ਸ਼ਾਹਕਾਰ
ਲੇਖਕ
ਮਖ਼ਦੂਮ ਟੀਪੂ ਸਲਮਾਨ
ਦੋ ਉੰਗਲਾਂ ਵਿਚ ਸਿਗਰਟ ਦਾ ਐਂਗਲ ਦਾਗ਼ੀ ਗਈ ਤੋਪ ਦਾ ਸੀ। ਗੋਲਾ ਥੁੱਕਣ ਪਿੱਛੋਂ ਜਿਵੇਂ ਗਾਲ੍ਹਾਂ ਦਾ ਧੂਆਂ ਈ ਰਹਿ ਜਾਂਦਾ ਏ, ਸਿਗਰਟ ਦੇ ਮੂਹੋਂ ਪੁੰਗਰ ਪੁੰਗਰ ਕੇ ਮੌਲਾਨਾ ਰੂਮੀ ਦੇ ਚਿੱਟੇ ਦਰਵੇਸ਼ਾਂ ਵਾੰਗ ਗੇੜੇ ਲਾਂਦਾ ਨਚਦਾ ਪਿਆ ਸੀ। ਕਲ੍ਹ ਦਾ ਕੰਮ ਛੋਹਣ ਤੋਂ ਪਹਿਲਾਂ ਵਕੀਲ ਸਾਬ ਸਾਰੇ ਦਿਨ ਦੀ ਖੱਜਲ ਖਾਰੀ ਅਨਵਾਈੰਡ ਪਏ ਕਰਦੇ ਸਨ। ਜਿਸਰਾਂ ਅਦਾਲਤਾਂ ਦੀ ਸਾਰੀ ਕਿਲ ਕਿਲ ਤੇ ਕਨੂਨੀ ਲੜਾਈਆਂ ਦਮਾਗ਼ ਤੋਂ ਰਤ ਵਿਚ ਵਗ ਰਿਹੀਆਂ ਹੋਣ, ਉੱਥੋਂ ਫਿਫੜੇਆਂ ਵਿਚ, ਜਿੱਥੋਂ ਸਿਗਰਟ ਦੇ ਧੂੰਏਂ ਨਾਲ ਓਹ ਇਹ ਸਾਰੀਆਂ ਟੌਕਜ਼ਿਕ ਸੋਚਾਂ ਬਾਹਰ ਨੂੰ ਪਏ ਫੂਕਦੇ ਹੋਣ। ਕੇਸਾਂ ਦਿਆਂ ਫ਼ਾਈਲਾਂ ਦਾ ਢੇਰ ਮੁਨਸ਼ੀ ਮੇਜ਼ ਤੇ ਲਾਹ ਗਿਆ ਸੀ। ਬਹੁਤੇ ਪਾਟੇ ਪੁਰਾਣੇ, ਹੰਡੇ ਹੋਏ, ਤੇ ਕੁਝ ਨਵੇਂ ਲਫ਼ਾਫ਼ੇ। ਚਾਲ੍ਹੀ ਵਰ੍ਹਿਆਂ ਦੀ ਰੁਟੀਨ ਸੀ, ਕੋਈ ਸਿਆਪਾ ਨਹੀਂ ਸੀ। ਕੇਸ ਸਾਰੇ ਤਿਆਰ ਸਨ, ਬਸ ਇਕ ਨਜ਼ਰ ਮਾਰਨੀ ਸੀ, ਚੇਤਾ ਰਿਫ਼ਰੈੱਸ਼ ਕਰਨ ਲਈ। ਦੂਜਾ ਸਿਗਰਟ ਬਾਲ੍ਹ ਕੇ ਫ਼ਾਈਲਾਂ ਖੋਲ ਲਈਆਂ। ਸੂਟੇ ਤੇ ਸੂਟਾ ਮਾਰਦੇ ਪੱਨੇ ਪਲਟੀ ਜਾਂਦੇ ਤੇ ਇਕ ਇਕ ਕਰਕੇ ਫ਼ਾਈਲਾਂ ਪਰਾਂ ਮਾਰੀ ਜਾਂਦੇ।