Tuesday 23 February 2021

ਸਵੇਰ। ਕਹਾਣੀ

 ਸਵੇਰ

ਲੇਖਕ

ਮਖ਼ਦੂਮ ਟੀਪੂ ਸਲਮਾਨ




ਠੰਡ ਨਾਲ ਠਰ ਗਿਆ। 


ਟਬ ਵਿਚ ਤੱਤਾ ਪਾਣੀ ਭਰ ਕੇ ਫ਼ਟਾ ਫ਼ਟ ਲੀੜੇ ਲਾਹੇ, ਤੇ ਠਰ ਗਿਆ, ਠੰਡ ਨਾਲ। ਅਲੈਕਟ੍ਰਿਕ ਗੀਜ਼ਰ ਦੀ ਹੁਣ ਬਸ ਹੋ ਗਈ ਸੀ। ਆਪਣੀ ਲਾਲ ਬੱਤੀ ਬਾਲ ਕੇ ਔਹ ਪੈਪ ਵਿਚ ਠੰਡੇ ਪਾਣੀ ਦਾ ਮੂਤਰ ਕਰਣ ਲਗ ਪਿਆ ਸੀ। ਨਲ ਬੰਦ ਕਰ ਕੇ ਪਾਣੀ ਵਿਚ ਹਥ ਪਾਇਆ, ਤੱਤਾ ਸੀ। ਸ਼ਾਵਰ ਤੋਂ ਦੋ ਕੂ ਫ਼ੁਟ ਉੱਤੇ ਟੰਗੇ, ਨੀੱਕੀ ਬਾਲਟੀ ਜਿੱਨੇ ਐਸ ਚੀੱਟੇ ਆਂਡੇ ਨੂੰ ਘੂਰੀ ਕਰਾਈ। ਫ਼ਿਟੇ ਮੂੰਹ, ਵੱਡਾ ਗੀਜ਼ਰ ਬਣਾ ਫਿਰਦਾ ਏ।


ਕੁਝ ਵਾਧੂ ਈ ਤੱਤਾ ਏ, ਸਾੜ ਈ ਨਾ ਦਏ। ਥੋੜਾ ਠੰਡਾ ਪਾਣੀ ਨਾ ਪਾ ਲਵਾਂ?


ਐਹ ਸੋਚਦੇ ਔਹਨੇ ਨਲ ਤੇ ਹਥ ਪਾਇਆ। 

ਪ੍ਲਾਸਟਿਕ ਦਾ ਢੋਲ ਜਿਹਾ ਨਲ ਦਾ ਹੈਂਡਲ ਠੰਡਾ ਸੀ, ਪਰ ਔਹਨਾ ਠੰਡਾ ਨਈਂ ਜਿੱਨਾ ਸਰਾਮਿਕ ਦਾ ਸਿੰਕ। ਢੋਲ ਦੇ ਥੱਲੋਂ ਲੰਗਦੇ ਈ ਪੈਪ ਨੇ ਸਿਰ ਸੁਟ ਛੱਡਿਆ ਸੀ। ਪੈਪ ਦਾ ਪਛੋਕੜ ਕੰਧ ਨਾਲ ਲਗਦੇ ਈ ਉਤਾਂ ਨੂੰ ਨਸਦਾ ਸੀ, ਜਿਸਰਾਂ ਅਮੀਰ ਬਾਲਾਂ ਦੇ ਕੈਰੀਅਰ ਡਿਗਰੀਆਂ ਫੜਦੇ ਈ ਅਸਮਾਨਾਂ ਵਲ ਸ਼ੂਟ ਮਾਰ ਦੇਂਦੇ ਨੇਂ। ਪੁਰਾਣੇ ਘਰਾਂ ਦੇ ਵੀ ਆਪਣੇ ਈ ਭੰਬਲ ਭੂਸੇ ਹੋਂਦੇ ਨੇਂ। ਅੱਧੀ ਸਦੀ ਦਾ ਵੇਲਾ ਤੇ ਬੰਦੇ ਖਾ ਜਾਂਦਾ ਏ, ਪੈਪਾਂ ਵਿਚਾਰੀਆਂ ਕੋਲੋਂ ਕਿੱਥੇ ਝਲਨ ਹੋਂਦਾ ਏ। ਖ਼ਵਰੇ ਕਿੱਥੋਂ ਕਿੱਥੋਂ ਪਾਟ ਗਈਆਂ ਹੋਈਆਂ ਸਨ। ਗੈਸ ਦਾ ਗੀਜ਼ਰ ਲਵਾਇਆ ਸੀ, ਬੜੇ ਚਾਅ ਨਾਲ, ਬਈ ਐਸ ਵਾਰੀ ਠੰਡ ਵਿਚ ਵੌਹਟੀ ਨੂੰ ਉਬਲਦੇ ਪਾਣੀ ਦੀਆਂ ਬਾਲਟੀਆਂ ਨਾਂ ਚੁਕਣੀਆਂ ਪੈਣ। ਨਲ ਖੋਲੋ ਤੇ ਬਸ ਤੱਤਾ ਪਾਣੀ ਸ਼ੁਪੜ ਸ਼ੁਪੜ ਵੱਗਣ ਲਗ ਪਵੇ। ਸਾਰੇ ਸੁਫ਼ਣੇ ਧਰੇ ਦੇ ਧਰੇ ਰਹਿ ਗਏ। ਤਿਨ ਪ੍ਲੰਬਰ ਸੱਦੇ, ਦੋ ਤੇ ਨਿਰੇ ਨਲ ਈ ਸਣ, ਕਹਿ ਟੁਰੇ ਬਈ ਨਵੀਂ ਪੈਪਾਂ ਪੁਆਓ, ਹੋਰ ਕੋਈ ਉਪਾਏ ਨਈਂ। ਐੱਨੇ ਪੈਹੇ ਕਿੱਥੋਂ ਆਂਦੇ? ਪਹਿਲਾਂ ਈ ਗੀਜ਼ਰ ਤੇ ਕਿੱਨਾ ਪੈਹਾ ਉਜੜ ਗਿਆ ਸੀ। ਤੀਜਾ ਕਰੂ ਸੀ। ਔਹਨੇ ਟੈਂਕੀ ਤੋਂ ਇਕ ਨਵਾਂ ਪੈਪ ਕਢਿਆ ਤੇ ਉੱਤੋਂ ਉੱਤੇ ਈ ਸਿੱਧਾ ਔਹਨਾਂ ਦੇ ਗ਼ੁਸਲਖ਼ਾਨੇ ਲਿਆ ਕੇ ਮਾਰਿਆ। ਸਾਰੀਆਂ ਪੈਪਾਂ ਦਾ ਖ਼ਰਚਾ ਵੀ ਬਚ ਗਿਆ ਤੇ ਕੰਧਾਂ ਫ਼ਰਸ਼ਾਂ ਦੀ ਤੋੜ ਭਜ ਵੀ। 


