Saturday, 21 June 2025

ਦਿਹਾੜ (ਕਹਾਣੀ)

 

 

ਦੀਹਾੜ

ਟੀਪੂ ਸਲਮਾਨ ਮਖ਼ਦੂਮ

(ਸ਼ਾਹਮੁਖੀ ਲਿਪੀ ਤੋਂ ਲਿਪੀਅੰਤਰਿਤ)

 

 


 

ਟਾਈ ਫੜ ਕੇ ਓਹਨੇ ਗਲੇ ਇਚ ਪਾਈ ਤੇ ਗੰਢ ਮਾਰਨ ਤੋਂ ਪਹਿਲਾਂ ਫ਼ੋਨ ਚੁੱਕ ਕੇ ਓਬਰ ਤੋਂ ਟੈਕਸੀ ਮੰਗਾਈ। ਐਪ ਨੇ ਕਰਾਏ ਦਾ ਅੰਦਾਜ਼ਾ ਚਾਰ ਸੌ ਤੋਂ ਸਾਢੇ ਚਾਰ ਸੌ ਤੀਕਰ ਦਿੱਤਾ। ਜੋਹਰ ਟਾਊਨ ਤੋਂ ਮਾਲ ਰੋਡ ਤੀਕਰ ਦਾ ਪੈਂਡਾ ਤੇਰਾਂ ਚੌਦਾਂ ਮੀਲਾਂ ਦਾ ਤੇ ਹੋਵੇਗਾ। ਏ ਸੀ ਆਲੀ ਗੱਡੀ ਨੇ ਓਹਨੂੰ ਘਰੋਂ ਚੁੱਕ ਕੇ ਡਾਢੇ ਟਸ਼ਨ ਨਾਲ ਜਿੱਥੇ ਓਹ ਕਹੇ ਪਹੁੰਚਾਣਾ ਸੀ। ਤਮੀਜ਼ਦਾਰ ਡਰੇਵਰ ਅੱਗੇ ਤੇ ਸਾਬ ਬਣ ਕੇ ਓਹ ਪਿੱਛੇ। ਚਾਰ ਸੌ ਰੁਪੱਈਏ ਏਹਨਾਂ ਟੋਰਾਂ ਲਈ ਕੋਈ ਜ਼ਿਆਦਾ ਤੇ ਨਹੀਂ ਸਨ। ਐਪ ਨੇ ਦੱਸਿਆ ਕੇ ਗੱਡੀ ਤਿੰਨ ਮਿੰਟਾਂ ਇਚ ਅਪੜ ਜਾਵੇਗੀ। ਓਹਨੇ ਫ਼ੋਨ ਮੇਜ਼ ਤੇ ਰੱਖ ਕੇ ਫਟਾਫਟ ਟਾਈ ਦੀ ਗੰਢ ਮਾਰ ਕੇ ਜੁਰਾਬਾਂ ਬੂਟ ਪਾਏ ਤੇ ਉੱਤੋਂ ਕੋਟ ਚੜ੍ਹਾ ਕੇ ਇੱਕ ਬੋਝੇ ਇਚ ਪਰਸ ਤੇ ਦੂਜੇ ਇਚ ਫ਼ੋਨ ਪਾਇਆ ਤੇ ਬਾਹਰ ਨਿਕਲ ਗਿਆ। ਬਾਹਰ ਨਿਕਲਦੇ ਈ ਓਹਦਾ ਟਾਕਰਾ ਮਾਲੀ ਨਾਲ ਹੋ ਗਿਆ।

ਸਲਾਮ ਸਾਬ‘। ਮਾਲੀ ਭੇਡੂ ਵਾਂਗ ਓਹਦੇ ਵੱਲ ਦੌੜਦਾ ਆਇਆ।

ਵਾਲੇਕਮ‘। ਓਹਨੇ ਓਪਰਾ ਜੇਹਾ ਹੋ ਕੇ ਜਵਾਬ ਦਿੱਤਾ।

ਓਹਨੂੰ ਪੱਕ ਸੀ ਕੇ ਮਾਲੀ ਓਹਦੇ ਕੋਲੋਂ ਤਨਖਾਹ ਮੰਗੇਗਾ। ਕਿਊਂਜੇ ਦੱਸ ਤਰੀਖ ਚੜ੍ਹ ਆਈ ਸੀ ਪਰ ਓਹਨੇ ਮਾਲੀ ਨੂੰ ਤਨਖਾਹ ਨਹੀਂ ਸੀ ਦਿੱਤੀ।

ਸਰਕਾਰ ਓਹ ਵੇਲਾਂ ਜਿਹੜੀਆਂ ਤੁਸਾਂ ਆਖੀਆਂ ਸਨ ਓਹ ਮੈਂ ਟਰਿਮ ਦਿੱਤੀਆਂ ਨੇਂ‘। ਮਾਲੀ ਏ ਕਹਿੰਦੇ ਕਹਿੰਦੇ ਐਂਜ ਅੱਗੇ ਪਿੱਛੇ ਨੂੰ ਹੋਇਆ ਜਿਸਰਾ ਓਹਦੇ ਬੋਹਤ ਨੇੜੇ ਹੋਣਾ ਚਾਹੁੰਦਾ ਸੀ ਪਰ ਜੱਦੋਂ ਨੇੜੇ ਹੋ ਰਿਹਾ ਸੀ ਤੇ ਅਚਾਨਚੱਕ ਓਹਨੂੰ ਜਾਪਿਆ ਬਈ ਓਹ ਕੁੱਝ ਬੁਹਤਾ ਈ ਨੇੜੇ ਹੋ ਗਿਆ ਏ, ਤੇ ਫੇਰ ਓਹ ਇੱਕ ਮਾੜੇ ਜੇਹੇ ਝਟਕੇ ਨਾਲ ਜ਼ਰਾ ਕੂ ਪਿੱਛੇ ਨੂੰ ਹੋ ਗਿਆ। ਘਾਬਰ ਜੇਹਾ ਗਿਆ ਹੋਵੇ ਜੀਵੇਂ। ਓਹਦਾ ਜੀ ਪਿਆ ਕਰਦਾ ਸੀ ਕੇ ਓਹ ਭਾਵੇਂ ਸਾਬ ਨੂੰ ਜੱਫਾ ਈ ਮਾਰ ਲਵੇ ਤੇ ਲਲਕਾਰੇ ਮਾਰੇ ਕਿ ਕੱਢ ਓਏ ਸਾਬਾ ਮੇਰੀ ਤਨਖਾਹ। ਤੈਨੂੰ ਨਹੀਂ ਪਤਾ ਮੇਰੇ ਬਾਲ ਰੋਜ਼ ਦਿਹਾੜੇ ਮੇਰੇ ਕੋਲੋਂ ਕਦੀ ਫਲ ਫਰੂਟ, ਕਦੀ ਏਸ ਕਰੀਮ ਤੇ ਕਦੀ ਪਿੰਸਲ ਕਾਪੀ ਲਈ ਪੀਹੇ ਮੰਗਦੇ ਨੇਂ। ਬੁੱਢੀ ਜੱਦੋਂ ਮੰਗਦੀ ਏ ਤੇ ਮੈਂ ਓਹਨੂੰ ਝਾੜ ਦੇਣਾ ਆਂ। ਮੈਨੂੰ ਕੌੜ ਚੜ੍ਹਦੀ ਏ। ਓਹਦੇ ਤੇ ਨਹੀਂ, ਆਪਣੀ ਨਾ ਮਰਦੀ ਤੇ। ਮੈਨੂੰ ਆਪਣੀ ਬੁੱਢੀ ਭੈੜੀ ਨਹੀਂ ਲੱਗਦੀ। ਬੜੀ ਚੰਗੀ ਲੱਗਦੀ ਏ। ਪਰ ਜੱਦੋਂ ਬੁੱਢੀ ਨੂੰ ਦੇਣ ਵਾਸਤੇ ਮੇਰੇ ਕੋਲ ਪੀਹੇ ਨਹੀਂ ਹੁੰਦੇ ਤੇ ਮੈਨੂੰ ਜਾਪਦਾ ਏ ਬਈ ਮੈਂ ਓਹਦੇ ਮਰਦ ਹੋਣ ਦਾ ਸਬੂਤ ਨਹੀਂ ਦੇ ਸਕਿਆ। ਮੈਂ ਨਿਰਾ ਬੱਚੇ ਜੰਮਣ ਆਲਾ ਮਰਦ ਤੇ ਨਹੀਂ। ਏਹੋ ਜੇਹਾ ਮਰਦ ਤੇ ਕੁੱਤਾ ਵੀ ਹੁੰਦਾ ਏ। ਸੁਆਣੀ ਦੀ ਲਾਜ ਦੀ ਰਾਖੀ ਤੇ ਓਹਦੇ ਅੰਨ ਪਾਣੀ ਦੀ ਜ਼ਿੰਮੇਵਾਰੀ ਵੀ ਤੇ ਓਹਦੇ ਮਰਦ ਦੀ ਈ ਹੁੰਦੀ ਏ ਸਾਬਾ। ਤੇ ਜੱਦੋਂ ਓਹ ਪੀਹੇ ਮੰਗੇ ਤੇ ਮੈਂ ਦੇ ਨਾ ਸੱਕਾਂ, ਮੇਰੀ ਤੇ ਮਰਦਾਨਗੀ ਤੇ ਸੱਟ ਵੱਜਦੀ ਏ। ਡਾਢੀ ਸੱਟ। ਆਪਣੀ ਨਾ ਮਰਦੀ ਦਾ ਦਾਰੂ ਕਰਨ ਦੀ ਕੋਸ਼ਿਸ਼ ਇਚ ਮੈਂ ਹਰ ਰਾਤ ਓਹਨੂੰ ਪਿੰਜਣਾਂ ਆਂ। ਓਹਦੇ ਕਮੀਜ਼ ਦੇ ਗਲੇ, ਸਿਰ ਛਾਤੀ ਦੇ ਦੁਪੱਟੇ ਤੇ ਨਾਲੇ ਆਣ ਜਾਣ ਦੀ ਜ਼ਰਾ ਜ਼ਰਾ ਜਿੰਨੀ ਗੱਲਾਂ ਤੇ ਕਿੱਲ ਕਿੱਲ ਲਾਣਾਂ ਆਂ, ਤਾਂ ਏ ਸਾਬਿਤ ਕਰ ਸਕਾਂ ਬਈ ਮੈਂ ਬੜਾ ਵੱਡਾ ਤੇ ਬੜਾ ਡਾਢਾ ਮਰਦ ਆਂ। ਕੀ ਦੱਸਾਂ ਤੈਨੂੰ ਸਾਬ, ਆਪਣੀ ਮਰਦਾਨਗੀ ਮੈਂ ਬੁੱਢੀ ਤੋਂ ਜ਼ਿਆਦਾ ਆਪਣੇ ਆਪ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕਰਨਾ ਵਾਂ।

ਪਰ ਫੇਰ ਵੀ ਜੱਦੋਂ ਓਹ ਨਿਮਾਣੀ ਪੀਹੇ ਮੰਗਦੀ ਏ ਤੇ ਮੇਰੀ ਮਰਦਾਨਗੀ ਤੇ ਬੜੀ ਡਾਢੀ ਸੱਟ ਵੱਜਦੀ ਏ। ਸਹਿਣ ਨਹੀਂ ਹੁੰਦਾ ਸਾਬ।

ਪਰ ਜੱਦੋਂ ਬਾਲ ਪੀਹੇ ਮੰਗਦੇ ਨੇਂ ਤੇ ਕੌੜ ਨਹੀਂ ਚੜ੍ਹਦਾ ਸਾਬ। ਕੌੜ ਨਹੀਂ ਚੜ੍ਹਦਾ। ਐਂਜ ਲੱਗਦਾ ਏ ਮੈਂ ਇੱਕ ਦਮ ਭੁਰ ਗਿਆ ਵਾਂ। ਮਿੱਟੀ ਦੀ ਢੇਰੀ ਬਣ ਗਿਆ ਵਾਂ। ਬਾਲ ਜੱਦੋਂ ਮੈਨੂੰ ਵੇਖਦੇ ਈ ਹੱਸਦੇ ਛਾਲਾਂ ਮਾਰਦੇ ਮੇਰੇ ਵੱਲ ਭੱਜਦੇ ਨੇਂ ਤੇ ਮੈਨੂੰ ਚੰਬੜ ਕੇ ਚੀਕਾਂ ਮਾਰਦੇ ਨੇਂ ਤੇ ਸਾਬ, ਮੈਂ ਬਾਹਰੋਂ ਜਿੰਨੇ ਵੀ ਛਿੱਤਰ ਖਾ ਕੇ ਆਇਆ ਹੋਵਾਂ, ਮੇਰਾ ਜੀ ਫੁੱਲਾਂ ਵਾਂਗਰ ਖਿੱਲ ਜਾਂਦਾ ਏ। ਤੇ ਫੇਰ ਜੱਦੋਂ ਓਹ ਆਪਣੀ ਨਿੱਕੀ ਨਿੱਕੀ ਖਾਹਿਸ਼ਾਂ ਮੰਗਦੇ ਨੇਂ ਤੇ ਕੌੜ ਨਹੀਂ ਚੜ੍ਹਦਾ ਸਾਬ। ਮੈਂ ਕਦੇ ਕੌੜਾ ਹੋਣ ਦੀ ਕੋਸ਼ਿਸ਼ ਵੀ ਕਰਾਂ ਤੇ ਨਹੀਂ ਹੋਇਆ ਜਾਂਦਾ ਸਾਬ। ਓਹਨਾਂ ਦੇ ਬੁੱਲ੍ਹਾਂ ਤੇ ਬੜੀ ਮੁਤਮਇਨ ਮੁਸਕਾਨ ਹੁੰਦੀ ਏ। ਬਾਲਾਂ ਲਈ ਓਹਨਾਂ ਦਾ ਪਿਓ ਰੱਬ ਹੁੰਦਾ ਏ ਸਾਬ। ਓਹਨਾਂ ਨੂੰ ਮੋਮਨਾਂ ਤੋਂ ਜ਼ਿਆਦਾ ਪੱਕ ਹੁੰਦਾ ਏ ਕੇ ਓਹਨਾਂ ਦਾ ਰੱਬ ਓਹਨਾਂ ਦੀ ਦੁਆ ਕਬੂਲ ਕਰੇਗਾ। ਓਹਨਾਂ ਦਾ ਰੱਬ ਓਹਨਾਂ ਦੇ ਸਾਹਮਣੇ ਵੀ ਹੁੰਦਾ ਏ, ਓਹਨਾਂ ਦੇ ਨੇੜੇ ਵੀ, ਤੇ ਓਹਨਾਂ ਦੀ ਦੁਆ ਸੁਣਦਾ ਵੀ ਏ। ਓਹਨਾਂ ਦਾ ਆਪਣੇ ਜੀਵੰਦੇ ਜਾਨ ਰੱਬ ਤੇ ਈਮਾਨ ਕਿਵੇਂ ਨਾ ਹੋਵੇ। ਤੇ ਸਾਬ, ਨਾ ਦਿਸਣ ਆਲੇ ਰੱਬ ਬਾਰੇ ਤੇ ਅਸਾਂ ਸੌ ਹੀਲੇ ਕਰ ਲੈਨੇ ਆਂ ਬਈ ਸਾਡਾ ਈ ਕੋਈ ਭਲਾ ਹੋਵੇਗਾ। ਪਰ ਬਾਲਾਂ ਨਾਲ ਏ ਨਹੀਂ ਚੱਲਦਾ ਸਾਬ। ਇੱਕ ਤੇ ਓਹਨਾਂ ਆਪਣਾ ਰੱਬ ਸਾਹਮਣੇ ਦਿਸਦਾ ਏ ਤੇ ਦੂਜਾ ਓਹਨਾਂ ਨੂੰ ਹੀਲੇ ਵੀ ਨਹੀਂ ਕਰਨੇ ਆਂਦੇ। ਓਹ ਤੇ ਓਸੇ ਵੇਲੇ ਰੱਬ ਨਾਲ ਰੋਜ਼ਿ ਹਿਸਾਬ ਖੋਲ੍ਹ ਕੇ ਬਹਿ ਜਾਂਦੇ ਨੇਂ। ਏਸ ਦੁਨੀਆ ਨੇ ਮੇਰੀ ਬੁੱਢੀ ਦੇ ਖੋਵੰਦ ਨੂੰ ਤੇ ਨਾਮਰਦ ਕਰ ਈ ਛੱਡਿਆ ਏ ਸਾਬ, ਹੁਣ ਤੂੰ ਮੇਰੇ ਬਾਲਾਂ ਦੇ ਰੱਬ ਨੂੰ ਤੇ ਝੂਠਾ ਨਾ ਕਰ। ਮੈਨੂੰ ਪੀਹੇ ਦੇ ਦੇ ਸਾਬ। ਮੇਰੀ ਤਨਖਾਹ ਦੇ ਦੇ।

