤਾ । ਪੜਛਾਵੇਂ ਦੇ ਪਿੱਛੇ ਪਿੱਛੇ ਗੱਡੀਆਂ ਇੰਜ ਨੱਸ ਰਹੀਆਂ ਸਨ ਜਿਵੇਂ ਕਿਸੇ ਕਾਤਿਲ ਦਾ ਪਿੱਛਾ ਕਰ ਰਈਆਂ ਹੋਣ । ਪੜਛਾਵਾਂ ਵੀ ਉੱਡਦਾ ਉੱਡਦਾ ਸ਼ਹਿਰ ਦੀ ਵੱਡੀ ਸੜਕ ਦੇ ਕੰਢੇ ਲੰਮੇ ਪਏ ਫ਼ਕੀਰ ਦੇ ਨੇੜੇ ਅਪੜ ਗਿਆ । ਫ਼ਕੀਰ ਹੂਟਰ ਦੀ ਅਵਾਜ਼ ਸੁਣ ਕੇ ਉੱਠ ਪਿਆ ਤੇ ਪੜਛਾਵਾਂ ਉਹਦੇ ਸਿਰ ਤੇ ਅੱਪੜ ਕੇ ਲੁਕ ਗਿਆ । ਅੱਖਾਂ ਤੇ ਵੱਡੇ ਖੋਪਿਆਂ ਆਲਿਆਂ ਐਨਕਾਂ ਚਾਹੜੇ ਸਿਪਾਹੀ ਗੱਡੀ ਤੋਂ ਲਹਿ ਕੇ ਆਪਣੀਆਂ ਰੈਫਲਾਂ ਸਿੱਧੀਆਂ ਕੀਤੀ ਫ਼ਕੀਰ ਵਲ ਭੱਜੇ ਤੇ ਨੇੜੇ ਅੱਪੜ ਕੇ ਸਿੱਧੇ ਫ਼ੈਰ ਉਹਦੀ ਖੋਪੜੀ ਤੇ ਕਰ ਦਿੱਤੇ । ਫ਼ਕੀਰ ਦਾ ਦਮਾਕ ਬਾਹਰ ਫ਼ੁੱਟਪਾਥ ਤੇ ਡਿੱਗ ਪਿਆ । ਪੜਛਾਵਾਂ ਲਹੂ ਵਿਚ ਗੋਤੇ ਖਾ ਕੇ ਓਥੇ ਈ ਡੁੱਬ ਗਿਆ । ਅਗਲੇ ਦਿਨ ਈ ਹਯਾਤੀ ਰੌਲ਼ਾ ਪਾਂਦੀ ਸੜਕਾਂ ਤੇ ਬਜ਼ਾਰਾਂ ਵਿਚ ਚੱਲਣੀ ਸ਼ੁਰੂ ਹੋ ਗਈ । ਪੁਲਿਸ ਪੜਛਾਵੇਂ ਦੇ ਪੜਛਾਨਵੇਂ ਲੱਭਣ ਲਈ ਚਵਾਂ ਪਾਸੇ ਐਨਕਾਂ ਆਲੇ ਬੰਦੇ ਟੋਰ ਦਿੱਤੇ ।

No comments:

Post a Comment