ਫ਼ੇਰ ਜਦੋਂ ਐਹ ਅਲੈਕਟ੍ਰਿਕ ਆਂਡਾ ਲਵਾਇਆ ਤੇ ਐਂਜ ਟੈਂਸ ਸੀ ਜੀਵੇਂ ਦਸਵੀਂ ਦਾ ਨਤੀਜਾ ਆਣਾ ਹੋਵੇ। ਐਹ ਨਾ ਹੋਏ ਹੁਣ ਵੀ ਤੱਤਾ ਪਾਣੀ ਨਾ ਆਏ, ਪਿਛਲੇ ਪੈਹੇ ਵੀ ਖੁਸ ਜਾਣ ਤੇ ਐਹ ਆਲੇ ਵੀ। ਜਦ ਸ਼ੁਪੜ ਸ਼ੁਪੜ ਤੱਤਾ ਪਾਣੀ ਨਲ ਵਿੱਚੋਂ ਵਗਣ ਲੱਗਾ ਤੇ ਔਹਦਾ ਜੀ ਕੀਤਾ ਪ੍ਲੰਬਰ ਨੂੰ ਜੱਫੀ ਪਾਕੇ ਔਹਦੀ ਚੁੱਮੀ ਲੈਲਵੇ। ਔਸ ਰਾਤ ਔਹਨੇ ਵੌਹਟੀ ਨੂੰ ਬੜੀ ਜ਼ੋਰ ਦਾ ਯੱਧਿਆ। ਔਹਨੂੰ ਐਂਜ ਜਾਪਦਾ ਸੀ ਜੀਵੇਂ ਗ਼ੁਸਲਖ਼ਾਨੇ ਵਿਚ ਤੱਤਾ ਪਾਣੀ ਚਾਲੂ ਹੋਣ ਨਾਲ ਵੌਹਟੀ ਉੱਤੇ ਔਹਦੀ ਮਰਦਾਨਗੀ ਇਕ ਵਾਰੀ ਫ਼ੇਰ ਗਜ ਵਜ ਕੇ ਸਾਬਤ ਹੋਗਈ ਹੋਵੇ। 


ਹੁਣ ਮਸਲਾ ਐਹ ਹੋਇਆ ਕਿ ਅਲੈਕਟ੍ਰਿਕ ਗੀਜ਼ਰ ਸਭ ਤੋਂ ਨਿੱਕੇ ਸੈਜ਼ ਦਾ ਸੀ ਜਿਹਦੇ ਵਿਚ ਅੱਧਾ ਟਬ ਈ ਭਰ ਸਕਦਾ ਸੀ। ਜੇ ਪੂਰਾ ਟਬ ਭਰਨਾ ਹੋਏ ਤੇ ਅੱਧਾ ਭਰ ਕੇ ਦਸ ਮਿੰਟ ਉਡੀਕੋ, ਫ਼ੇਰ ਮੁੜ ਭਰੋ। ਪਰ ਐਹ ਦਸ ਮਿੰਟ ਆਂਡੇ ਗੀਜ਼ਰ ਦੇ ਸਿਰ ਉੱਤੇ ਈ ਖਲੋਣਾ ਪੈਂਦਾ ਸੀ। ਜੇ ਲਾਲ ਬੱਤੀ ਬੰਦ ਹੋਂਦੇ ਈ ਟਬ ਮੁੜ ਨਾ ਭਰੋ ਤੇ ਪਿਛਲਾ ਪਾਣੀ ਠਰ ਜਾਂਦਾ ਏ ਤੇ ਟਬ ਖ਼ਾਲੀ ਕਰਕੇ ਮੁੜ ਵੌਟਰ ਸਾਈਕਲ ਛੋਣੀ ਪੈਂਦੀ ਸੀ। 


ਦੋ ਵਾਰੀ ਭਰਨ ਨਾਲ ਟਬ ਉੱਤੋਂ ਤੀਕਰ ਭਰਿਆ ਸੀ, ਪਾਣੀ ਕਿੱਥੇ ਪੈਂਦਾ। ਨਲ ਤੇ ਪਾਇਆ ਹਥ ਖਿਚ ਲਿਆ।


ਠੰਡ ਭਾਰੋਂ ਹਥ ਛੇਤੀ ਕਰਦਾ, ਤੇ ਪਾਣੀ ਦੇ ਤੱਤ ਪੁਣੇ ਭਾਰੋਂ ਝਕਦਾ। ਮਿਸਿੰਗ ਕਰਦੀ ਮੋਟਰ ਵਾਂਗ ਡੋਂਗਾ ਟਬ ਵਿਚ ਡੋਬਿਆ। ਸੋਚਨ ਸਮਝਣ ਦਾ ਟੈਮ ਲੀੜੇ ਲਾਹਂਦੇ ਈ ਲੰਘ ਚੁਕਿਆ ਸੀ। ਛੇਤੀ ਛੇਤੀ ਸਿਰ ਉੱਤੇ ਡੋਂਗੇ ਉਲਟਾਈ ਗਿਆ। ਤੱਤੇ ਪਾਣੀ ਦੀ ਚੱਦਰ ਚੰਮੜੀ ਸਾੜਦੀ ਗ਼ੈਬ ਹੋ ਜਾਂਦੀ, ਜਾਂਦੇ ਜਾਂਦੇ ਚੰਮੜੀ ਦਾ ਹਥ ਫ਼ੇਰ ਠੰਡ ਨੂੰ ਫੜਾ ਜਾਂਦੀ। ਠੰਡ-ਸਾੜ ਠੰਡ-ਸਾੜ ਕਰਦੇ ਅੱਧਾ ਟਬ ਮੁਕ ਗਿਆ। ਨਾ ਸ਼ੈੰਪੂ ਕੀਤਾ ਸੀ, ਨਾ ਸਾਬਣ ਮਲੀ ਸੀ। ਹਿਕ ਅਤੇ ਕੰਡ ਉੱਤੇ ਝਗ ਮਲਦੇ ਫ਼ੇਰ ਠਰਨ ਲੱਗ ਪਿਆ। ਹੁਣ ਪਾਣੀ ਵੀ ਕੋਸਾ ਹੋ ਗਿਆ ਸੀ। ਰੁਕੂ ਇਚ, ਪੱਟਾਂ ਤੇ ਤੌਲੀਆ ਰਗੜਦੇ ਚੇਤੇ ਆਇਆ, ਦੰਦ ਤੇ ਮਾਂਝੇ ਈ ਨਈਂ। ਮਰ ਗਏ ਬਈ। ਗਿੱਲਾ ਤੌਲੀਆ ਈ ਵਲ੍ਹੇਟ ਕੇ ਛੇਤੀ ਛੇਤੀ ਦੰਦਾ ਤੇ ਬੁਰਸ਼ ਫੇਰਨ ਲਗ ਪਿਆ। ਦਫ਼ਤਰੋਂ ਵੀ ਦੇਰੀ ਨਾ ਹੋਜਾਏ। ਤੱਤੇ ਪਾਣੀ ਦੀਆਂ ਸਾੜਨੀਆਂ ਨੇ ਖਲ, ਠੰਡ ਤੋਂ ਹੋਰ ਵੀ ਸੈਨਸਿਟਿਵ ਕਰ ਛੱਡੀ ਸੀ। ਔਹ ਹੁਣ ਕੰਬਣ ਈ ਲਗ ਪਿਆ।