ਪਰ ਨਾ ਓਹ ਸਾਬ ਨੂੰ ਜੱਫਾ ਮਾਰ ਸਕਿਆ ਤੇ ਨਾ ਈ ਏ ਸਾਰੇ ਲਲਕਾਰੇ। ਏਹ ਸਭ ਕੁਝ ਓਹਦੇ ਸੀਨੇ ਇਚ ਈ ਦਫ਼ਨ ਰਿਹਾ। ਜ਼ਿੰਦਾ ਦਰਗੋਰ। ਨੇੜੇ ਹੋ ਕੇ ਓਹਨੂੰ ਡਰ ਲੱਗਿਆ ਕਿੱਥੇ ਸਾਬ ਨਰਾਜ਼ ਈ ਨਾ ਹੋ ਜਾਵੇ। ਏ ਹੋ ਗਿਆ ਤੇ ਓਹਦੇ ਪੀਹੇ ਫੱਸ ਜਾਣਗੇ। ਕਿੱਥੇ ਸਾਬ ਤੇ ਕਿੱਥੇ ਓਹ। ਨਾ ਸਾਬ ਦੇ ਅੱਗੇ ਕਿਸੇ ਨੇ ਓਹਦਾ ਸਾਥ ਦੇਣਾ ਏ ਤੇ ਨਾ ਈ ਕੋਰਟ ਕਚਹਿਰੀ ਥਾਣੀ ਆਪਣਾ ਹੱਕ ਲੈ ਸਕਣ ਦਾ ਕੋਈ ਸਵਾਲ ਏ। ਸਾਬ ਅੱਗੇ ਓਹਦੇ ਮੋਢੇ ਲਿਫ਼ ਗਏ, ਵਾਜ ਨੀਵੀਂ ਪੈ ਗਈ ਤੇ ਦਿਲ ਘੋੜਾ ਹੋ ਗਿਆ।

ਮਾਲੀ ਨੂੰ ਵੇਖ ਕੇ ਤੇ ਨਾਲ ਈ ਵੇਲਾਂ ਦੀ ਕਟਾਈ ਦਾ ਸੁਣ ਕੇ ਸਾਬ ਨੂੰ ਗੁੱਸਾ ਆ ਗਿਆ।

ਓਏ ਤੂੰ ਹੁਣ ਕੱਟੀਆਂ ਨੇ ਵੇਲਾਂ?‘ ਸਾਬ ਨੇ ਨੱਕ ਚੜ੍ਹਾ ਕੇ ਮਾਲੀ ਨੂੰ ਵੇਖਿਆ।

ਜੀ ਸਾਬ, ਜਿਸਰਾ ਤੁਸੀ ਆਖਿਆ ਸੀ‘।

ਮਾਲੀ ਨੇ ਡਾਢੀ ਲਜਾਜਤ ਨਾਲ ਕਿਹਾ।

ਸਾਬ ਦੀ ਗੱਡੀ ਅਪੜ ਚੁੱਕੀ ਸੀ ਤੇ ਤਿੰਨ ਰੁਪੱਈਏ ਫੀ ਮਿੰਟ ਦੇ ਹਿਸਾਬ ਨਾਲ ਓਹਨੂੰ ਉਡੀਕਣ ਦਾ ਜੁਰਮਾਨਾ ਪਾਈ ਜਾ ਰਹੀ ਸੀ। ਏਸ ਲਈ ਓਹ ਕਾਲੀ ਇਚ ਸੀ।

ਓਏ ਏਹ ਤੇ ਮੈਂ ਤੈਨੂੰ ਦੋ ਹਫ਼ਤੇ ਪਹਿਲਾਂ ਆਖਿਆ ਸੀ‘। ਓਹਨੇ ਮਾਲੀ ਨੂੰ ਯਰਕਾਇਆ।

ਓਹ ਸਾਬ ਮੇਰੀ ਕੈਂਚੀ ਖਰਾਬ ਸੀ। ਹੁਣ ਤਨਖਾਹ ਲੈ ਕੇ ਠੀਕ ਕਰਾਵਾਂਗਾ।‘ ਮਾਲੀ ਬੋਲਿਆ।

ਓਹ ਚਾਹੁੰਦਾ ਤੇ ਏਹ ਈ ਸੀ ਬਈ ਨੱਸ ਕੇ ਆਪਣੀ ਟੈਕਸੀ ਇਚ ਬਹਿ ਜਾਵੇ ਤਾਂ ਓਹਦਾ ਉਡੀਕਣ ਦਾ ਮੀਟਰ ਤੇ ਬੰਦ ਹੋਵੇ, ਪਰ ਮਾਲੀ ਤੇ ਵੀ ਓਹਨੂੰ ਵਾਹਵਾ ਈ ਖਿਝ ਸੀ।

ਤਨਖਾਹ ਦੇ ਬਗੈਰ ਜੇ ਤੂੰ ਕੈਂਚੀ ਵੀ ਨਹੀਂ ਠੀਕ ਕਰਾ ਸਕਦਾ ਤੇ ਹੁਣ ਕਿਸਰਾ ਕੱਟੀ ਊ ਵੇਲ? ਤੈਨੂੰ ਵੀ ਦੋ ਹਫ਼ਤਿਆਂ ਬਾਅਦ ਈ ਨਾ ਤਨਖਾਹ ਦਿਆਂ?‘

ਓਹ ਕਾਲੀ ਇਚ ਵੀ ਮਾਲੀ ਨੂੰ ਚੰਗੀ ਤਰ੍ਹਾਂ ਫੰਡ ਕੇ ਈ ਜਾਣਾ ਚਾਹੁੰਦਾ ਸੀ।

ਨਹੀਂ ਨਹੀਂ ਸਾਬ‘ ਮਾਲੀ ਨੇ ਭੁੱਖੇ ਪਾਲਤੂ ਕੁੱਤੇ ਵਾਂਗ ਪੂੰਛਲ ਹਲਾਈ। ‘ਰੱਬ ਦਾ ਵਾਸਤਾ ਜੇ, ਮੈਨੂੰ ਬੜੀ ਜ਼ਰੂਰਤ ਏ ਪੀਹਾਂ ਦੀ। ਕੈਂਚੀ ਤੇ ਮੈਂ ਉਧਾਰ ਫੜ ਕੇ ਲਿਆਂਦੀ ਏ।‘

ਮਾਲੀ ਦੀ ਤਨਖਾਹ ਤੇ ਓਹ ਪਹਿਲਾਂ ਈ ਦੇਣਾ ਚਾਹੁੰਦਾ ਸੀ। ਮਜ਼ਦੂਰ ਦੀ ਮਜ਼ਦੂਰੀ ਰੱਖ ਕੇ ਓਹਨੂੰ ਬੜਾ ਡਰ ਆਂਦਾ ਸੀ, ਕਿੱਥੇ ਰੱਬ ਜਲਾਲ ਇਚ ਆਕੇ ਓਹਦੇ ਰਿਜ਼ਕ ਤੇ ਈ ਡੱਕਾ ਨਾ ਲਾ ਦਵੇ। ਪਰ ਏ ਮਾਲੀ ਨੂੰ ਸਿੱਧਿਆਂ ਕਰਨਾ ਵੀ ਜ਼ਰੂਰੀ ਸੀ।

ਦਿਲ ਤੇ ਓਹਦਾ ਸੀ ਕਿ ਅਜੇ ਜ਼ਰਾ ਹੋਰ ਫੰਡੇ, ਪਰ ਟੈਕਸੀ ਦਾ ਮੀਟਰ ਨਹੀਂ ਸੀ ਪਿਆ ਸਾਹ ਲੈਣ ਦਿੰਦਾ।

ਅੱਛਾ ਅੱਛਾ‘ ਓਹਨੇ ਬੋਝੀਓਂ ਕੱਢ ਕੇ ਓਹਨੂੰ ਪੀਹੇ ਫੜਾਏ। ‘ਜੋ ਮੈਂ ਕਿਹਾ ਕਰਾਂ ਓਹ ਫੋਰਨ ਕੀਤਾ ਕਰ।‘

ਪੀਹੇ ਫੜ ਕੇ ਮਾਲੀ ਬਹੁਤ ਖੁਸ਼ ਹੋ ਗਿਆ। ‘ਬੜੀ ਮਿਹਰਬਾਨੀ ਸਾਬ‘ ਤੇ ਨਾਲ ਈ ਭੱਜ ਕੇ ਸਾਬ ਲਈ ਗੇਟ ਸੂ ਖੋਲ੍ਹਿਆ। ਸਾਬ ਬਾਹਰ ਜਾ ਕੇ ਟੈਕਸੀ ਇਚ ਬਹਿ ਗਿਆ।

ਟੈਕਸੀ ਆਲੇ ਨੇ ਸਲਾਮ ਕੀਤਾ ਤੇ ਫੇਰ ਪੁੱਛਿਆ ਕਿ ਚਲੀਏ? ਓਹਨੇ ਸਿਰ ਮਾਰਿਆ ਤੇ ਟੈਕਸੀ ਚੱਲ ਪਈ। ਮੇਨ ਰੋਡ ਤੇ ਅਪੜ ਕੇ ਟੈਕਸੀ ਆਲੇ ਨੇ ਪੁੱਛਿਆ ਬਈ ਓਹ ਕਿਸੇ ਖਾਸ ਰਾਹੀਂ ਜਾਣਾ ਚਾਹੁੰਦਾ ਏ। ਓਹਨੇ ਖੜਕੀ ਤੋਂ ਬਾਹਰ ਵੇਖਦਿਆਂ ਡਰੇਵਰ ਨੂੰ ਨਹਿਰ ਵ ਨਹਿਰ ਜਾਣ ਦਾ ਆਖਿਆ। ਪੰਜ ਕੂ ਮਿੰਟਾਂ ਬਾਅਦ ਓਹਨੂੰ ਜਾਪਿਆ ਬਈ ਡਰੇਵਰ ਨੇ ਗੱਡੀ ਇਚ ਗਾਨੇ ਲਾਏ ਹੋਏ ਸਨ। ਏ ਗੱਲ ਓਹਨੂੰ ਬਿਲਕੁਲ ਨਹੀਂ ਸੀ ਪਸੰਦ। ਓਹਨੇ ਡਰੇਵਰ ਨੂੰ ਝਾੜਿਆ।

ਓਏ, ਏ ਤੂੰ ਗਾਨੇ ਕਿਉਂ ਲਾਏ ਨੇਂ?‘

ਓਹਦੀ ਝਾੜ ਸੁਣ ਕੇ ਡਰੇਵਰ ਤਿੜਕ ਗਿਆ।

ਓਹ ਸਾਬ ਰੇਡੀਓ ਏ। ਮੈਂ ਨਹੀਂ ਲਾਏ। ਐਫ ਐਮ ਆਲਿਆਂ ਨੇ ਲਾਏ ਨੇਂ। ਹੁਣੇ ਬੰਦ ਕਰ ਦੇਣਾ ਆਂ।‘

ਏ ਕਹਿ ਕੇ ਡਰੇਵਰ ਨੇ ਰੇਡੀਓ ਬੰਦ ਕਰ ਦਿੱਤਾ। ਰੇਡੀਓ ਦੇ ਫੋਰਨ ਬੰਦ ਹੋਣ ਮਾਰੇ ਓਹਦਾ ਗਜ਼ਬ ਇੱਕ ਦਮ ਬਹਿ ਜੇਹਾ ਗਿਆ। ਪਰ ਫੇਰ ਇੱਕ ਦਮ ਓਹਨੂੰ ਖਿਆਲ ਆਇਆ ਕਿ ਗੱਡੀ ਦੇ ਸ਼ੀਸ਼ੇ ਖੁੱਲ੍ਹੇ ਨੇਂ। ਓਹਨੇ ਫੇਰ ਡਰੇਵਰ ਨੂੰ ਝਾੜਿਆ।