ਬੂਹੇ ਤੇ ਠਾਹ ਠਾਹ ਹੋਈ। ਠੰਡ ਨਾਲ ਟੈਨਸ਼ਨ ਵੀ ਰਲ ਗਈ। ਖੈ਼ਰ ਹੋਏ ਸਹੀ। ਬੁਰਸ਼ ਮਾਰਦੇ ਦਾ ਧਿਆਨ ਬੇਸਨ ਉੱਤੇ ਲੱਗੇ ਹਨੇਰੇ ਜਏ ਗੋਲ ਸ਼ੀਸ਼ੇ ਤੋਂ ਉਡਾਰੀ ਮਾਰ ਕੇ ਬੂਹੇ ਨਾਲ ਜਾ ਲਗਿਆ। ਪੰਜ ਕੂ ਸਕਿੰਡ ਲੰਗ ਗਏ। ਨਾ ਕੋਈ ਵਾਜ ਆਈ, ਨਾ ਈ ਬੂਹਾ ਮੁੜ ਖੜਕਿਆ। ਬੁਰਸ਼ ਦੰਦਾ ਇਚ ਫੜ ਕੇ ਝਗ ਭਰੇ ਮੂੰਹ ਨਾਲ "ਕੌਣ ਏ" ਦੀ ਮਾੜੀ ਜਈ ਵਾਜ ਵੀ ਮਾਰੀ। ਕੋਈ ਜਵਾਬ ਨਾ ਆਇਆ। ਪਰਿਸ਼ਾਨ ਹੋ ਕੇ ਮੂੰਹ ਦੀ ਖੁਡ ਇਚ ਤੇਜ਼ ਤੇਜ਼ ਬੁਰਸ਼ ਮਾਰਨ ਲਗ ਪਿਆ। ਠੰਡ ਦੇ ਟੌਰਚਰ, ਦਫ਼ਤਰ ਜਾਣ ਦੀ ਕਾਹਲ, ਤੇ ਗ਼ੁਸਲਖ਼ਾਨੇ ਦੇ ਬਾਹਰ ਦੀ ਪਰਿਸ਼ਾਨੀ ਵਿਚ ਬੁਰਸ਼ ਮਸੂੜ੍ਹੇ ਤੇ ਜਾ ਵਜ੍ਹਿਆ। ਪੀੜ ਦੇ ਜ਼ੋਰ ਨੇ ਹਥ ਡਕ ਲਿਆ। ਬਘਿਆੜ ਦੰਦਾਂ ਦੀਆਂ ਜੜਾਂ ਐਨਿਆਂ ਨਾਜ਼ੁਕ ਕਿਓਂ ਹੋਂਦੀਆਂ ਨੇਂ? ਪੀੜ ਤੇ ਕੌੜ ਨਾਲ ਬੂਥਾ ਸੁਕੜ ਗਿਆ। ਜੀ ਕੀਤਾ ਹਲ੍ਕ ਵਾਂਗ ਮੁੱਕਾ ਮਾਰ ਕੇ ਬੇਸਨ ਟੋਟੇ ਟੋਟੇ ਕਰ ਦਵੇ।


ਬੂਹਾ ਫ਼ੇਰ ਖੜਕਿਆ। ਔਹਨੂੰ ਪੀੜ ਭੁਲ ਗਈ। ਰਬ ਖ਼ੈਰ ਕਰੇ। ਬਾਹਰ ਡਾਕੂ ਤੇ ਨਈਂ ਆਵੜੇ? ਇਕ ਵਾਰੀ ਅਖ਼ਬਾਰ ਵਿਚ ਸੁਬਾਹ ਸਵੇਰ ਦੇ ਡਾਕੇ ਦੀ ਖ਼ਬਰ ਪੜ੍ਹੀ ਸੀ। ਔਸ ਵੇਲੇ ਸਭ ਨੂੰ ਕੰਮਾਂ ਤੇ ਜਾਣ ਦੀ ਪਈ ਹੋਂਦੀ ਏ, ਕੋਈ ਬੌਹਤਾ ਧਿਆਨ ਨਈਂ ਦੇਂਦਾ ਬਈ ਕੋਣ ਕਹਿੜੇ ਘਰ ਵੜਦਾ ਪਿਆ ਏ, ਤੇ ਨਾ ਈ ਆਪਣੇ ਬੂਹੇ ਵਲ ਲੋਕਾਂ ਦਾ ਧਿਆਨ ਹੋਂਦਾ ਏ। ਕੰਮ ਵਾਲੀ ਮਾਸੀ ਲਈ ਵੌਹਟੀ ਸਵੇਰੇ ਈ ਬੂਹਾ ਖੋਲ ਦੇਂਦੀ ਏ। ਯਾਂ ਫ਼ੇਰ ਨਾਸ਼ਤਾ ਬਣਾਦੇ ਵੌਹਟੀ ਨੂੰ ਕਰੰਟ ਨਾ ਲਗ ਗਿਆ ਹੋਵੇ। ਛੇਤੀ ਵਿਚ ਤੇ ਬਿਲਕੁਲ ਟੀਨਏਜਰਾਂ ਵਾਂਗ ਵਾਅਵਰੋਲੀ ਹੋ ਜਾਂਦੀ ਏ। ਯਾਂ ਡਿਗ ਨਾ ਪਈ ਹੋਏ। ਬਾਲੜੀ ਦੇ ਸੀ ਸੈਕਸ਼ਨ ਪੀੱਛੋਂ ਕਮਰ ਦਾ ਵੀ ਮਸਲਾ ਈ ਰਹਿਣ ਲਗ ਪਿਆ ਸੀ, ਖ਼ਾਸ ਕਰਕੇ ਠੰਡ ਵਿਚ।


ਪਾਪਾ! 

ਐਸ ਵਾਰੀ ਨਿੱਮ੍ਹੀ ਜਈ ਵਾਜ ਔਹਦੇ ਕੱਨੀ ਪਈ। ਔਹ ਰੀਲੈਕ੍ਸ ਕਰ ਗਿਆ। ਬਾਲੜੀ ਦੀ ਵਾਜ ਘਬਰਾਈ ਨਈਂ ਸੀ ਜਾਪਦੀ। 

ਪਾਪਾ! ਮੇਰੀ ਗੁੱਡੀ ਕਿੱਥੇ? 


ਸਵੇਰੇ ਵੌਹਟੀ ਔਹਦੇ ਬੁਲ੍ਹ ਚੁਮ ਕੇ ਚਾਅ ਬਣਾਨ ਗਈ ਤੇ ਔਹ ਵੀ ਉਠੱਣ ਲੱਗਾ। ਬਾਲੜੀ ਨੇ ਰਾਤੀ ਕਿਸੇ ਵੇਲੇ ਲੱਤਾਂ ਮਾਰ ਮਾਰ ਕੇ ਆਪਣੇ ਤੋਂ ਰਜ਼ਾਈ ਲਾਹ ਸੁੱਟੀ ਸੀ। ਤਿੱਨੇਂ ਗੁੱਛਾ ਹੋਕੇ ਸੌਂਦੇ ਸਨ, ਰਾਤੀ ਕਿਸੇ ਵੇਲੇ ਗਰਮੀ ਲੱਗੀ ਹੋਣੀ ਏ। ਹੁਣ ਠਰਦੀ ਪਈ ਸੀ। ਔਹਨੇ ਚੰਗੀ ਤਰਹਾਂ ਰਜ਼ਾਈ ਵਲ੍ਹੇਟ ਕੇ ਬਾਲੜੀ ਦਾ ਸ਼ੁਆਰਮਾ ਜਿਹਾ ਬਣਾਤਾ, ਤੇ ਸੁੱਤੀ ਕੁੜੀ ਦਾ ਮੱਥਾ ਚੁਮ ਕੇ ਗ਼ੁਸਲਖ਼ਾਨੇ ਵੜ ਗਿਆ।


ਕੀ? ਕੀ ਹੋਇਆ ਏ?  

ਪਾਪਾ ਮੇਰੀ ਗੁੱਡੀ। 

ਪੀੜ ਤੇ ਠੰਡ ਫ਼ੋਰ ਫ਼੍ਰੰਟ ਤੇ ਆ ਖਲੋਤੇ। ਬਿਨਾ ਵਜ੍ਹਾ ਈ ਮਸੂੜ੍ਹਾ ਜ਼ਖ਼ਮਾ ਲਿਆ। 


ਬਾਲੜੀ ਦੀ ਅੱਖ ਖੁਲੀ। ਰਜ਼ਾਈ ਵਿਚ ਨਿੱਘੀ ਪਈ ਸੀ। ਕੱਲੀ। ਇਤਵਾਰ ਛੱਡ ਕੇ ਰੋਜ਼ ਦੀ ਗਲ ਸੀ। ਕਰੋਨਾ ਕਰਕੇ ਸ੍ਕੂਲ ਜੋ ਬੰਦ ਸਨ। ਕਿੱਨੇ ਈ ਸਕਿੰਡ ਬੁਤ ਬਣੀ ਪਈ ਰਈ। ਨੀਂਦਰ ਪੂਰੀ ਖੁੱਲੀ ਨਈਂ ਸੀ, ਨਾ ਈ ਸੁਫ਼ਨਾ ਭੁਲਿਆ ਸੀ। ਅਜੇ ਨਿੱਕਾ ਜਿਹਾ ਦਮਾਗ਼ ਐਹ ਫ਼ੈਸਲਾ ਨਈਂ ਸੀ ਕਰ ਪਾ ਰਿਹਾ ਬਈ ਸੁਫ਼ਨਾ ਟੁੱਟਾ ਏ ਯਾਂ ਛੋਇਆ ਏ। ਸੁਫ਼ਨੇ ਦਾ ਜਗ ਫ਼ੇਡ ਆਊਟ ਹੋ ਗਿਆ ਤੇ ਪੁੱਠੀ ਮਾਰ ਕੇ ਸਪ ਵਾਂਗ ਸਿਰ ਚੁਕਿਆ। ਕੋਈ ਵੀ ਨਈਂ ਸੀ, ਗੁੱਡੀ ਵੀ ਨਈਂ। ਉਠ ਕੇ ਬਹਿ ਗਈ। ਚਾਰੇ ਪਾਸੇ ਨਜ਼ਰ ਮਾਰੀ। ਰਾਤੀ ਤੇ ਔਹਦੇ ਨਾਲ ਈ ਜੱਫੀ ਪਾਕੇ ਸੁਤੀ ਸੀ। ਔਹ ਤੇ ਜਾਂਦੀ ਵੀ ਕਿੱਥੇ ਨਈਂ, ਨਾ ਦਫ਼ਤਰ ਨਾ ਰਸੋਈ। 

ਗੁੱਡੀ! 

ਕੋਈ ਜਵਾਬ ਨਾ ਸਨੀਜਾ। 

ਮਾਮਾ! 

ਰਸੋਈ ਤੀਕਰ ਕਿੱਥੇ ਜਾਣੀ ਸੀ ਵਾਜ। ਰਸੋਈ ਵਲ ਟੁਰ ਪਈ।


ਮਾਮਾ, ਗੁੱਡੀ! 

ਓਏ, ਐਨੀ ਸਵੇਰੇ ਉਠ ਗਈ ਏਂ? ਜਾ ਮੇਰੀ ਰਾਣੀ, ਬਿਸਤ੍ਰੇ ਚ ਵੜ ਜਾ, ਠੰਡ ਲਗ ਜਾਊ। 

ਮਾਂ ਫ਼੍ਰਾਈ ਪੈਨ ਚ ਆਂਡਾ ਪਲਟਾ ਕੇ ਕਰਛੀ ਨਾਲ ਦੱਬਣ ਲੱਗੀ।

ਕੁੜੀ ਨੂੰ ਸੁਝਿਆ ਨਾ ਕੀ ਕਰੇ। ਬਿਸਤਰੇ ਇਚ ਗੁੱਡੀ ਤੇ ਹੇਗੀ ਈ ਨਈਂ ਸੀ, ਔਥੇ ਜਾ ਕੇ ਕੀ ਕਰਨਾ ਸੀ। ਖਲੋਤੀ ਰਈ।