ਓਏ ਤੂੰ ਏ ਸੀ ਵੀ ਨਹੀਂ ਲਾਇਆ?‘

ਡਰੇਵਰ ਫੇਰ ਡਰ ਗਿਆ ਤੇ ਫਟਾ ਫਟ ਬਾਰੀਆਂ ਬੰਦ ਕਰ ਕੇ ਏ ਸੀ ਲਾਣ ਲੱਗਾ।

ਓਹ ਨਹੀਂ ਜਨਾਬ, ਲਾਣ ਈ ਲੱਗਾ ਸਾਂ‘।

ਲਾਣ ਈ ਲੱਗਾਂ ਸਾਂ‘ ਓਹਨੇ ਭੈੜਾ ਜੇਹਾ ਮੂੰਹ ਬਣਾ ਕੇ ਡਰੇਵਰ ਦੀ ਨਕਲ ਲਾਈ।

ਦੋ ਕੂ ਮਿੰਟ ਬਾਅਦ ਓਹਨੇ ਡਰੇਵਰ ਨੂੰ ਪੁੱਛਿਆ।

ਕਿੰਨਾ ਚਿਰ ਹੋਇਆ ਏ ਤੈਨੂੰ ਕੰਪਨੀ ਨਾਲ?‘

ਤੇ ਨਾਲ ਈ ਡਰੇਵਰ ਦਾ ਤਰਾ ਨਿਕਲ ਗਿਆ।

ਜੀ ਚੌਥਾ ਮਹੀਨਾ ਏ। ਕਿਊਂ ਜੀ, ਕੋਈ ਗਲਤੀ ਹੋ ਗਈ ਏ ਮੇਰੇ ਕੋਲੋਂ?‘

ਨਹੀਂ, ਕੋਈ ਗਲਤੀ ਨਹੀਂ ਹੋਈ, ਏਹੋ ਜਿਹਾ ਹਰਕਤਾਂ ਓਂਝ ਏਸ ਕੰਪਨੀ ਦੇ ਡਰੇਵਰ ਕਰਦੇ ਨਹੀਂ।‘ ਏਸ ਵਾਰੀ ਓਹ ਬੜਾ ਠੰਡਾ ਠੰਡਾ ਪਿਆ ਬੋਲਦਾ ਸੀ। ‘ਓਹ ਹੁਣ ਵੀ ਫੀਡ ਬੈਕ ਲੈਂਦੇ ਨੇਂ ਤੇਰੀ ਕੰਪਨੀ ਆਲੇ ਕਿ ਨਹੀਂ, ਕਲਾਈਂਟਾਂ ਕੋਲੋਂ?‘

ਜਿੰਨਾ ਕੂ ਡਰਾਣ ਲਈ ਓਹਨੇ ਏਹ ਗੱਲ ਕੀਤੀ ਸੀ, ਡਰੇਵਰ ਓਸਤੋਂ ਬੁਹਤ ਜ਼ਿਆਦਾ ਡਰ ਗਿਆ। ਓਹਦਾ ਜੀ ਕੀਤਾ ਕਿ ਜ਼ੋਰ ਦੀਆਂ ਬਰੇਕਾਂ ਮਾਰ ਕੇ ਗੱਡੀ ਨੂੰ ਓਥੇ ਈ ਖਲਾਰ ਦਵੇ ਤੇ ਛਾਲ ਮਾਰ ਕੇ ਪਿੱਛਲੀ ਸੀਟ ਤੇ ਬੈਠੇ ਸਾਬ ਦੇ ਪੈਰਾਂ ਤੇ ਸਿਰ ਰੱਖ ਕੇ ਓਹਨੂੰ ਹੌਲੀ ਘੋਸਟ ਦੇ ਵਾਸਤੇ ਦਵੇ ਕਿ ਓਹਦੀ ਰੇਟਿੰਗ ਖਰਾਬ ਨਾ ਕਰੇ। ਓਹਦੇ ਪੈਰ ਫੜ ਕੇ ਓਹਨੂੰ ਦੱਸੇ ਕਿ ਓਹ ਫਾਰੂਕ ਆਬਾਦ ਤੋਂ ਨਹੀਂ ਬਲਕਿ ਚੂੜ ਕਾਣਿਓਂ ਆਇਆ ਏ। ਕਿਊਂਜੇ ਫਾਰੂਕ ਆਬਾਦ ਦਾ ਅਸਲ ਨਾਂ ਵੀ ਏਹੋ ਏ ਤੇ ਓਹ ਵੀ ਅਸਲ ਇਚ ਕ੍ਰਿਸਚਿਅਨ ਨਹੀਂ, ਚੂੜਾ ਏ।

ਅੱਜ ਵੀ ਓਹ ਚੂੜਾ ਈ ਏ। ਅਜੇ ਤੀਕਰ ਚੂੜਾ ਈ ਏ। ਨਸਲਾਂ ਦਾ ਚੂੜਾ। ਓਹਦੇ ਵੱਡੇ ਚੂੜੇ ਜਾਤੀ ਦੇ ਅਛੂਤ ਸਨ। ਓਹਨਾਂ ਦੇ ਘਰ ਪਿੰਡਾਂ ਦੇ ਬਾਹਰ ਓਸ ਛੱਪੜ ਦੇ ਆਲੇ ਦੁਆਲੇ ਹੁੰਦੇ ਸਨ ਜਿੱਥੇ ਸਾਰਾ ਪਿੰਡ ਹੱਗਣ ਤੇ ਮੂਤਣ ਜਾਂਦਾ ਸੀ। ਓਹ ਕਹਿਣਾ ਚਾਹੁੰਦਾ ਸੀ ਕਿ ਸਾਬ ਏਹੋ ਗੰਦ ਸਾਫ਼ ਕਰਨਾ ਹਿੰਦੂ ਧਰਮ ਨੇ ਸਾਡੀ ਜਾਤੀ ਦਾ ਫਰਜ਼ ਦੱਸਿਆ ਸੀ। ਅਸੀਂ ਸਦੀਆਂ ਤੋਂ ਚੂੜੇ ਸਾਂ, ਸਾਡਾ ਬੱਚਾ ਬੱਚਾ ਚੂੜਾ ਸੀ, ਅਸੀਂ ਲੋਕਾਂ ਦਾ ਗੰਦ ਸਾਫ਼ ਕਰਨੇ ਸਾਂ ਤੇ ਸਾਡੀ ਛਾਂ ਵੀ ਕਿਸੇ ਤੇ ਪੈ ਜਾਂਦੀ ਤੇ ਓਹ ਅਸ਼ਨਾਨ ਕਰੀਓਂ ਬਿਨਾਂ ਪਵਿਤਰ ਨਹੀਂ ਸੀ ਹੁੰਦਾ। ਕਿਸੇ ਜ਼ਮਾਨੇ ਇਚ ਸਾਡੇ ਕੁੱਝ ਲੋਕ ਮੁਸਲੇ ਵੀ ਹੋਗਏ। ਕਿਊਂਜੇ ਮੌਲਵੀ ਸਾਬ ਕਹਿੰਦੇ ਸਨ ਮੁਸਲਾ ਮੁਸਲੇ ਦਾ ਭਰਾ ਹੁੰਦਾ ਏ ਤੇ ਇਸਲਾਮ ਇਚ ਕੋਈ ਜ਼ਾਤ ਪਾਤ ਨਹੀਂ, ਸਭ ਬਰਾਬਰ ਨੇਂ। ਪਰ ਸਾਡੇ ਬੰਦੇ ਖੋਰੇ ਕਿਸ ਮਿੱਟੀ ਦੇ ਬਣੇ ਹੁੰਦੇ ਨੇਂ। ਓਹ ਮੁਸਲੇ ਤੇ ਹੋ ਗਏ, ਪਰ ਰਹੇ ਚੂੜੇ ਦੇ ਚੂੜੇ। ਹੁਣ ਕੋਈ ਮੁਸਲਾ ਓਹਨਾਂ ਦੇ ਹੱਥ ਜਾਂ ਲੀੜਾ ਲੱਗਣ ਤੋਂ ਭਰਿਸ਼ਟ ਤੇ ਨਹੀਂ ਸੀ ਹੁੰਦਾ, ਪਰ ਓਹਨਾਂ ਦੇ ਬਰਤਨਾਂ ਇਚ ਖਾਣ ਪੀਣ ਲਈ ਤਿਆਰ ਵੀ ਕੋਈ ਨਹੀਂ ਸੀ।

ਤੇ ਜੱਦੋਂ ਅੰਗਰੇਜ਼ ਪਾਦਰੀ ਆਗਏ ਤੇ ਓਹਨਾਂ ਸਾਡੇ ਸਿਰ ਤੇ ਹੱਥ ਰੱਖੇ, ਸਾਨੂੰ ਗੱਲ ਨਾਲ ਲਾਇਆ, ਸਾਡੇ ਹੱਥੋਂ ਖਾਦਾ ਪੀਤਾ। ਅਸਾਂ ਤੇ ਪਾਗਲ ਈ ਨਹੀਂ ਹੋ ਗਏ। ਇੱਕ ਤੇ ਹਾਕਮ ਉੱਤੋਂ ਗੋਰੇ, ਤੇ ਸਾਡੇ ਨਾਲ ਖਾਂਦੇ ਪੀਂਦੇ। ਅਸੀਂ ਕ੍ਰਿਸਚਿਅਨ ਹੋਗਏ। ਆਪਣੇ ਵਲੋਂ ਯਸੂ ਦੀਆਂ ਭੇਡਾਂ ਹੋ ਗਏ। ਸਮਝੇ, ਹੁਣ ਤੇ ਬਰਾਬਰ ਹੋ ਗਏ।

ਚੌਧਰੀ ਸਾਬ, ਮੈਂ ਬਾਰਾਂ ਜਮਾਤਾਂ ਪਾਸ ਆਂ। ਡ੍ਰਾਈਵਿੰਗ ਕਰਨਾ ਆਂ। ਪਰ ਹੈਗਾ ਅੱਜ ਵੀ ਚੂੜਾ ਈ ਆਂ। ਚੂੜ ਕਾਣੇ ਮੈਨੂੰ ਓਥੋਂ ਦੇ ਲੋਕੀ ਕੁੱਝ ਨਹੀਂ ਕਰਨ ਦਿੰਦੇ। ਹਰ ਗੱਲ ਤੇ ਕਹਿੰਦੇ ਨੇਂ ਬਈ ਅੱਜ ਕੱਲ੍ਹ ਚੂੜਿਆਂ ਨੂੰ ਬੜੀ ਆਖਰ ਆਗਈ ਏ। ਤੇ ਹੁਣ ਜੇ ਵੱਡੇ ਸ਼ਹਿਰ ਲਾਹੌਰ ਆਇਆਂ ਆਂ ਕੇ ਵੱਡੇ ਸ਼ਹਿਰ ਦੇ ਰੌਲੇ ਗੌਲੇ ਇਚ ਆਪਣੀ ਜ਼ਾਤ ਗਨਵਾ ਦਿਆਂ, ਜ਼ਾਤ ਮੇਰੇ ਤੋਂ ਪਹਿਲਾਂ ਈ ਹਰ ਜਗ੍ਹਾ ਅਪੜ ਜਾਂਦੀ ਏ। ਹਰ ਕੋਈ ਆਖਦਾ ਏ ਬਈ ਤੂੰ ਚੂੜਾ ਏਂ ਨਾਂ?

ਸੁਣਿਆ ਏ ਪਿੱਛਲੇ ਜ਼ਮਾਨਿਆਂ ਇਚ ਲੋਕੀ ਆਪਣੀਆਂ ਵੱਡੀਆਂ ਦੀਆਂ ਰੂਹਾਂ ਨੂੰ ਪੂਜਦੇ ਸਨ। ਮੈਂ ਤਾਂ ਕਹਿਣਾ ਠੀਕ ਈ ਕਰਦੇ ਸਨ। ਏ ਜਿਹੜੇ ਵੱਡੇ ਹੁੰਦੇ ਨੇ ਨਾਂ, ਏ ਕਦੀ ਜਾਨ ਨਹੀਂ ਛੱਡਦੇ। ਮਰ ਕੇ ਵੀ ਨਹੀਂ।

ਹੁਣ ਮੈਂ ਦਿਨ ਰਾਤ ਮਿਹਨਤ ਕਰਦਾਂ ਵਾਂ। ਕੋਈ ਦੋ ਨੰਬਰੀ ਨਹੀਂ ਲਾਉਂਦਾ। ਫੇਰ ਵੀ ਸਾਰੇ ਮੁਸਲੇ ਡਰੇਵਰਾਂ ਦੀ ਹਰ ਵੇਲੇ ਕੋਸ਼ਿਸ਼ ਹੁੰਦੀ ਏ ਕਿ ਕਿਸੇ ਤਰ੍ਹਾਂ ਮੈਨੂੰ ਏਸ ਕੰਪਨੀ ਚੋਂ ਕੱਢਵਾ ਦੇਣ। ਹੁਣ ਜੋ ਮੈਂ ਕੋਈ ਵੀ ਮੌਕਾ ਨਹੀਂ ਦੇ ਰਿਹਾ ਤੇ ਮੈਨੂੰ ਡਰ ਲੱਗਣ ਲੱਗ ਪਿਆ ਏ ਬਈ ਕੋਈ ਮੇਰੇ ਤੇ ਤੋਹੀਨੇ ਮਜ਼ਹਬ ਦਾ ਝੂਠਾ ਇਲਜ਼ਾਮ ਲਾ ਕੇ ਮੈਨੂੰ ਫਾਰਿਗ ਈ ਨਾ ਕਰਾ ਦਵੇ। ਏਸੇ ਚੱਕੀ ਇਚ ਪਿਸੀ ਜਾਣਾ ਆਂ ਤੇ ਹੁਣ ਤੁਸੀ ਮੇਰੀ ਸ਼ਿਕੈਤ ਲਾਣ ਚੱਲੇ ਓ। ਰੇਡੀਓ ਤੇ ਮੈਂ ਤੁਹਾਨੂੰ ਖੁਸ਼ ਕਰਨ ਵਾਸਤੇ ਲਾਇਆ ਸੀ। ਤੁਹਾਨੂੰ ਨਹੀਂ ਪਸੰਦ ਆਇਆ ਮੈਂ ਫੋਰਨ ਬੰਦ ਕਰ ਦਿੱਤਾ। ਤੇ ਏ ਸੀ ਆਲੀ ਮੇਰੀ ਗਲਤੀ ਏ। ਦੋ ਆਨੇ ਬਚਾਣ ਦੇ ਚੱਕਰਾਂ ਇਚ ਮੈਂ ਓਦੋਂ ਤੀਕਰ ਏ ਸੀ ਨਹੀਂ ਲਾਉਂਦਾ ਜਦੋਂ ਤੀਕਰ ਗਾਹਕ ਆਪ ਨਾ ਆਖੇ। ਪਰ ਤੁਹਾਡੇ ਕਹਿੰਦੇ ਈ ਤੇ ਮੈਂ ਲਾ ਦਿੱਤਾ ਸੀ ਏ ਸੀ। ਮੈਨੂੰ ਮੁਆਫ਼ ਕਰ ਦਿਓ ਤੁਹਾਨੂੰ ਰੱਬ ਸੋਹਣੇ ਦਾ ਵਾਸਤਾ ਜੇ।