ਜ਼ਰਾ ਕੂ ਝੁਕ ਕੇ ਚੁਲ੍ਹੇ ਦੀ ਅੱਗ ਤੇਜ਼ ਕਰਦੇ ਸੂ ਲਾ ਲਈ, ਅੰਬੀ ਜਈ ਔਥੇ ਈ ਜੱਮੀ ਸੀ। 

ਜਾ ਪੁੱਤਰ, ਪਾਪੇ ਨੂੰ ਭੇਜ ਕੇ ਹੁਣੇ ਨਾਸ਼ਤਾ ਦੇਨੀ ਆਂ। 

ਆਂਡਾ ਬ੍ਰਾਉਨ ਹੋ ਰਿਹਾ ਸੀ। ਮਾਂ ਨੇ ਫ਼ੇਰ ਝੁਕ ਕੇ ਅਗ ਨਿੱਮ੍ਹੀ ਕੀਤੀ ਤੇ ਟੋਸ੍ਟ ਫੜ ਕੇ ਟੋਸ੍ਟਰ ਵਲ ਮੁੜੀ।


ਆਪਣੀ ਦਾਦੀ ਦੀ ਗਲ ਮਾਂ ਨੇ ਪੱਲੇ ਬਨ੍ਹੀ ਹੋਈ ਸੀ ਬਈ ਬੰਦੇ ਦੇ ਜੀ ਦਾ ਰਾਹ ਔਹਦੇ ਢਿੱਡੋਂ ਲੰਘਦਾ ਏ। ਔਹਦੇ ਬੰਦੇ ਨੇਂ ਕਿੱਨੀ ਵਾਰੀ ਆਖਿਆ ਮਾਸੀ ਰਖ ਲੈ, ਖਾਣਾ ਭਾਂਵੇ ਨਾ ਪਕਵਾਈਂ, ਹੈਲਪ ਲਈ ਰਖ ਲੈ। ਭਾਂਡੇ ਮਾਂਝਣੇ, ਸਬਜ਼ੀ ਕਟਣੀ, ਆਟਾ ਗੁਣਨਾ, ਹੋਰ ਥੋੜੀਆਂ ਖੇਚਲਾਂ ਹੋਂਦੀਆਂ ਰਸੋਈ ਦੀਆਂ? ਰਖ ਵੀ ਲਈ ਸੀ ਇਕ। ਦੂਜੇ ਮਹੀਨੇ ਈ ਕਢ ਤੀ। ਖ਼ੌਂਦ ਘਰ ਹੋਂਦਾ ਤੇ ਮਟਕ ਮਟਕ ਕੇ ਟੁਰਦੀ, ਜਾਣ ਜਾਣ ਕੇ ਔਹਦੇ ਅੱਗੋਂ ਲੰਘਦੀ। ਪਤਾ ਨਈਂ ਕਰਦੀ ਸੀ ਯਾਂ ਔਹਨੂੰ ਜਾਪਦਾ ਈ ਸੀ, ਔਹਨੇ ਰਿਸ੍ਕ ਨਾ ਲਿਆ। ਕੋਈ ਮਸਲਾ ਨਈਂ ਸੀ ਕੰਮ ਦਾ। ਬੇਬੇ ਨੇ ਚੰਗਾ ਫੰਡ ਕੇ ਤਿਆਰ ਕੀਤੀ ਹੋਈ ਸੀ ਸੋਹਰੇ ਘਰ ਸਾਂਭਣ ਲਈ। 

ਕੋਈ ਵੱਡੀ ਉਮਰ ਦੀ ਲੱਭੀ ਫ਼ੇਰ ਰਖ ਲਵਾਂ ਗੀ।


ਐਹ ਟੋਸ੍ਟਰ ਔਦੋਂ ਈ ਲੈ ਕੇ ਦਿੱਤਾ ਸੀ ਖ਼ੌਂਦ ਨੇ। ਕਹਿਣ ਲੱਗਾ ਮਾਸੀ ਨਈਂ ਰਖਣੀ ਤੇ ਐਹ ਮਾਸੜ ਰਖ ਲੈ, ਕੁਝ ਤੇ ਕੰਮ ਹੌਲਾ ਹੋਏ ਤੇਰਾ। ਠੰਡ ਇਚ ਗੈਸ ਆਂਦੀ ਨਈਂ, ਇੱਕੋ ਚੁਲ੍ਹਾ ਬਲਦਾ ਏ, ਔਸੇ ਤੇ ਕਦੀ ਆਂਡਾ ਤਲਨੀ ਏਂ, ਕਦੀ ਚਾ ਬਣਾਨੀ ਏਂ, ਤੇ ਕਦੀ ਟੋਸ੍ਟ ਸੇਕਨੀ ਏਂ।

ਔਹ ਹਸ ਪਈ। ਕਿਓਂ ਬਿਨਾ ਕਾਰਨ ਈ ਪੈਹੇ ਰੋੜ੍ਹਦੇ ਪਏ ਓ। ਬੌਹਤਾ ਈ ਪਿਆਰ ਆਰਹਿਆ ਏ ਮੇਰੇ ਉੱਤੇ ਤੇ ਇਕ ਸੂਟ ਈ ਲੈ ਦਿਓ। ਟੋਸ੍ਟਰ ਐਨਾ ਬੇਕਾਰ ਵੀ ਨਈਂ ਸੀ। ਖ਼ਾਸ ਕਰ ਸਰਦੀਆਂ ਵਿਚ ਤੇ ਅਸਲੋਂ ਬੜੇ ਕਮ ਆਂਦਾ, ਜਦੋਂ ਚੁੱਲ੍ਹਾ ਇੱਕੋ ਬਲਦਾ।


ਟੋਸ੍ਟਰ ਵਲ ਮੁੜੀ ਤੇ ਵੇਖਿਆ ਕੁੜੀ ਅਜੇ ਤੀਕਰ ਔਥੇ ਈ ਸੀ।

ਇੱਕੋ ਚੁੱਲ੍ਹੇ ਤੇ ਨਾਸ਼ਤਾ ਬਣਾਣਾ, ਔਹ ਵੀ ਐਸਰਾਂ ਕਿ ਹੋਵੇ ਵੀ ਸ੍ਵਾਦੀ ਤੇ ਰੈਡੀ ਵੀ ਟੈਮ ਸਿਰ ਹੋਵੇ, ਸੌਖਾ ਕੰਮ ਤੇ ਨਈਂ। ਪੰਦਰਾਂ ਕੂ ਮਿੰਟ ਲਈ ਤੇ ਬੰਦਾ ਭੌਂਤਰ ਈ ਜਾਂਦਾ ਏ।


ਓਏ, ਤੂੰ ਗਈ ਨਈਂ? ਨੰਗੈ ਪੈਰੀ ਆ ਗਈਂ ਏਂ? ਜਾ ਬਿਸਤਰੇ ਵਿਚ!

ਅਜੇ ਪਿਛਲੇ ਮਹੀਨੇ ਈ ਠੰਡ ਲਵਾ ਬੈਠੀ ਸੀ। ਮਸਾਂ ਤੇ ਐਂਟੀ ਬਾਇਔਟਿਕ ਤੋਂ ਜਾਣ ਛੁੱਟੀ ਸੀ।

ਬਿਟਰ ਬਿਟਰ ਵੇਖਦੀ ਰਈ। ਖ਼ਵਰੇ ਮਾਂ ਕੀ ਬੋਲੀ ਜਾਂਦੀ ਸੀ? ਠੰਡ ਤੇ ਹੈ ਈ ਨਈਂ, ਲਗਣੀ ਕਿੱਥੇ ਏ। ਗੁੱਡੀ ਵੀ ਨਈਂ ਏ। ਕਲ ਪਾਪੇ ਨੇ ਦੱਸਿਆ ਸੀ ਸ੍ਟ੍ਰੇਂਜਰ ਲੋਕੀ ਭੈੜੇ ਲੋਕੀ ਹੋਂਦੇ ਨੇਂ, ਔਹ ਬਾਲਾਂ ਨੂੰ ਚੁਕ ਲਿਜਾਂਦੇ ਨੇਂ, ਫ਼ੇਰ ਔਹਨਾ ਦੇ ਹਥ ਪੈਰ ਵੱਢ ਕੇ ਭੀਕ ਮਂਗਾਂਦੇ ਨੇਂ। 


ਹਥ ਪੈਰ ਵੱਢਣ ਦੀ ਗਲ ਸੁਣ ਕੇ ਕਲ ਵੀ ਬਾਲੜੀ ਦਾ ਜੀ ਚਿਰ ਗਿਆ ਸੀ। ਹੁਣ ਵੀ ਐਹ ਗਲ ਚੇਤੇ ਆਂਦੇ ਈ ਔਹਨੂੰ ਮੂਤਰ ਆ ਗਿਆ। ਕਿਤੇ ਗੁੱਡੀ ਨੂੰ ਭੈੜੇ ਸ੍ਟ੍ਰੇਂਜਰ ਤੇ ਨਈਂ ਚੁਕ ਲੈ ਗਏ? ਔਹਦੇ ਹਥ ਪੈਰ ਵਡ ਦੇਣ ਗੇ…….। ਮੂਤਰ ਨੇ ਫ਼ੇਰ ਜ਼ੋਰ ਮਾਰਿਆ। 


ਖ਼ੌਂਦ ਦੇ ਦਿਲ ਨੂੰ ਜਾਂਦੇ ਰਾਹ ਦਾ ਰੋਜ਼ ਦਿਹਾੜੀ ਤਿਨ ਵਾਰੀ ਪੈਂਡਾ ਕਰਨਾ ਪੈਂਦਾ ਏ, ਔਹ ਵੀ ਫ਼ਿਕ੍ਸ ਟੈਮ ਤੇ। ਉੱਤੋਂ ਸਵੇਰੇ ਗੈਸ ਵੀ ਇੱਕੋ ਚੁੱਲ੍ਹੇ ਜੋਗੀ ਆਂਦੀ ਏ। ਤੇ ਹੁਣ ਐਹ ਬਿਸਤਰੇ ਚੋਂ ਨਿਕਲ ਕੇ ਨੰਗੇ ਪੈਰੀ ਆ ਖਲੋਤੀ ਏ। ਜੀ ਕਰਦਾ ਏ ਰਖ਼ ਕੇ ਰੈਬ੍ਟਾ ਲਾਵਾਂ।

ਗਲ ਵੀ ਨਈਂ ਸੁਣਦੀ। ਖ਼ਵਰੇ ਅਜ ਦੀ ਪੌਦ ਨੂੰ ਹੋ ਕੀ ਗਿਆ ਏ। ਅੱਸੀ ਤੇ ਮਾਂਪਿਆਂ ਅੱਗੇ ਚੂੰ ਵੀ ਨਈਂ ਸੀ ਕਰ ਸਕੀ ਦਾ। ਐੱਨਾ ਰੋਅਬ ਹੋਂਦਾ ਸੀ। ਜੇ ਕਦੀ ਕੋਈ ਅੱਖੜ ਅੜੀ ਕਰਦਾ ਵੀ ਤੇ ਚੰਡਾ ਖਾ ਕੇ ਆਪੇ ਈ ਸਿੱਧਾ ਹੋ ਜਾਂਦਾ। ਐਹ ਨਵੇਂ ਜ਼ਮਾਨੇ ਦਿਆਂ ਗੱਲਾਂ ਤੇ ਬਾਲਾਂ ਨੂੰ ਵਿਗਾੜਦੀਆਂ ਈ ਪੱਈਆਂ ਨੇ। ਐਸੇ ਲਈ ਤੇ ਗੋਰਿਆਂ ਦੇ ਬਾਲ ਬੁੱਢੇ ਮਾਂਪਿਆਂ ਨੂੰ ਓਲ੍ਡ ਹੋਮਾਂ ਇਚ ਸੁਟ ਜਾਂਦੇ ਨੇਂ। 

ਸਮਝਦੀ ਈ ਨਈਂ ਝੱਲੀ ਜਿਹੀ। ਠੰਡ ਲਗ ਜਾਊ ਤੇ ਬਿਮਾਰ ਪੈ ਜਾਣੀ ਏ। ਪਹਿਲਾਂ ਈ ਖਾਂਦੀ ਪੀਂਦੀ ਕਖ ਨਈਂ। ਸੁਕਦੀ ਜਾਂਦੀ ਏ। ਪਹਿਲਾਂ ਵੀ ਠੰਡ ਲਗ ਗਈ ਸੀ ਤੇ ਕਿੱਨਾ ਸਿਆਪਾ ਪਿਆ ਸੀ। ਮਸਾਂ ਜਾਨ ਬਚੀ ਸੀ। 

ਖੜਕ ਕਰ ਕੇ ਟੋਸ੍ਟਾਂ ਨੇ ਉਤਾਂ ਨੂੰ ਛਾਲ ਲਾ ਕੇ ਬਾਹਰ ਝਾਤੀ ਪਾਈ ਤੇ ਮਾਂ ਫ਼ੇਰ ਟੋਸ੍ਟਰ ਵਲ ਮੁੜੀ। ਬਾਲੜੀ ਔਥੇ ਈ ਖਲੋਤੀ ਸੀ। ਹੁਣ ਮਾਂ ਦੀ ਬਸ ਹੋ ਗਈ।

ਚਲੀ ਜਾ ਐਥੋਂ ਨਈਂ ਤਾਂ ਲੱਤਾਂ ਤੋੜ ਦਊ!!