ਲੋਕੀ ਕਿਰਲੀਆਂ ਤੋਂ ਬੜੀ ਨਫ਼ਰਤ ਕਰ ਦੇ ਨੇਂ। ਪਰ ਕਿਊਂਜੇ ਕਿਰਲੀਆਂ ਬਿਮਾਰੀਆਂ ਫੈਲਾਣ ਆਲੇ ਮੱਛਰ ਖਾਂਦੀਆਂ ਨੇਂ, ਲੋਕੀ ਕਿਰਲੀਆਂ ਨੂੰ ਨਹੀਂ ਮਾਰ ਦੇ। ਪਰ ਓਹ ਚਾਹੁੰਦੇ ਨੇਂ ਬਈ ਏ ਗੰਦੀਆਂ ਕਿਰਲੀਆਂ ਘਰੋਂ ਬਾਹਰ ਈ ਰਹਿਣ। ਜੱਦੋਂ ਤੀਕਰ ਏਹ ਕਿਰਲੀਆਂ ਬਾਹਰੋਂ ਈ ਮੱਛਰ ਖਾਂਦੀਆਂ ਰਹਿੰਦੀਆਂ ਨੇਂ ਲੋਕੀ ਏਸਰਾ ਬਿਹੇਵ ਕਰ ਦੇ ਨੇਂ ਜਿਸਰਾ ਕਿਰਲੀਆਂ ਟ੍ਰਾਂਸਪੇਰੰਟ ਹੋਣ। ਓਹਨਾਂ ਨੂੰ ਦਿਸਦੀਆਂ ਈ ਨਾ ਹੋਣ। ਤੇ ਜੇ ਕਦੇ ਕਿਰਲੀ ਘਰ ਦੇ ਅੰਦਰ ਆਵੜੇ ਤੇ ਏਹੋ ਅੰਨ੍ਹੇ ਸਿਹੇ ਵਾਂਗ ਆਪਣੇ ਕੰਡੇ ਖਲਾਰ ਲੈਂਦੇ ਨੇਂ। ਤੇ ਸਾਬ ਅਸੀਂ ਵੀ ਜੱਦੋਂ ਤੀਕਰ ਚੂੜੇ ਰਹੀਏ, ਦੂਰ ਰਹੀਏ ਤੇ ਗੰਦ ਸਾਫ਼ ਕਰ ਦੇ ਰਹੀਏ ਤਾਂ ਠੀਕ। ਪਰ ਜਿਸ ਵੇਲੇ ਅਸੀਂ ਗੰਦ ਸਾਫ਼ ਕਰਨਾ ਛੱਡ ਕੇ ਕੋਈ ਦੂਜਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ, ਚੂੜੇ ਤੋਂ ਕ੍ਰਿਸਚਿਅਨ ਬਣਨ ਦੀ ਕੋਸ਼ਿਸ਼ ਕਰਦੇ ਆਂ, ਮੁਆਸ਼ਰੇ ਇਚ ਵੜਨ ਦੀ ਕੋਸ਼ਿਸ਼ ਕਰਨੇ ਆਂ, ਹਰ ਬੰਦਾ ਆਪਣੇ ਕੰਡੇ ਖਲਾਰ ਕੇ ਸਾਨੂੰ ਪੈ ਜਾਂਦਾ ਏ।

ਪਰ ਓਹਨੇ ਗੱਡੀ ਦੀਆਂ ਬਰੇਕਾਂ ਨਾ ਲਾਈਆਂ, ਗੱਡੀ ਚਲਾਂਦਿਆਂ ਈ ਗਿੜਗਿੜਾ ਕੇ ਕਿਹਾ ‘ਸਾਬ, ਮੇਰੀ ਸ਼ਕੈਤ ਨਾ ਕਰਿਆ ਜੇ। ਮੈਂ ਫਾਰੂਕ ਆਬਾਦ ਤੋਂ ਲਾਹੌਰ ਕੰਮ ਲੱਭਦਾ ਆਇਆਂ ਵਾਂ ਤੇ ਬੜੀ ਮੁਸ਼ਕਲ ਨਾਲ ਮੈਨੂੰ ਏ ਕੰਮ ਲੱਭਿਆ ਜੇ।‘

ਏ ਤਰਲਾ ਸੁਣ ਕੇ ਓਹ ਬੜਾ ਰਾਜ਼ੀ ਹੋਇਆ। ਤੇ ਇੱਕ ਦਮ ਓਹਨੂੰ ਡਰੇਵਰ ਤੇ ਤਰਸ ਵੀ ਆਇਆ। ਪਰ ਫੇਰ ਵੀ ਓਹਨੇ ਛਾਤੀ ਫੁਲਾ ਕੇ ਚੌਧਰਾਹਟ ਵਖਾਈ, ‘ ਨਹੀਂ ਬਈ, ਏਹ ਜਿਹੜੇ ਤਰੀਕੇ ਤੂੰ ਫੜੇ ਹੋਏ ਨੇਂ ਏਹ ਚੱਲਣ ਆਲੇ ਨਹੀਂ!‘।

ਨਹੀਂ ਨਹੀਂ ਸਾਬ‘ ਡਰੇਵਰ ਨੇ ਜ਼ਰਾ ਕੂ ਹੋਰ ਨੀਵੇ ਹੋ ਕੇ ਮਿੰਤਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ‘ਮੇਰੀ ਸ਼ਕੈਤ ਨਾ ਲਾਇਆ ਜੇ, ਤੁਹਾਨੂੰ ਦੁਆਵਾਂ ਦਿਆਂਗਾ। ਮੇਰੇ ਘਰ ਦੇ ਹਾਲ ਚੰਗੇ ਨਹੀਂ। ਤੁਹਾਨੂੰ ਤੁਹਾਡੇ ਰੱਬ ਦਾ ਵਾਸਤਾ ਜੇ।‘

ਡਰੇਵਰ ਦੀ ‘ਤੁਹਾਡੇ ਰੱਬ‘ ਆਲੀ ਗੱਲ ਓਹਨੂੰ ਕੁੱਝ ਓਪਰੀ ਜੇਹੀ ਲੱਗੀ। ਓਹਦੇ ਮੂੰਹੋਂ ਨਿਕਲਣ ਈ ਲੱਗਾ ਸੀ ਕੇ ਏਹ ‘ਤੁਹਾਡਾ ਰੱਬ‘ ਕੀ ਗੱਲ ਹੋਈ, ਰੱਬ ਤੇ ਇੱਕੋ ਈ ਏ। ਪਰ ਫੇਰ ਓਹਨੂੰ ਚੇਤੇ ਆਇਆ ਕਿ ਓਹਨੇ ਅਖਬਾਰ ਇਚ ਖ਼ਬਰ ਪੜ੍ਹੀ ਸੀ ਕਿ ਮਲਾਇਸ਼ੀਆ ਦੀ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਏ ਕਿ ਗੈਰ ਮੁਸਲਿਮ ਆਪਣੇ ਰੱਬ ਨੂੰ ਅੱਲ੍ਹਾ ਨਹੀਂ ਸੱਦ ਸਕਦੇ। ਓਹ ਓਹਨੂੰ ਗੌਡ ਕਹਿਣ ਜਾਂ ਭਗਵਾਨ ਜਾਂ ਕੁੱਝ ਹੋਰ, ਪਰ ਅੱਲ੍ਹਾ ਸਿਰਫ਼ ਮੁਸਲਮਾਨ ਈ ਆਪਣੇ ਰੱਬ ਨੂੰ ਸੱਦ ਸਕਦੇ ਨੇਂ। ਗੁੱਸੇ, ਚੌਧਰਾਹਟ ਤੇ ਤਰਸ ਦੇ ਗੁੰਝਲ ਪਏ ਜਜ਼ਬਾਤ ਇਚ ਏਹ ਗੱਲ ਬੜੀ ਕੰਫਿਊਜ਼ਿੰਗ ਹੋ ਗਈ। ਓਹਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਮਲਾਇਸ਼ੀਆ ਦੀ ਏਹ ਖ਼ਬਰ ਪੜ੍ਹ ਕੇ ਓਹ ਬੁਹਤ ਖੁਸ਼ ਹੋਇਆ ਸੀ। ਬਲਕਿ ਜਜ਼ਬਾਤੀ ਹੋ ਗਿਆ ਸੀ। ਬਲਕਿ ਜੋਸ਼ਿ ਈਮਾਨੀ ਤੇ ਜਜ਼ਬਾ-ਏ-ਜਿਹਾਦ ਨਾਲ ਭਰ ਗਿਆ ਸੀ। ਪਰ ਏਸ ਵੇਲੇ ਪਤਾ ਨਹੀਂ ਕਿਉਂ ਓਹਨੂੰ ਲੱਗਣ ਲੱਗ ਪਿਆ ਸੀ ਕਿ ਏ ਤੇ ਇਸਲਾਮ ਤੋਂ ਪਹਿਲਾਂ ਆਲੀਆਂ ਗੱਲਾਂ ਹੋਈਆਂ ਜੱਦੋਂ ਹਰ ਕਬੀਲੇ ਦਾ ਆਪਣਾ ਰੱਬ ਹੁੰਦਾ ਸੀ। ਏਸੇ ਚੱਕਰ ਇਚ ਈ ਦੋ ਤਿੰਨ ਸਕਿੰਡ ਲੰਘ ਗਏ ਤੇ ਡਰੇਵਰ ਨੇ ਸਮਝਿਆ ਓਹਦੀ ਮਾਫ਼ੀ ਤਲਾਫ਼ੀ ਕੋਈ ਨਹੀਂ ਹੋ ਰਹੀ। ਓਹ ਘਾਬਰ ਗਿਆ ਤੇ ਓਹਦੇ ਮੂੰਹੋਂ ਨਿਕਲਿਆ ‘ ਸਾਬ ਜੇ ਤੁਹਾਨੂੰ ਮੇਰੀ ਰਾਈਡ ਤੋਂ ਤਕਲੀਫ਼ ਹੋਈ ਏ ਤੇ ਬੇ ਸ਼ੱਕ ਤੁਸੀ ਪੀਹੇ ਨਾ ਦਿਆ ਜੇ।‘ ਏਹ ਗੱਲ ਮੂੰਹੋਂ ਨਿਕਲਦੇ ਨਿਕਲਦੇ ਈ ਡਰੇਵਰ ਨੂੰ ਅਹਿਸਾਸ ਹੋ ਗਿਆ ਸੀ ਕਿ ਓਹ ਬਲੰਡਰ ਮਾਰ ਬੈਠਾ ਏ। ਏਸ ਰਾਈਡ ਦੇ ਪੀਹੇ ਨਾ ਫੜਨ ਦਾ ਮਤਲਬ ਸੀ ਕਿ ਅੱਜ ਦੀ ਦਿਹਾੜੀ ਸਾਰਾ ਦਿਨ ਕੰਮ ਕਰ ਕੇ ਵੀ ਬੋਝੇ ਕੁੱਝ ਨਹੀਂ ਪੈਣਾ। ਤੇ ਏਸ ਡਰਾਉਣੇ ਖਿਆਲ ਤੋਂ ਈ ਓਹਦਾ ਲਹਿਜਾ ਐਨਾ ਕੂ ਮਸਕੀਨ ਹੋ ਗਿਆ ਕਿ ਸਾਬ ਦੇ ਦਿਲ ਤੇ ਸੱਟ ਜੇਹੀ ਲੱਗੀ। ਓਹਨੂੰ ਐਂਜ ਜਾਪਿਆ ਜੀਵੇਂ ਕਿਸੇ ਨੇ ਓਹਨੂੰ ਰੱਬਾਂ ਦੀ ਦਲਦਲਾਂ ਚੋਂ ਕੱਢ ਕੇ ਬਾਹਰ ਤੜਫਦੇ ਕੁਰਲਾਂਦੇ ਬੰਦਿਆਂ ਦੀ ਦੁਨੀਆ ਇਚ ਸੁੱਟ ਦਿੱਤਾ ਹੋਵੇ।

ਓਹ ਨਹੀਂ‘ ਸਾਬ ਨੇ ਹੁਣ ਬੜੇ ਨਰਮ ਲਹਿਜੇ ਇਚ ਕਿਹਾ ‘ਪੀਹੇ ਤੇ ਮੈਂ ਦਵਾਂਗਾ, ਤੇਰੇ ਪੀਹੇ ਥੋੜ੍ਹਾ ਮਾਰਨੇ ਨੇਂ ਮੈਂ। ਪਰ ਅੱਗੋਂ ਐਂਜ ਦੀਆਂ ਹਰਕਤਾਂ ਨਾ ਕਰੀਂ।‘

ਡਰੇਵਰ ਦੇ ਸਾਹ ਅੱਜੇ ਵੀ ਸੁੱਕੇ ਹੋਏ ਸਨ। ‘ਸਾਬ, ਓਹ ਸ਼ਕੈਤ۔۔۔۔

ਤੇ ਓਹ ਹੱਸ ਪਿਆ ‘ਓਹ ਨਹੀਂ ਕਰਦਾ ਮੈਂ ਤੇਰੀ ਸ਼ਕੈਤ, ਹੁਣ ਧਿਆਨ ਮਾਰ ਸੜਕ ਤੇ, ਕਿੱਥੇ ਗੱਡੀ ਨਾ ਠੋਕ ਦਵੀਂ।‘