ਬਾਲੜੀ ਦੀ ਸੇਹਤ ਦਾ ਫ਼ਿਕਰ, ਐਹਦੀ ਨਾਫ਼ਰਮਾਨੀ ਦੀ ਫ਼ਰਸਟ੍ਰੇਸ਼ਨ, ਤੇ ਖ਼ੌਂਦ ਦੇ ਨਾਸ਼ਤੇ ਦੀ ਕਾਹਲੀ ਨੇ ਮਾਂ ਦੀ ਝਾੜ ਵਿਚ ਐੱਨਾ ਕੂ ਜ਼ੋਰ ਪਾ ਤਾ ਸੀ ਕਿ ਬਾਲੜੀ ਦੀ ਹੋਂਦ ਈ ਖੜਕ ਗਈ। ਮੂਤਰ ਵਗ ਗਿਆ। ਹੋਰ ਡਰ ਗਈ। ਮਾਂ ਨੇ ਦੱਸਿਆ ਸੀ ਜਿਹੜੇ ਬਾਲ ਲੀੜੇਆਂ ਵਿਚ ਮੂਤਰ ਕਰਦੇ ਨੇਂ ਔਹਨਾਂ ਦੀ ਮੂਤਰ ਥਾਂ ਸੜ ਜਾਂਦੀ ਏ ਤੇ ਬੌਹਤ ਪੀੜ ਹੋਂਦੀ ਏ। ਕੁਝ ਕਤਰੇ ਈ ਵਗੇ ਸਨ ਤੇ ਔਹਨੇ ਮਾਂ ਦੇ ਡਰ ਭਾਰੋਂ ਡਕ ਲਿਆ। ਮੂਤਰ ਥਾਂ ਤੇ ਜ਼ੋਰ ਦੀ ਪੀੜ ਉੱਠੀ। ਮਾਂ ਸੱਚੀ ਸੀ, ਹੁਣ ਔਹਦੀ ਮੂਤਰ ਥਾਂ ਸੜ ਜਾਊ ਤੇ ਪੀੜ ਹੋਊ। ਔਹ ਹੋਰ ਡਰ ਗਈ। ਜੀ ਕੀਤਾ ਚੀਕਾਂ ਮਾਰਦੀ ਮਾਂ ਦੀ ਗੋਦੀ ਇਚ ਜਾ ਲੁਕੇ। ਮਾਂ ਦੇ ਡਰ ਭਾਰੋਂ ਐਹ ਵੀ ਨਈਂ ਸੀ ਹੋ ਸਕਦਾ। ਹੋਂਦ ਢੈ ਪਈ।


ਭੂੰ ਭੂੰ ਰੋਂਦੀ ਕਮਰੇ ਨੂੰ ਮੁੜ ਆਈ।


ਰਾਹ ਚ ਪ੍ਲਾਸਟਿਕ ਦੀ ਹਰੀ ਗੇਂਦ ਦਿੱਸੀ। ਰੋਂਣਾ ਡੁਲ ਕੇ ਗੇਂਦ ਫੜੀ, ਹਸ ਪਈ। ਮੂਤਰ ਵੀ ਮੁੜ ਗਿਆ ਹੋਇਆ ਸੀ। ਕਮਰੇ ਅਪੜ ਕੇ ਬਿਸਤਰਾ ਵੇਖਿਆ ਤੇ ਫ਼ੇਰ ਗੁੱਡੀ ਚੇਤੇ ਆਗਈ। ਮਾਂ ਦੀ ਚੀਕ ਬਰਫ਼ ਦੀ ਸੀਖ਼ ਵਾਂਗ ਔਹਦੇ ਗੇਂਦੇ ਦੇ ਫੁਲ ਜਏ ਦਮਾਗ਼ ਵਿਚ ਅਜੇ ਵੀ ਪਰੋਈ ਸੀ। ਸੈੱਲ ਆਲੇ ਬਾਂਦਰ ਵਾਂਗ ਬਿਸਤਰੇ ਤੇ ਚੜ੍ਹਦੇ ਪਾਣੀ ਦੀ ਵਾਜ ਕੱਨੀ ਪਈ। ਵੌਸ਼ ਰੂਮ। ਪਾਪਾ ਈ ਹੋਊ। ਗੁੱਡੀ ਫ਼ੇਰ ਸਿਰੇ ਚੜ੍ਹ ਗਈ। ਬੂਹੇ ਨਾਲ ਸਿਰ ਟਿਕਾਕੇ ਪਿਓ ਨਾਲ ਬਾਤ ਪਾਣ ਲਗ ਪਈ।

ਪਾਪਾ! ਮੇਰੀ ਗੁੱਡੀ। ਪਾਪਾ ਗੁੱਡੀ ਕਿੱਥੇ? ਬਿਸਰੇ ਚ ਨਈਂ।

ਬਿਸਤਰੇ ਦੇ ਨਾਂ ਤੋਂ ਫ਼ੇਰ ਮਾਂ ਦੀ ਯਖ਼ ਠੰਡੀ ਚੀਕ ਦਮਾਗ਼ ਚ ਭਖ਼ ਪਈ। ਚੁਪ ਕਰਗਈ। ਕੀ ਕਰੇ? ਅੰਦਰ ਪਾਣੀ ਢੁਲਿਆ। 

ਪਾਪਾ। ਗੁੱਡੀ। ਮਾਮਾ ਚੀਕੀ। 

ਪਾਪਾ ਜ਼ਰੂਰ ਲੱਭੂ। ਲਬ ਜੂ ਪਾਪਾ ਕਹਿੰਦੇ ਈ ਪਾਪਾ ਝੱਲਾ ਹੋਕੇ ਚੁਮਣ ਲਗ ਪੈਂਦਾ ਸੀ। 

ਪਾਪਾ ਪਾਪਾ, ਲਬ ਜੂ। 

ਪਾਪਾ ਸਟੇਂਜਰ ਗੁੱਡੀ ਫੜ ਲਊ। ਹਥ ਪੈਰ ਕਟ ਦਊ। ਪਾਪਾ ਗੁੱਡੀ।


ਪਾਣੀ ਚੱਲੀ ਜਾਂਦਾ ਸੀ। ਭੈੜਾ। ਸਿਰ ਬੂਹੇ ਨਾਲ ਟਿਕਾਏ ਈ ਬਿਸਤਰੇ ਵਲ ਵੇਖ਼ਦੇ ਬੂਹੇ ਨੂੰ ਦੋ ਠੁੱਡੇ ਲਾਏ। ਅੰਦਰੋਂ ਪਿਓ ਦੀ ਗ਼ੂੰ ਗ਼ਾਂ ਸੁਨੇਜੀ। 

ਪਾਪਾ ਗੁੱਡੀ। ਮਾਮਾ ਐੱਗ ਪਕਾਇਆ। 

ਗੇਂਦ ਸੁਟ ਕੇ ਦੀਵਾਨੀ, ਲੱਗੀ ਬੂਹੇ ਤੇ ਧੱਪੇ ਮਾਰਨ। ਅੰਦਰੋਂ ਫ਼ੇਰ ਪਿਓ ਦੀਆਂ ਬੇਬਸ ਜਈਆਂ ਭਝੀਆਂ ਭਝੀਆਂ ਵਾਜਾਂ ਆਈਆਂ।

ਪਾਪਾ ਲਬ ਜੂ ਪਾਪਾ। ਗੁੱਡੀ ਪਾਪਾ!