ਡਰੇਵਰ ਐਨਾ ਕੂ ਖੁਸ਼ ਹੋਇਆ ਕਿ ਜੱਦੋਂ ਗੱਡੀ ਮੰਜ਼ਿਲ ਤੇ ਅਪੜ ਗਈ ਤੇ ਓਹ ਭੱਜ ਕੇ ਬਾਹਰ ਆਇਆ ਤੇ ਸਾਬ ਲਈ ਗੱਡੀ ਦਾ ਬੂਹਾ ਖੋਲ੍ਹਿਆ। ਏਹ ਵੇਖ ਕੇ ਓਹਨੂੰ ਮਦਾਰੀ ਦੇ ਸੋਟੇ ਦੀ ਵਾਜ ਤੇ ਨੱਚਦਾ ਬਾਂਦਰ ਚੇਤੇ ਆਗਿਆ।

ਪਲਾਜ਼ੇ ਦੇ ਅੰਦਰ ਵੜ ਕੇ ਲਿਫਟ ਵੱਲ ਜਾਂਦੇ ਓਹਨੇ ਬੋਝੇ ਵਿੱਚੋਂ ਮੋਬੈਲ ਫ਼ੋਨ ਕੱਢ ਕੇ ਟਾਈਮ ਵੇਖਿਆ। ਓਹ ਮੁਕਰਰਾ ਵਕਤ ਤੋਂ ਪੰਦਰ੍ਹਾਂ ਮਿੰਟ ਪਹਿਲਾਂ ਈ ਅਪੜ ਗਿਆ ਸੀ। ਦਫ਼ਤਰ ਦੀ ਰਿਸੇਪਸ਼ਨ ਤੇ ਬੈਠੀ ਕੁੜੀ ਨੂੰ ਓਹਨੇ ਆਪਣਾ ਨਾਂ ਦੱਸਿਆ।

ਹਾਂ ਜੀ, ਤੁਹਾਡੀ ਮੀਟਿੰਗ ਫਿਕਸ ਸੀ‘ ਕੁੜੀ ਨੇ ਕੰਪਿਊਟਰ ਦੀ ਸਕ੍ਰੀਨ ਤੇ ਵੇਖਦਿਆਂ ਕਿਹਾ ‘ਪਰ ਅੱਜ ਅਚਾਨਚੱਕ ਬਾਹਰੋਂ ਕੁੱਝ ਲੋਕ ਆ ਗਏ ਨੇਂ, ਏਸ ਲਈ ਹੋ ਸਕਦਾ ਏ ਤੁਹਾਡੀ ਮੀਟਿੰਗ ਅਗਲੇ ਮਹੀਨੇ ਚਲੀ ਜਾਵੇ।‘

ਅਗਲੇ ਮਹੀਨੇ?‘ ਓਹਨੂੰ ਕਰੰਟ ਜੇਹਾ ਲੱਗ ਗਿਆ। ‘ਜੇ ਅੱਜ ਨਾ ਵੀ ਹੋਈ ਤੇ ਕੱਲ੍ਹ ਕਰ ਲਵਾਂਗੇ ਮੀਟਿੰਗ, ਮੈਂ ਆਪਣੀ ਪ੍ਰਪੋਜ਼ਲ ਲੈ ਕੇ ਆਇਆ ਵਾਂ, ਮਹੀਨੇ ਬਾਅਦੋਂ ਕਿਸ ਲਈ?‘

ਓਹ ਕੱਲ੍ਹ ਸਵੇਰੇ ਬੌਸ ਅਮਰੀਕਾ ਜਾ ਰਹੇ ਨੇਂ ਨਾ, ਛੇ ਹਫ਼ਤਿਆਂ ਵਾਸਤੇ‘ ਕੁੜੀ ਨੇ ਜਵਾਬ ਦਿੱਤਾ।

ਕੱਲ੍ਹ ਸਵੇਰੇ?‘ ਓਹ ਭੋਂਤਰ ਗਿਆ। ‘ਛੇ ਹਫ਼ਤਿਆਂ ਵਾਸਤੇ?‘

ਹਾਂ ਜੀ‘ ਕੁੜੀ ਨੇ ਜ਼ਰਾ ਕੂ ਹਮਦਰਦੀ ਜੇਹੀ ਦੇ ਨਾਲ ਕਿਹਾ ‘ਓਂਝ ਤੁਸੀ ਉਡੀਕ ਲਵੋ, ਹੋ ਸਕਦਾ ਏ ਏਹ ਲੋਕੀ ਛੇਤੀ ਚਲੇ ਜਾਣ ਤੇ ਤੁਹਾਡੀ ਮੀਟਿੰਗ ਅੱਜ ਈ ਹੋ ਜਾਵੇ।‘

ਮਿਸ, ਏ ਮੀਟਿੰਗ ਅੱਜ ਈ ਹੋਣੀ ਬੁਹਤ ਜ਼ਰੂਰੀ ਏ, ਨਹੀਂ ਤਾਂ ਮੇਰਾ ਬੜਾ ਨੁਕਸਾਨ ਹੋ ਜਾਵੇਗਾ।‘ ਓਹ ਖਪਕ ਕੇ ਕੁੜੀ ਨੂੰ ਪਿਆ।

ਕੁੜੀ ਦਬ ਜੇਹੀ ਗਈ। ‘ਸਰ ਮੈਂ ਕੁੱਝ ਨਹੀਂ ਕਰ ਸਕਦੀ। ਮੈਨੂੰ ਬੌਸ ਨੇ ਸਖਤੀ ਨਾਲ ਹਦਾਇਤ ਕੀਤੀ ਏ ਕਿ ਜੱਦੋਂ ਤੀਕਰ ਏਹ ਗੋਰੇ ਚਲੇ ਨਹੀਂ ਜਾਂਦੇ, ਓਹ ਕਿਸੇ ਨਾਲ ਮਿਲਣਗੇ ਤੇ ਨਾ ਈ ਕੋਈ ਕਾਲ ਲੈਣਗੇ।‘

ਏਹ ਸੁਣ ਕੇ ਓਹ ਚਿੜ ਜੇਹਾ ਗਿਆ। ‘ਮਿਸ, ਤੁਸੀ ਸਮਝ ਨਹੀਂ ਰਹੇ‘ ਓਹਨੇ ਗੁੱਸੇ ਨਾਲ ਜ਼ਰਾ ਕੂ ਵਾਜ ਉੱਚੀ ਕਰ ਕੇ ਕਿਹਾ ‘ਮੈਂ ਹਰ ਹਾਲ ਇਚ ਤੁਹਾਡੇ ਬੌਸ ਨੂੰ ਅੱਜ ਮਿਲ ਕੇ ਈ ਜਾਵਾਂਗਾ।‘

ਓਹਦੇ ਗੁੱਸੇ ਤੇ ਉੱਚੀ ਵਾਜ ਤੋਂ ਕੁੜੀ ਪ੍ਰੇਸ਼ਾਨ ਹੋ ਗਈ। ਓਹਦਾ ਜੀ ਕੀਤਾ ਕੇ ਓਹਦਾ ਕੌਲਰ ਫੜ ਕੇ ਓਹਨੂੰ ਝਟਕੇ ਮਾਰੇ ਤੇ ਨਾਲ ਓਹਦੇ ਮੂੰਹ ਤੇ ਚਪੇੜਾਂ ਮਾਰ ਦੇ ਚੀਕ ਚੀਕ ਕੇ ਆਖੇ ਕੇ ਓਹ ਆਪਣੀ ਵਾਜ ਨੀਵੀਂ ਰੱਖੇ। ਜੇ ਓਹਦੀ ਵਾਜ ਅੰਦਰ ਔਫਿਸ ਇਚ ਚਲੀ ਗਈ ਤੇ ਬੌਸ ਨੇ ਓਹਨੂੰ ਨੌਕਰੀਓਂ ਕੱਢ ਛੱਡਣਾ ਏ। ਕੁੜੀ ਦਾ ਜੀ ਕੀਤਾ ਕਿ ਓਹਦੇ ਮੂੰਹ ਤੇ ਖਰੂੰਜੇ ਮਾਰ ਮਾਰ ਕੇ ਓਹਨੂੰ ਦੱਸੇ ਕਿ ਨੌਕਰੀਆਂ ਦੀ ਓਹਨੂੰ ਲਾਹੌਰ ਸ਼ਹਿਰ ਇਚ ਕਮੀ ਉੱਕਾ ਈ ਨਹੀਂ। ਹਰ ਦੂਜਾ ਔਫਿਸ ਓਹਨੂੰ ਫਟਾ ਫਟ ਚੰਗੀ ਤਨਖਾਹ ਤੇ ਨੌਕਰ ਰੱਖ ਲਵੇਗਾ। ਏਸ ਲਈ ਨਹੀਂ ਕਿ ਓਹ ਪੜ੍ਹੀ ਲਿਖੀ ਏ ਜਾਂ ਚੰਗਾ ਕੰਮ ਕਰਦੀ ਏ। ਬਲਕਿ ਏਸ ਲਈ ਕੇ ਓਹ ਜਵਾਨ ਏ, ਸੋਹਣੀ ਏ ਤੇ ਨਾਲੇ ਮਾੜੀ ਏ। ਹਾਂ, ਜਵਾਨੀ ਤੇ ਸੋਹਣ ਨਾਲ ਗੁਰਬਤ ਵੀ ਕੁੜੀ ਦੀ ਨੌਕਰੀ ਲਈ ਬੜਾ ਗੁਣ ਏ। ਓਹਦਾ ਜੀ ਕੀਤਾ ਕਿ ਓਹ ਵੇਣ ਪਾਏ ਕਿ ਤੈਨੂੰ ਨਹੀਂ ਪਤਾ ਸਾਬ, ਲੋਕੀ ਮੈਨੂੰ ਕੰਮ ਕਰਨ ਲਈ ਕੰਮ ਨਹੀਂ ਦਿੰਦੇ, ਰੱਖਣ ਲਈ ਕੰਮ ਦਿੰਦੇ ਨੇਂ। ਵੱਡੇ ਘਰਾਂ ਦੀਆਂ ਕੁੜੀਆਂ ਨਹੀਂ ਰੱਖ ਸਕਦੇ, ਕਿਊਂਜੇ ਓਹਨਾਂ ਨੂੰ ਤੇ ਗੰਦੀ ਨਜ਼ਰ ਨਾਲ ਈ ਵੇਖਣ ਤੇ ਓਹ ਸ਼ੋਰ ਪਾ ਦਿੰਦੀਆਂ ਨੇਂ ਤੇ ਓਹਨਾਂ ਦੇ ਵੱਡੇ ਘਰਾਂ ਇਚ ਵੱਡੇ ਬੰਦੇ ਹੁੰਦੇ ਨੇਂ, ਓਹ ਤੇ ਦਫ਼ਤਰ ਬੰਦ ਕਰਾ ਦਿੰਦੇ ਨੇਂ। ਏਸ ਲਈ ਓਹਨਾਂ ਨੂੰ ਤੇ ਕੋਈ ਟੇਢੀ ਨਜ਼ਰ ਨਾਲ ਨਹੀਂ ਵੇਖਦਾ। ਪਰ ਮੈਨੂੰ ਕੋਈ ਨਹੀਂ ਛੱਡਦਾ ਸਾਬ। ਹਰ ਬੰਦਾ ਗੰਦੀ ਨਜ਼ਰਾਂ ਨਾਲ ਵੇਖਦਾ ਏ, ਚਪੜਾਸੀ ਤੋਂ ਲੈ ਕੇ ਅਫ਼ਸਰ ਤੀਕਰ। ਮੇਰੀ ਜੇਹੀ ਮਾੜੀ ਕੁੜੀਆਂ ਨੂੰ ਏਥੇ ਨੌਕਰੀ ਦੇ ਨਾਂ ਤੇ ਪਾਰਟ ਟਾਈਮ ਰਖੇਲ ਦੇ ਤੌਰ ਤੇ ਕੰਮ ਕਰਨ ਦੀ ਔਫ਼ਰ ਹੁੰਦੀ ਏ। ਮੇਰਾ ਖੋਵੰਦ ਏ ਸਾਬ, ਓਹਨੇ ਬੜੀ ਮੁਸ਼ਕਲ ਨਾਲ ਮੈਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਏ। ਏਸ ਲਈ ਨਹੀਂ ਕਿ ਓਹ ਪੁਰਾਣੇ ਖਿਆਲਾਂ ਦਾ ਏ, ਬਲਕਿ ਏਸ ਲਈ ਕਿ ਏਥੇ ਕੰਮ ਕਰਨ ਆਲੀ ਸੁਆਣੀਆਂ ਨੂੰ ਹਰ ਕੋਈ ਗਸ਼ਤੀ ਸਮਝਦਾ ਏ। ਜੱਦੋਂ ਮੈਂ ਕੰਮ ਕਰਨ ਦੀ ਗੱਲ ਕੀਤੀ ਤੇ ਓਹਨੂੰ ਏ ਮਸਲਾ ਨਹੀਂ ਸੀ ਕਿ ਮੈਂ ਕੋਈ ਗਲਤ ਕੰਮ ਕਰਾਂਗੀ, ਓਹਨੂੰ ਏ ਮਸਲਾ ਸੀ ਬਈ ਲੋਕੀ ਕੀਹ ਕਹਿਣਗੇ। ਤੇ ਏ ਮਸਲਾ ਸਿਰਫ਼ ਓਹਨੂੰ ਈ ਨਹੀਂ ਸੀ ਸਾਬ, ਮੈਨੂੰ ਵੀ ਸੀ। ਤੈਨੂੰ ਮੈਂ ਕੀ ਦੱਸਾਂ ਸਾਬ ਲੋਕੀ ਮੈਨੂੰ ਵੀ ਕਿੰਞ ਕਿੰਞ ਦੀਆਂ ਗੱਲਾਂ ਕਰਦੇ ਨੇਂ। ਬੰਦੇ ਤੇ ਬੰਦੇ, ਸੁਆਣੀਆਂ ਵੀ ਕੀਹ ਕੀਹ ਮੇਹਣੇ ਨਹੀਂ ਮਾਰਦੀਆਂ। ਹਰ ਗੱਲ ਤੇ ਕਹਿੰਦੀਆਂ ਨੇਂ ਕਿ ਮੈਂ ਕੰਜਰੀ ਆਂ। ਤੇ ਬੰਦੇ? ਬੰਦੇ ਤੇ ਸਾਬ ਮੈਨੂੰ ਐਂਜ ਵੇਖਦੇ ਨੇਂ ਜਿਸਰਾ ਮੈਂ ਹਲਾਲ ਕਮਾਣ ਦਫ਼ਤਰ ਨਹੀਂ ਬੈਠੀ, ਮੁਜਰਾ ਕਰਨ ਕੋਠੇ ਤੇ ਬੈਠੀ ਆਂ। ਤੇ ਸਾਬ ਕਿਊਂਜੇ ਓਹ ਆਪਣੀਆਂ ਸੁਆਣੀਆਂ ਬਾਹਰ ਨਹੀਂ ਕੱਢਦੇ ਏਸ ਲਈ ਓਹਨਾਂ ਕੋਈ ਭਾਰ ਵੀ ਨਹੀਂ। ਹਰ ਬੰਦਾ ਤਮਾਸ਼ਬੀਨ ਬਣਿਆ ਫਿਰਦਾ ਏ। ਦਫ਼ਤਰਾਂ ਇਚ ਏਸ ਤਰ੍ਹਾਂ ਮੈਨੂੰ ਵੇਖਦੇ ਨੇਂ ਜਿਸਰਾ ਭੁੱਖਾ ਕੁੱਤਾ ਹੱਡੀ ਨੂੰ ਵੇਖਦਾ ਏ। ਤੇ ਐਂਜ ਐਂਜ ਦੀਆਂ ਜ਼ੂ ਮੀਨੀ ਗੰਦੀਆਂ ਗੱਲਾਂ ਕਰਦੇ ਨੇਂ ਕਿ ਰੱਤ ਮੇਰੇ ਸਿਰ ਤੇ ਚੜ੍ਹ ਜਾਂਦਾ ਏ ਸਾਬ। ਮੈਂ ਸੋਚਣੀ ਆਂ ਜੇ ਕਿੱਥੇ ਮੇਰਾ ਖੋਵੰਦ ਕਦੀ ਓਸ ਵੇਲੇ ਆ ਕੇ ਏਹ ਗੱਲਾਂ ਸੁਣ ਲਵੇ ਤੇ ਮੈਨੂੰ ਵੀ ਮਾਰ ਸੁੱਟੇ ਤੇ ਆਪ ਵੀ ਖੁਦਕੁਸ਼ੀ ਕਰ ਲਵੇ। ਤੇ ਜੇ ਐਂਜ ਕਦੀ ਹੋ ਗਿਆ ਨਾ ਸਾਬ, ਤੇ ਮੈਂ ਓਹਨੂੰ ਆਪਣਾ ਖੂਨ ਮੁਆਫ਼ ਕਰ ਛੱਡਣਾ ਏ। ਓਹ ਮੈਨੂੰ ਮਾਰਨ ਇਚ ਹੱਕ ਬਜਾਨਬ ਹੋਵੇਗਾ ਸਾਬ। ਮੈਂ ਓਹਨੂੰ ਏਹ ਜ਼ਰੂਰ ਆਖਾਂਗੀ ਕਿ ਮੈਨੂੰ ਮਾਰਨ ਤੋਂ ਪਹਿਲਾਂ ਸਾਰੇ ਤਮਾਸ਼ਬੀਨਾਂ ਨੂੰ ਮੇਰੀਆਂ ਅੱਖਾਂ ਸਾਹਮਣੇ ਮਾਰੇ। ਪਰ ਓਹ ਨਹੀਂ ਮਾਰ ਸਕਦਾ ਸਾਬ। ਇੱਕ ਤੇ ਓਹ ਮਾੜਾ ਏ, ਤੇ ਦੂਜਾ ਕਿੰਨੂੰ ਕਿੰਨੂੰ ਮਾਰੇਗਾ ਵਿਚਾਰਾ। ਏਥੇ ਤੇ ਹਰ ਕੋਈ ਤਮਾਸ਼ਬੀਨ ਏ। ਪਰ ਮੈਂ ਕੀਹ ਕਰਾਂ ਸਾਬ, ਘਰ ਨਹੀਂ ਚੱਲਦਾ ਨੌਕਰੀ ਬਿਨਾਂ। ਬੱਚੇ ਚੰਗੇ ਸਕੂਲਾਂ ਇਚ ਪੜ੍ਹਾਣੇ ਨੇਂ, ਓਹਨਾਂ ਦਾ ਮੁਸਤਕਬਿਲ ਸਵਾਰਨਾ ਏ ਤੇ ਪੀਹੇ ਚਾਹੀਦੇ ਨੇਂ। ਕਿੱਥੋਂ ਆਣਗੇ ਪੀਹੇ ਸਾਬ? ਮਾੜੇ ਘਰ ਇਚ ਹਲਾਲ ਦੇ ਪੀਹੇ ਕਿੱਥੋਂ ਆਣਗੇ?

ਏ ਨੌਕਰੀ ਮੈਂ ਨਹੀਂ ਛੱਡ ਸਕਦੀ ਸਾਬ। ਮੇਰਾ ਬੌਸ ਕਿਸੇ ਸ਼ਰੀਫ਼ ਮਾਂ ਪਿਓ ਦਾ ਏ। ਓਹਦੇ ਹੁੰਦੇ ਕਿਸੇ ਦੀ ਮਜਾਲ ਨਹੀਂ ਜੋ ਮੇਰੇ ਨਾਲ ਕੋਈ ਉੱਤੇ ਥੱਲੇ ਕਰ ਜਾਵੇ। ਏ ਨੌਕਰੀ ਮੈਨੂੰ ਬੜੀ ਪਿਆਰੀ ਏ ਸਾਬ। ਚੁੱਪ ਕਰ ਜਾ ਸਾਬ, ਤੈਨੂੰ ਰੱਬ ਦਾ ਵਾਸਤਾ ਏ ਚੁੱਪ ਕਰ ਜਾ, ਮੇਰੀ ਨੌਕਰੀ ਦਾ ਤੇ ਨਾ ਲਾ।

ਓਹਨੇ ਘੁੱਟੀ ਘੁੱਟੀ ਵਾਜ ਇਚ ਓਹਨੂੰ ਕਿਹਾ ‘ਸਰ ਪਲੀਜ਼ ਤੁਸੀ ਉੱਚੀ ਨਾ ਬੋਲੋ। ਮੈਂ ਜੋ ਕੁੱਝ ਕਰ ਸਕਣੀ ਆਂ ਤੁਹਾਡੇ ਲਈ ਕਰਾਂਗੀ। ‘

ਕੁੜੀ ਦਾ ਉੜਿਆ ਹੋਇਆ ਰੰਗ ਵੇਖ ਕੇ ਓਹ ਜ਼ਰਾ ਕੂ ਨਿੰਮਾ ਪੈ ਗਿਆ। ‘ਮਿਸ ਕੁੱਝ ਕਰੋ। ਮੇਰਾ ਅੱਜ ਤੁਹਾਡੇ ਬੌਸ ਨੂੰ ਮਿਲਣਾ ਬੁਹਤ ਜ਼ਰੂਰੀ ਏ।‘

ਸਰ ਮੈਂ ਕੁੱਝ ਕਰਨੀ ਆਂ। ਪਰ ਪਲੀਜ਼ ਤੁਸੀ ਉੱਚਾ ਨਾ ਬੋਲੋ। ਕਿਸੇ ਨੇ ਮੇਰੀ ਸ਼ਕੈਤ ਕਰ ਦਿੱਤੀ ਤੇ ਮੇਰੀ ਨੌਕਰੀ ਚਲੀ ਜਾਏਗੀ।‘ ਓਹ ਤਕਰੀਬਨ ਰੋਣਹਾਕੀ ਹੋ ਗਈ।

ਅੱਛਾ ਅੱਛਾ‘ ਕੁੜੀ ਦਾ ਮੂੰਹ ਵੇਖ ਕੇ ਓਹ ਬਿਲਕੁਲ ਈ ਢੇਹ ਪਿਆ ‘ਮੈਂ ਨਹੀਂ ਉੱਚਾ ਬੋਲਦਾ ਮਿਸ, ਪਰ ਪਲੀਜ਼ ਕੁੱਝ ਕਰੋ, ਏ ਬੜਾ ਜ਼ਰੂਰੀ ਏ।‘

ਕੁੜੀ ਨੇ ਓਹਨੂੰ ਕਿਹਾ ਕਿ ਓਹ ਸਾਹਮਣੇ ਬਹਿ ਜਾਏ ਤੇ ਓਹ ਕੁੱਝ ਕਰਦੀ ਏ। ਓਹ ਜਾ ਕੇ ਬਹਿ ਗਿਆ ਤੇ ਕੁੜੀ ਸੋਚਣ ਲੱਗ ਪਈ ਕੇ ਓਹ ਕੀਹ ਕਰੇ। ਓਹ ਕੁੱਝ ਵੀ ਨਹੀਂ ਕਰ ਸਕਦੀ ਸੀ, ਪਰ ਓਹਨੂੰ ਡਰ ਸੀ ਕਿ ਜੇ ਸਾਬ ਨੇ ਸ਼ੋਰ ਪਾ ਦਿੱਤਾ ਤੇ ਓਹਦੀ ਨੌਕਰੀ ਖਤਰੇ ਇਚ ਨਾ ਪੈ ਜਾਵੇ। ਏਸੇ ਫਿਕਰਾਂ ਇਚ ਸੀ ਕਿ ਬੂਹਾ ਖੁੱਲ੍ਹਿਆ ਤੇ ਗੋਰੇ ਚਲੇ ਗਏ। ਕੁੜੀ ਨੇ ਸੁੱਖ ਦਾ ਸਾਹ ਲਿਆ ਤੇ ਸਾਬ ਦੇ ਗੱਲਾਂ ਤੇ ਵੀ ਲਾਲੀ ਆ ਗਈ।

ਬੌਸ ਨੇ ਗੋਰਿਆਂ ਨੂੰ ਵਿਦਾ ਕਰਦਿਆਂ ਓਹਨੂੰ ਵੇਖ ਲਿਆ ਸੀ ਤੇ ਓਹਨੇ ਵੀ ਫਟਾ ਫਟ ਮਾੜੀ ਜੇਹੀ ਮੁਸਕਾਨ ਨਾਲ ਸਿਰ ਮਾਰ ਕੇ ਬੌਸ ਨੂੰ ਸਲਾਮ ਚਾ ਕੀਤਾ ਸੀ। ਤੇ ਓਹਨੂੰ ਐਂਜ ਲੱਗਿਆ ਸੀ ਜਿਸਰਾ ਬੌਸ ਨੇ ਵੀ ਅੱਖਾਂ ਈ ਅੱਖਾਂ ਇਚ ਓਹਨੂੰ ਸਲਾਮ ਦਾ ਜਵਾਬ ਦੇ ਦਿੱਤਾ ਹੋਵੇ। ਹੁਣ ਓਹ ਵੀ ਇਤਮੀਨਾਨ ਨਾਲ ਬੈਠਾ ਸੀ ਤੇ ਕੁੜੀ ਵੀ ਖੁਸ਼ੀ ਖੁਸ਼ੀ ਆਪਣੇ ਕੰਪਿਊਟਰ ਤੇ ਟਾਈਪਿੰਗ ਕਰਦੀ ਸੀ ਪਈ।

ਥੋੜ੍ਹੀ ਦੇਰ ਬਾਅਦ ਈ ਬੌਸ ਨੇ ਓਹਨੂੰ ਅੰਦਰ ਸੱਦ ਲਿਆ। ਓਹ ਛੇਤੀ ਛੇਤੀ ਆਪਣੀਆਂ ਫਾਈਲਾਂ ਸੰਭਾਲਦਾ ਬੌਸ ਦੇ ਕਮਰੇ ਵੱਲ ਏਸਰਾ ਭੱਜਿਆ ਜਿਸਰਾ ਓਹਨੂੰ ਦੋ ਮਿੰਟ ਦੇਰ ਹੋ ਗਈ ਤੇ ਬੌਸ ਬਾਰੀ ਥਾਣੀ ਨੱਸ ਜਾਏਗਾ। ਬੌਸ ਕੁੱਝ ਚੰਗੇ ਮੂਡ ਇਚ ਨਹੀਂ ਸੀ। ਲੱਗਦਾ ਏ ਗੋਰੇ ਓਹਨੂੰ ਫੰਡ ਕੇ ਗਏ ਨੇਂ, ਓਹਨੇ ਸੋਚਿਆ ਤੇ ਦਿਲ ਈ ਦਿਲ ਇਚ ਜ਼ਰਾ ਕੂ ਹੱਸਿਆ। ਪਰ ਉੱਤੋਂ ਆਪਣੇ ਮੂੰਹ ਦੇ ਸਾਰੇ ਪੱਠੇ ਖਿੱਚ ਕੇ ਰੱਖੇ ਕਿਊਂਜੇ ਬੌਸ ਨੂੰ ਭਿਣਕ ਵੀ ਪੈ ਜਾਂਦੀ ਕੇ ਓਹ ਅੰਦਰੋ ਅੰਦਰ ਓਹਦਾ ਤਵਾ ਪਿਆ ਲਾਉਂਦਾ ਏ ਤੇ ਓਹਦੀ ਪ੍ਰਪੋਜ਼ਲ ਤੇ ਗਈ ਸੀ ਫੱਟੇ ਤੇ। ਓਹਨੇ ਕੁਰਸੀ ਤੋਂ ਚੂਤੜ ਚੁੱਕ ਕੇ ਬੜੀ ਤਮੀਜ਼ ਨਾਲ ਆਪਣੇ ਕਾਗਜ਼ ਬੌਸ ਦੇ ਸਾਹਮਣੇ ਰੱਖੇ ਤੇ ਮੁੜ ਵਾਹਵਾ ਮੌਦਬ ਹੋ ਕੇ ਕੁਰਸੀ ਤੇ ਬਹਿ ਗਿਆ। ਬੌਸ ਨੇ ਹਿੱਲੇ ਜੁੱਲੇ ਬਗੈਰ ਅਵਾਜ਼ਾਰੀ ਨਾਲ ਕਾਗਜ਼ਾਂ ਤੇ ਨਜ਼ਰ ਪਾਈ।