ਔਹਨੂੰ ਹੁਣ ਆਸ ਲਗ ਗਈ ਸੀ, ਜ਼ੋਰ ਜ਼ੋਰ ਦੇ ਧੱਪੇ ਮਾਰਨ ਲਗ ਪਈ।


ਨਾਕਰ ਗੁੱਡੀ!!! ਮਾਂ ਕੋਲ ਜਾ!

ਮਾਂ ਦੀ ਚੀਕ ਵੀ ਤੇਜ਼ ਸੀ, ਪਰ ਪਿਓ ਦੀ ਧਾੜ ਹੜ ਦੇ ਵੈਹਸ਼ੀ ਰੇਲੇ ਵਾਂਗ ਵੱਜੀ। ਬਾਲੜੀ ਦੀ ਹੋਂਦ ਰੇਤਲੀ ਮਿੱਟੀ ਵੰਗਰ ਖਿਲਰ ਗਈ। ਵਾਜ ਹਿਕ ਚ ਪੱਥਰ ਬਣ ਡੁਬ ਗਈ। ਭੁਲ ਗਈ ਔਥੇ ਕਿਓਂ ਖਲੋਤੀ ਸੀ। ਭੁਲੇਖੇ ਵਿਚ ਵੀ ਹਥ ਪੈਰ ਸਿਆਣੇ ਰਏ। ਨਾ ਧੱਪਾ, ਨਾ ਠੁੱਡਾ। ਕੀ ਮੂਸਾ ਨੇ ਤਜੱਲੀ ਜਰੀ ਹੋਣੀ ਏ, ਤੂਰ ਤੇ, ਜੋ ਬਾਲੜੀ ਉੱਤੇ ਬੀਤ ਗਈ। ਜ਼ਰਾ ਕੂ ਧਾੜ ਦੀ ਧੁੰਦ ਛੱਟੀ ਤੇ ਮਾਂ ਦੀ ਚੀਕ ਫ਼ੇਰ ਭਖ਼ ਪਈ। ਬਿਸਤਰੇ ਵਲ ਟੁਰ ਪਈ। ਚੂਹੇ ਵਾਂਗ ਰਜ਼ਾਈ ਚ ਵੜਦੇ ਗੁੱਡੀ ਹਥ ਲਗ ਗਈ। ਸਿੱਧੀ ਪਤਰੀ ਹੋਕੇ ਔਹਦੇ ਨਾਲ ਗੱਲਾਂ ਕਰਨ ਲਗ ਪਈ। ਹੌਲੀ ਹੌਲੀ ਇਕਲਾਪੇ ਤੇ ਝਾਣਾ ਦੀਆਂ ਗੱਲਾਂ ਮੁਕਦੀਆਂ ਗਈਆਂ ਤੇ ਆਂਡੇ ਤੇ ਹਰੀ ਗੇਂਦ ਦੀਆਂ ਗੱਲਾਂ ਛੋ ਪਈਆਂ।

ਗੁਡ ਮੌਰਨਿੰਗ ਬੇਬੀ।

ਮਾਂ ਹਥ ਇਚ ਨਾਸ਼ਤਾ ਫੜੀ ਮੁਸਕਾਂਦੀ ਬੂਹਾ ਲੰਘੀ ਤੇ ਬਾਲੜੀ ਥਿੜਕ ਗਈ। ਇਕ ਪਲ ਲਈ ਮੱਥੇ ਉੱਤੇ ਤੀਊੜੀ ਪਈ, ਫ਼ੇਰ ਗੁੱਡੀ ਸੁਟ ਕੇ ਖਲੋ ਗਈ। ਬਾਲੜੀ ਨੂੰ ਭੁਕ ਲੱਗੀ ਸੀ। ਭੁਕ ਦੇ ਸ਼ੈਤਾਨ ਨੂੰ ਮਾਂਪੇ ਈ ਢਾ ਸਕਦੇ ਸਣ। ਬਾਹਵਾਂ ਉਡਦੇ ਪੰਛੀ ਵਾਂਗ ਖਲਾਰਤੀਆਂ। ਮਾਂ ਨੇ ਅੱਗੇ ਵੱਧ ਕੇ ਜੱਫੀ ਪਾ ਲਈ। ਪ੍ਲਾਸਟਿਕ ਦੇ ਹਰੇ ਗੇਂਦ ਤੋਂ ਵੀ ਨਿੱਕੇ ਕੋਮਲ ਦਿਲ ਉੱਤੇ ਦੋ ਨਵੇਂ ਕਾਲੇ ਧੱਬੇ ਉਸਰ ਆਏ ਸਣ, ਬ੍ਲੈਕ ਬੌਕ੍ਸ। ਐਹਨਾਂ ਵਿਚ ਦੋ ਨਵੇਂ ਖ਼ੌਫ਼ ਬੰਦ ਸਣ। ਬਾਲੜੀ ਦੀ ਦੇਵੀ ਤੇ ਦੇਵ੍ਤਾ ਦੇ ਕ਼ਹਿਰ ਦੇ ਖ਼ੌਫ਼। ਬੀਬੀ ਬਾਲੜੀ ਬਨ ਕੇ ਮੂੰਹ ਚ ਬੁਰਕੀਆਂ ਪੁਾਂਦੀ ਬਿਟਰ ਬਿਟਰ ਮਾਂ ਵਲ ਵੇਖੀ ਜਾਏ, ਕਿੱਥੇ ਕੋਈ ਗ਼ਲਤੀ ਹੋ ਗਈ ਤੇ ਮਾਂ ਫ਼ੇਰ ਚੀਕੇ ਗੀ। 

ਮੇਰੀ ਸੋਹਣੀ ਸ਼ਹਿਜ਼ਾਦੀ ਕਿੱਨੀ ਸਮਝਦਾਰ ਏ।

ਬੁਰਕੀਆਂ ਖੁਆਂਦੇ ਮਾਂ ਸਦਕੇ ਵਾਰੀ ਜਾਏ।


No comments:

Post a Comment