ਏਹ ਤੇ ਤੁਸਾਂ ਪਿੱਛਲੇ ਹਫ਼ਤੇ ਲਿਆਣੀ ਸੀ।‘ ਬਾਸ ਨੇ ਨੱਕ ਚੜ੍ਹਾ ਕੇ ਕਿਹਾ। ਤੇ ਨਾਲ ਈ ਸਾਬ ਦਾ ਤਰਾ ਨਿਕਲ ਗਿਆ।

ਜੀ ਜਨਾਬ। ਪਰ ਮੈਂ ਤੁਹਾਨੂੰ ਫ਼ੋਨ ਕਰ ਕੇ ਦੱਸ ਦਿੱਤਾ ਸੀ ਕਿ ਕੰਮ ਬੁਹਤ ਜ਼ਿਆਦਾ ਏ ਏਸ ਲਈ ਥੋੜ੍ਹੀ ਕੂ ਜਿੰਨੀ ਦੇਰ ਹੋ ਜਾਵੇਗੀ।‘ ਓਹਨੇ ਖ਼ੌਫ਼ ਨਾਲ ਭਰੀਆਂ ਅੱਖਾਂ ਨਾਲ ਬੌਸ ਦੇ ਤਾਸੁਰਾਤ ਵੇਖਦੇ ਹੋਏ ਕਿਹਾ। ਤੇ ਜਦੋਂ ਬੌਸ ਨੇ ਨਾ ਅੱਗੋਂ ਹਾਂ ਨਾ ਕੀਤੀ ਤੇ ਨਾ ਈ ਕਾਗਜ਼ ਫੜੇ ਤੇ ਓਹਦਾ ਦਿਲ ਚੱਲਦੇ ਚੱਲਦੇ ਇੱਕ ਧੜਕਨ ਖਾ ਗਿਆ।

ਮੈਂ ਬੜੀ ਮਿਹਨਤ ਨਾਲ ਪ੍ਰਪੋਜ਼ਲ ਤਿਆਰ ਕੀਤੀ ਏ ਜਨਾਬ। ਤੁਹਾਨੂੰ ਤੇ ਪਤਾ ਈ ਏ ਦਿਮਾਗ਼ੀ ਕੰਮ ਇਚ ਥੋੜ੍ਹੀ ਬੋਹਤੀ ਦੇਰ ਸਵੇਰ ਹੋ ਜਾਂਦੀ ਏ۔۔۔۔ਕਦੀ ਕਦਾਰ।‘

ਜਦੋਂ ਹੁਣ ਵੀ ਬੌਸ ਕੁੱਝ ਨਾ ਬੋਲਿਆ ਤੇ ਓਹ ਡਾਢਾ ਡਰ ਗਿਆ। ਓਹਦਾ ਜੀ ਕੀਤਾ ਓਹ ਛਾਲ ਮਾਰ ਕੇ ਮੇਜ਼ ਤੇ ਜਾ ਚੜ੍ਹੇ ਤੇ ਬੌਸ ਦਾ ਮੂੰਹ ਫੜ ਕੇ ਕਾਗਜ਼ਾਂ ਤੇ ਮਾਰੇ। ਫੇਰ ਇੱਕ ਇੱਕ ਕਾਗਜ਼ ਫੜ ਕੇ ਬੌਸ ਦੇ ਮੂੰਹ ਅੱਗੇ ਕਰੇ ਤੇ ਓਹਨੂੰ ਕਹੇ ਕਿ ਪੜ੍ਹ ਤੇ ਲੈ। ਤੈਨੂੰ ਨਹੀਂ ਪਤਾ ਮੈਂ ਏਨਾਂ ਤੇ ਕਿੰਨੀ ਮਗਜ਼ਮਾਰੀ ਕੀਤੀ ਏ। ਤੇ ਜਦੋਂ ਤੀਕਰ ਏਹਨਾਂ ਨੂੰ ਪੜ੍ਹੀਂਗਾ ਨਹੀਂ ਤੈਨੂੰ ਕਿਸਰਾ ਪਤਾ ਚੱਲੇਗਾ ਬਈ ਮੈਂ ਬਣਾ ਕੇ ਕੀਹ ਲਿਆਇਆ ਵਾਂ। ਤੈਨੂੰ ਰੱਬ ਦਾ ਵਾਸਤਾ ਏ ਬੌਸਾ, ਏਹਨਾਂ ਨੂੰ ਪੜ੍ਹ। ਮੈਨੂੰ ਪੱਕ ਏ ਕਿ ਮੇਰੀ ਪ੍ਰਪੋਜ਼ਲ ਤੈਨੂੰ ਬੁਹਤ ਪਸੰਦ ਆਏਗੀ। ਏਹਨੂੰ ਪੜ੍ਹ ਕੇ ਪਾਸ ਕਰ ਬੌਸ, ਮੇਰੀ ਪੱਗ ਤੇਰੇ ਹੱਥ ਇਚ ਏ।

ਮੇਰਾ ਬੜਾ ਸ਼ਾਨਦਾਰ ਘਰ ਮੇਰਾ ਆਪਣਾ ਨਹੀਂ, ਕਰਾਏ ਦਾ ਏ। ਅਸੀ ਬਸ ਚਾਰ ਈ ਜੀ ਆਂ ਤੇ ਸਾਨੂੰ ਪੰਜ ਮਰਲੇ ਦਾ ਘਰ ਵੀ ਬੋਹਤਾ ਏ। ਪਰ ਫੇਰ ਵੀ ਮੈਂ ਪੂਰੇ ਕਨਾਲ ਦਾ ਘਰ ਸਿਰ ਤੇ ਚੁੱਕੀ ਫਿਰਨਾਂ ਵਾਂ। ਤੇ ਬੌਸ ਜੀ ਏਹ ਜੋਹਰ ਟਾਊਨ ਬੜਾ ਮਹਿੰਗਾ ਇਲਾਕਾ ਏ। ਮੈਂ ਅੰਦਰੂਨ ਸ਼ਹਿਰ ਜਾਂ ਫੇਰ ਠੋਕਰ ਤੋਂ ਅੱਗੇ ਜਾ ਕੇ ਵੀ ਘਰ ਲੈ ਸਕਦਾ ਸਾਂ। ਤੇ ਲੈਣਾ ਚਾਹੁੰਦਾ ਵੀ ਸਾਂ, ਕਿਊਂਜੇ ਓਥੇ ਕਰਾਏ ਬੜੇ ਘੱਟ ਨੇਂ। ਪਰ ਨਾ ਤੇ ਮੈਂ ਦੂਰ ਘਰ ਲਿਆ ਏ ਤੇ ਨਾ ਈ ਛੋਟਾ। ਮੈਨੂੰ ਕੋਈ ਸ਼ੋ ਮਾਰਨ ਦਾ ਸ਼ੌਕ ਨਹੀਂ ਬੌਸ। ਮੈਂ ਜਿੰਦੜੀ ਦੀ ਪੀੜ ਕੱਟ ਕੇ ਏਥੇ ਤੀਕਰ ਪਹੁੰਚਿਆ ਆਂ। ਮੇਰਾ ਪਿਓ ਸਰਕਾਰੀ ਦਫ਼ਤਰ ਇਚ ਚਪੜਾਸੀ ਸੀ। ਓਹਨੇ ਕਿਸਰਾ ਪੇਟ ਕੱਟ ਕੇ ਮੈਨੂੰ ਪੜ੍ਹਾਇਆ ਏ, ਏਹ ਮੇਰਾ ਦਿਲ ਜਾਂਦਾ ਏ। ਏ ਸ਼ੋ ਸ਼ਾ ਤੇ ਹਲਾਲ ਦੀ ਕਮਾਈ ਖਰਚ ਕਰਨ ਤੇ ਮੈਂ ਲਾਹਨਤ ਭੇਜਣਾਂ ਵਾਂ। ਪਰ ਕੀਹ ਕਰਾਂ, ਦਾਤਰ ਦੇ ਇੱਕ ਪਾਸੇ ਦੰਦੇ ਹੁੰਦੇ ਨੇਂ ਤੇ ਦੁਨੀਆ ਦੇ ਦੋ ਪਾਸੇ। ਮੈਂ ਜਦੋਂ ਕੰਮ ਸ਼ੁਰੂ ਕੀਤਾ ਤੇ ਮੈਂ ਅੰਦਰੂਨ ਭਾਟੀ ਗੇਟ ਰਹਿਣਾ ਸਾਂ ਤੇ ਬੱਸਾਂ ਰਿਕਸ਼ਿਆਂ ਤੇ ਫਿਰਨਾਂ ਸਾਂ। ਲੀੜਿਆਂ ਦਾ ਵੀ ਮੈਨੂੰ ਬੋਹਤਾ ਸ਼ੌਕ ਨਹੀਂ, ਬਸ ਚੱਜ ਦੇ ਪਾ ਲੈਣਾ ਸਾਂ। ਪਹਿਲਾਂ ਮੈਂ ਜਿੱਥੇ ਵੀ ਕੰਮ ਲੈਣ ਜਾਣਾ ਸਾਂ, ਕੋਈ ਮੈਨੂੰ ਲਿਫ਼ਟ ਈ ਨਹੀਂ ਕਰਾਂਦਾ ਸੀ। ਹੌਲੀ ਹੌਲੀ ਮੈਨੂੰ ਸਮਝ ਆਈ ਕਿ ਮੇਰੇ ਪੁਰਾਣੇ ਘੱਸੇ ਲੀੜੇ ਵੇਖ ਕੇ ਲੋਕੀ ਮੈਨੂੰ ਮਾੜਾ ਜਾਪਦੇ ਸਨ। ਤੇ ਮਾੜੇ ਡਾਢੇ ਬਾਰੇ ਤੇ ਤੁਹਾਨੂੰ ਪਤਾ ਈ ਹੋਵੇਗਾ ਬੌਸ, ਡਾਢਾ ਵੇਖ ਕੇ ਲੋਕਾਈ ਹਾਸਾ ਆਂਦਾ ਏ ਤੇ ਮਾੜਾ ਵੇਖ ਕੇ ਕੌੜ ਚੜ੍ਹਦਾ ਏ। ਫੇਰ ਮੈਂ ਜ਼ਰਾ ਕੂ ਆਪਣੇ ਨੂੰ ਸਮਝਾਇਆ ਕਿ ਏਹ ਤੇ ਦੁਨੀਆ ਦੀ ਪੁਰਾਣੀ ਰੀਤ ਏ, ਖਾਓ ਮਨ ਭਾਤਾ, ਪਾਓ ਜੱਗ ਭਾਤਾ।

ਕੁੱਝ ਕੰਮ ਮਿਲਣਾ ਸ਼ੁਰੂ ਹੋਇਆ ਤੇ ਮੈਂ ਉਤਾਂ ਨੂੰ ਛਾਲ ਮਾਰਨ ਦੀ ਕੋਸ਼ਿਸ਼ਾਂ ਕੀਤੀਆਂ। ਫੇਰ ਓਹੀ ਗੱਲ। ਬੱਸਾਂ ਰਿਕਸ਼ਿਆਂ ਤੇ ਸਫ਼ਰ ਕਰਨ ਆਲੇ ਨੂੰ ਉੱਚੀ ਕਲਾਸ ਦੇ ਲੋਕੀ ਕੀਹ ਸਮਝਦੇ ਸਨ। ਪਰ ਗੱਡੀ ਲੈਣ ਦਾ ਮੇਰਾ ਹੌਸਲਾ ਨਹੀਂ ਪਿਆ ਬੌਸ। ਇੱਕ ਤੇ ਮੈਨੂੰ ਗੱਡੀ ਦੀ ਉੱਕਾ ਈ ਕੋਈ ਲੋੜ ਨਹੀਂ ਸੀ, ਤੇ ਦੂਜਾ ਮੇਰੇ ਕੋਲ ਪੀਹੇ ਵੀ ਨਹੀਂ ਸਨ। ਪਰ ਜਦੋਂ ਮੈਂ ਇੱਕ ਦਫ਼ਤਰ ਇਚ ਲੋਕਾਂ ਨੂੰ ਗੱਲਾਂ ਪਏ ਕਰਦੇ ਸੁਣਿਆ ਕਿ ਲੀੜੇ ਤੇ ਲੋਕੀ ਲੰਡੇ ਤੋਂ ਵੀ ਲੈ ਕੇ ਪਾ ਲੈਂਦੇ ਨੇਂ, ਬੰਦੇ ਦਾ ਪਤਾ ਤੇ ਗੱਡੀ ਤੋਂ ਈ ਚੱਲਦਾ ਏ, ਤੇ ਮੈਂ ਢੇਹ ਪਿਆ। ਪਰ ਫੇਰ ਵੀ ਮੇਰਾ ਹੌਸਲਾ ਨਹੀਂ ਸੀ ਪੈ ਰਿਹਾ ਬੌਸ। ਮੈਂ ਆਪਣੀ ਵੋਹਟੀ ਨਾਲ ਗੱਲ ਕੀਤੀ, ਤੇ ਨਿੰਮਾ ਜੇਹਾ ਹੋ ਕੇ ਓਹਨੇ ਵੀ ਮੈਨੂੰ ਦੱਸਿਆ ਕਿ ਰਿਸ਼ਤੇਦਾਰ ਓਹਨੂੰ ਵੀ ਗੱਲਾਂ ਕਰਦੇ ਨੇਂ। ਓਹ ਵਿਚਾਰੀ ਮੈਨੂੰ ਮੂੰਹੋਂ ਤੇ ਨਾ ਕਹਿ ਸਕੀ, ਪਰ ਮੈਨੂੰ ਸਮਝ ਆਗਈ ਕਿ ਸ਼ਰੀਕੇ ਦੇ ਮੇਹਣਿਆਂ ਤੋਂ ਅੱਕ ਕੇ ਓਹ ਵੀ ਚਾਹੁੰਦੀ ਸੀ ਕਿ ਅਸੀਂ ਗੱਡੀ ਲੈ ਲਈਏ। ਤੇ ਫੇਰ ਬੌਸ, ਮੈਂ ਬੈਂਕ ਤੋਂ ਗੱਡੀ ਲੀਜ਼ ਕਰਾ ਲਈ। ਹੋਰ ਕੀਹ ਕਰਦਾ? ਕਿੱਥੋਂ ਲਿਆਂਦਾ ਏਨੇ ਪੀਹੇ? ਹੁਣ ਮੇਰੇ ਦਿਲ ਤੇ ਚੌਖਾ ਬੋਝ ਪੈ ਗਿਆ ਬੌਸ। ਇੱਕ ਤੇ ਹਰ ਮਹੀਨੇ ਗੱਡੀ ਦੀ ਕਿਸ਼ਤ ਕੱਢਣੀ ਪੈ ਗਈ, ਤੇ ਦੂਜਾ ਏ ਖ਼ੌਫ਼ ਕਿ ਜੇ ਹੁਣ ਕਿਸ਼ਤਾਂ ਨਾ ਦੇ ਸਕਿਆ ਤੇ ਇੱਕ ਪਾਸੇ ਪੀਹੇ ਦਾ ਨੁਕਸਾਨ ਕਿਊਂਜੇ ਗੱਡੀ ਬੈਂਕ ਆਲੇ ਖੋ ਕੇ ਲੈ ਜਾਣਗੇ, ਤੇ ਦੂਜੇ ਪਾਸੇ ਸ਼ਰੀਕੇ ਇਚ ਖਾਮਖਾਹ ਦਾ ਮਖੌਲ ਬਣ ਜਾਵੇਗਾ ਕਿ ਬੜੇ ਗੱਡੀ ਆਲੇ ਸਾਬ ਬਣੇ ਫਿਰਦੇ ਸਨ, ਆਗਏ ਫੇਰ ਔਕਾਤ ਤੇ।

ਪਰ ਗੱਡੀ ਨੇ ਆਪਣਾ ਜਾਦੂ ਵਖਾਇਆ ਬੌਸ। ਇੱਕ ਤੇ ਸ਼ਰੀਕੇ ਇਚ ਸਾਡੀ ਵਾਹ ਵਾਹ ਹੋ ਗਈ, ਉੱਤੋਂ ਬੁੱਢੀ ਵੀ ਖੁਸ਼। ਤੇ ਦੂਜੇ ਪੱਲੇ ਜਦੋਂ ਮੈਂ ਦਫ਼ਤਰਾਂ ਇਚ ਜਾ ਕੇ ਕਾਗਜ਼ਾਂ ਨਾਲ ਆਪਣੀ ਨਵੀਂ ਗੱਡੀ ਦੀ ਚਾਬੀ ਰੱਖਣਾ ਸਾਂ ਤੇ ਓਹ ਮੇਰੇ ਕਾਗਜ਼ਾਂ ਤੋਂ ਜ਼ਿਆਦਾ ਗ਼ੌਰ ਨਾਲ ਮੇਰੀ ਗੱਡੀ ਦੀ ਚਾਬੀ ਵੱਲ ਵੇਖਦੇ ਸਨ। ਈਮਾਨੀ ਗੱਲ ਤੇ ਏਹੋ ਏ ਬੌਸ, ਕਿ ਗੱਡੀ ਨੇ ਮੇਰਾ ਕਾਰੋਬਾਰ ਕਾਫ਼ੀ ਵਧਾ ਦਿੱਤਾ। ਹੁਣ ਮੈਨੂੰ ਸਮਝ ਆਈ ਕਿ ਦੁਨੀਆ ਤੇ ਖੇਡ ਈ ਸਾਰੀ ਸੱਜੀ ਵਖਾ ਕੇ ਖੱਬੀ ਮਾਰਨ ਦੀ ਏ। ਤੇ ਫੇਰ ਕੁੱਝ ਦੇਰ ਬਾਅਦ ਮੈਂ ਇੱਕ ਹੋਰ ਛਾਲ ਮਾਰਨ ਦਾ ਪ੍ਰਬੰਧ ਕੀਤਾ। ਲਾਹੌਰ ਦੇ ਇੱਕ ਪੌਸ਼ ਇਲਾਕੇ ਇਚ ਵੱਡਾ ਘਰ। ਜ਼ਿਆਦਾ ਕਰਾਏ ਆਲਾ। ਤੇ ਆਪਸ ਦੀ ਗੱਲ ਏ ਸਾਬ ਏਹ ਘਰ ਵੀ ਬੜਾ ਕਮਾਊ ਪੂਤ ਏ। ਏਹਦੀ ਵਜ੍ਹਾੋਂ ਵੀ ਲੋਕਾਂ ਨੇ ਮੈਨੂੰ ਵਾਹਵਾ ਕੰਮ ਦਿੱਤਾ ਏ। ਕਦੀ ਕਦੀ ਤੇ ਮੈਨੂੰ ਖਿਆਲ ਆਂਦਾ ਏ ਬੌਸ ਕਿ ਆਪਣੀ ਪੜ੍ਹਾਈ ਲਖਾਈ ਤੇ ਜ਼ਹਾਨਤ ਮਿਹਨਤ ਇੱਕ ਪਾਸੇ, ਤੇ ਏ ਗੱਡੀ ਘਰ ਦੀ ਸ਼ੋ ਸ਼ਾ ਦੂਜੇ ਪਾਸੇ ਰੱਖ ਕੇ ਜੇ ਮੈਂ ਸੱਚੀ ਗੱਲ ਕਰਾਂ ਤੇ ਗੱਡੀ ਘਰ ਨੇ ਮੈਨੂੰ ਜ਼ਿਆਦਾ ਕਮਾ ਕੇ ਦਿੱਤਾ ਏ।

ਪਰ ਹੁਣ ਮੈਂ ਇੱਕ ਸ਼ਿਕੰਜੇ ਇਚ ਫੱਸਿਆ ਪਿਆ ਆਂ। ਪਹਿਲਾਂ ਜੇ ਕਿਸੇ ਮਹੀਨੇ ਕਮਾਈ ਘੱਟ ਹੁੰਦੀ ਸੀ ਤੇ ਮੈਂ ਹਿਸਾਬ ਲਾਉਂਦਾ ਸਾਂ ਕਿ ਕਿਹੜਾ ਕਿਹੜਾ ਖਰਚਾ ਘੱਟ ਕਰ ਕੇ ਪੂਰੀ ਪੈ ਜਾਵੇਗੀ। ਪਰ ਹੁਣ ਨਹੀਂ ਬੌਸ। ਹੁਣ ਤੇ ਮੈਨੂੰ ਘੱਟ ਕਮਾਈ ਦੇ ਖਿਆਲ ਤੋਂ ਈ ਕੰਬਣੀ ਛਿੜ ਜਾਂਦੀ ਏ। ਜੇ ਕਿਸ਼ਤ ਨਾ ਗਈ ਤੇ ਗੱਡੀ ਜਾਵੇਗੀ, ਜੇ ਕਰਾਇਆ ਨਾ ਗਿਆ ਤੇ ਘਰ ਜਾਵੇਗਾ। ਏਹ ਨਹੀਂ ਕਿ ਮੈਂ ਏਹਨਾਂ ਬਿਨਾਂ ਮਰ ਜਾਵਾਂਗਾ, ਪਰ ਇੱਜ਼ਤ ਵੀ ਜਾਵੇਗੀ ਤੇ ਕਮਾਈ ਵੀ। ਏਸ ਮੁਆਸ਼ਰੇ ਇਚ ਮੇਰੀ ਵਰਥ ਮੇਰੇ ਗੁਣਾਂ ਵਜ੍ਹਾੋਂ ਨਹੀਂ ਬਲਕਿ ਮੇਰੀ ਏਸ ਸ਼ੋ ਸ਼ਾ ਵਜ੍ਹਾੋਂ ਏ। ਪਹਿਲਾਂ ਤੇ ਮੈਂ ਜ਼ਿਆਦਾ ਕੰਮ ਏਸ ਲਈ ਕਰਦਾ ਸਾਂ ਤਾਂ ਜ਼ਿਆਦਾ ਖਾਣ ਹੰਡਾਣ ਲਈ ਜ਼ਿਆਦਾ ਕਮਾਂ ਸਕਾਂ, ਪਰ ਹੁਣ ਮੈਂ ਏਸ ਲਈ ਜ਼ਿਆਦਾ ਕੰਮ ਕਰਨਾ ਵਾਂ ਕਿਊਂਜੇ ਕਮਾਈ ਘੱਟ ਹੋਣ ਦਾ ਮਤਲਬ ਏ ਸ਼ੋ ਸ਼ਾ ਗਈ। ਤੇ ਜੇ ਸ਼ੋ ਸ਼ਾ ਗਈ ਤੇ ਸਮਝੋ ਕਮਾਈ ਵੀ ਗਈ। ਮੈਨੂੰ ਐਂਜ ਜਾਪਦਾ ਏ ਜਿਸਰਾ ਮੈਂ ਮੌਤ ਦੇ ਖੂ ਵਿੱਚ ਮੋਟਰਸਾਈਕਲ ਚਲਾਂਦਾ ਆਂ। ਗੋਲੋ ਗੋਲ ਤੇ ਗੋਲੋ ਗੋਲ। ਉੱਤੇ ਥੱਲੇ ਹੋ ਸਕਨਾਂ ਵਾਂ, ਹੌਲੀ ਤੇਜ਼ ਵੀ ਹੋ ਸਕਨਾਂ ਵਾਂ, ਪਰ ਰੁੱਕ ਨਹੀਂ ਸਕਦਾ। ਰੁੱਕਿਆ ਤੇ ਸਮਝੋ ਗਿਆ। ਬੇੜਾ ਗਰਕ ਈ ਹੋ ਗਿਆ।

ਤੇ ਹੁਣ ਜੇ ਤੂੰ ਕਾਗਜ਼ ਵੇਖੇ ਬਿਨਾਂ ਈ ਬਾਹਰ ਚਲਾ ਗਿਆਂ ਤੇ ਮੇਰੇ ਕੰਮ ਦਾ ਕੀਹ ਬਣੇਗਾ? ਮੇਰੇ ਪੀਹਿਆਂ ਦਾ ਕੀਹ ਬਣੇਗਾ। ਮੇਰੀ ਗੱਡੀ, ਮੇਰੇ ਘਰ, ਮੇਰੀ ਬੁੱਢੀ ਦੀ ਖੁਸ਼ੀ, ਸ਼ਰੀਕੇ ਇਚ ਮੇਰੀ ਇੱਜ਼ਤ ਤੇ ਅੱਗੋਂ ਮੇਰੇ ਕੰਮ ਦਾ ਕੀਹ ਬਣੇਗਾ ਬੌਸ। ਤੁਹਾਨੂੰ ਰੱਬ ਦਾ ਵਾਸਤਾ ਜੇ ਏਸਰਾ ਮੈਨੂੰ ਬਰਬਾਦ ਨਾ ਕਰੋ।

ਸਰ, ਏਹ ਪਲੀਜ਼ ਵੇਖ ਤੇ ਲਵੋ‘ ਓਹਨੇ ਰੋਣਹਾਕਾ ਜੇਹਾ ਹੋ ਕੇ ਬੌਸ ਨੂੰ ਆਖਿਆ।

ਓਹਦੀ ਰੋਂਦੀ ਅਵਾਜ਼ ਸੁਣ ਕੇ ਸ਼ਾਇਦ ਬੌਸ ਨੂੰ ਤਰਸ ਆਗਿਆ।

ਅੱਛਾ, ਤੁਸੀ ਏਹ ਮੇਰੇ ਕੋਲ ਛੱਡ ਜਾਓ, ਮੈਂ ਵੇਖ ਲਵਾਂਗਾ‘ ਬੌਸ ਨੇ ਕਿਹਾ।

ਮਗਰ ਸਰ ਤੁਸੀ ਤੇ ਕੱਲ੍ਹ ਬਾਹਰ ਚਲੇ ਜਾਓਗੇ, ਮੇਰੀ ਪ੍ਰਪੋਜ਼ਲ ਦਾ ਕੀਹ ਹੋਵੇਗਾ?‘ ਓਹਦੇ ਮੂੰਹੋਂ ਜਿਸਰਾ ਗੱਲ ਫਿਸਲ ਜੇਹੀ ਗਈ। ਤੇ ਨਾਲ ਈ ਓਹ ਡਰ ਗਿਆ ਕਿੱਥੇ ਏ ਬਾਹਰ ਜਾਣ ਆਲੀ ਗੱਲ ਓਹਦੇ ਮੂੰਹੋਂ ਸੁਣ ਕੇ ਬੌਸ ਨੂੰ ਗੁੱਸਾ ਨਾ ਆ ਜਾਵੇ। ਤੇ ਇੱਕ ਮਿੰਟ ਵਾਸਤੇ ਸ਼ਾਇਦ ਬੌਸ ਨੂੰ ਕੌੜ ਚੜ੍ਹਿਆ ਵੀ, ਪਰ ਓਹਦਾ ਉੱਡਿਆ ਰੰਗ ਵੇਖ ਕੇ ਓਹ ਹੱਸ ਪਿਆ।

ਤੁਸੀ ਫਿਕਰ ਨਾ ਕਰੋ‘ ਓਹਨੇ ਮੁਸਕਾਂਦੇ ਕਿਹਾ, ‘ਮੈਂ ਜੀ ਐਮ ਸਾਬ ਨਾਲ ਗੱਲ ਕਰ ਲਈ ਹੋਈ ਏ, ਤੁਹਾਡੀ ਪ੍ਰਪੋਜ਼ਲ ਮੈਂ ਓਹਨਾਂ ਨੂੰ ਘੱਲ ਦਿਆਂਗਾ, ਓਹ ਵੇਖ ਕੇ ਤੁਹਾਡੇ ਨਾਲ ਕੁਆਰਡੀਨੇਟ ਕਰ ਲੈਣਗੇ‘।

ਦਫ਼ਤਰੋਂ ਬਾਹਰ ਨਿਕਲ ਕੇ ਆਪਣੇ ਸਮਾਰਟ ਫ਼ੋਨ ਦੀ ਸਮਾਰਟ ਐਪ ਤੋਂ ਓਬਰ ਟੈਕਸੀ ਮੰਗਾਂਦੇ ਓਹਨੂੰ ਬੌਸ ਤੇ ਏਹਨਾ ਪਿਆਰ ਪਿਆ ਆਂਦਾ ਸੀ ਕਿ ਓਹਦਾ ਜੀ ਕਰਦਾ ਸੀ ਵਾਪਸ ਜਾ ਕੇ ਓਹਦਾ ਮੂੰਹ ਚੁੰਮ ਲਵੋ।

 

No comments:

Post a Comment